ਸ਼ਿਵਸੈਨਾ ਨੇ 9 ਸੀਟਾਂ 'ਤੇ ਉਮੀਦਵਾਰਾਂ ਦੇ ਨਾਂ ਐਲਾਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਦੀ ਚੌਕੀਦਾਰ ਮੁਹਿੰਮ 'ਤੇ ਵੀ ਕਸਿਆ ਤੰਜ

Pic-1

ਚੰਡੀਗੜ੍ਹ : ਸ਼ਿਵਸੈਨਾ ਹਿੰਦੁਸਤਾਨ ਦੇਸ਼ ਭਰ 'ਚ 50 ਸੀਟਾਂ 'ਤੇ ਲੋਕ ਸਭਾ ਚੋਣ ਲੜੇਗੀ। ਇਸ ਤਹਿਤ ਸ਼ਿਵਸੈਨਾ ਪੰਜਾਬ ਦੀਆਂ 13, ਚੰਡੀਗੜ੍ਹ ਦੀ 1, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਸਮੇਤ ਬਾਕੀ ਸੂਬਿਆਂ 'ਚ ਕੁਝ ਸੀਟਾਂ 'ਤੇ ਚੋਣ ਲੜੇਗੀ। ਪਾਰਟੀ ਵੱਲੋਂ ਅੱਜ ਪੰਜਾਬ ਦੀਆਂ 13 'ਚੋਂ 6 ਸੀਟਾਂ ਅਤੇ ਚੰਡੀਗੜ੍ਹ ਦੀ 1 ਸੀਟ 'ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ।

ਸ਼ਿਵਸੈਨਾ ਵੱਲੋਂ ਜਾਰੀ ਸੂਚੀ ਮੁਤਾਬਕ ਚੰਡੀਗੜ੍ਹ ਤੋਂ ਜਗਦੀਸ਼ ਧੀਮਾਨ, ਪਟਿਆਲਾ ਤੋਂ ਸ਼ਮਾਕਾਂਤ ਪਾਂਡੇ, ਸੰਗਰੂਰ ਤੋਂ ਰਾਜਵੀਰ ਕੌਰ ਵਰਮਾ, ਲੁਧਿਆਣਾ ਤੋਂ ਦੇਵੇਂਦਰ ਭਗਾਰੀਆ, ਬਠਿੰਡਾ ਤੋਂ ਸੁਖਚੈਨ ਸਿੰਘ ਭਾਰਗਵ, ਫ਼ਰੀਦਕੋਟ ਤੋਂ ਸੁਖਦੇਵ ਸਿੰਘ ਭੱਟੀ, ਖਡੂਰ ਸਾਹਿਬ ਤੋਂ ਸੰਤੋਖ ਸਿੰਘ ਸੁੱਖ, ਆਨੰਦਪੁਰ ਸਾਹਿਬ ਤੋਂ ਅਸ਼ਵਨੀ ਚੌਧਰੀ ਅਤੇ ਕਰਨਾਲ (ਹਰਿਆਣਾ) ਤੋਂ ਮੰਜੂ ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਇਸ ਮੌਕੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਪਵਨ ਗੁਪਤਾ, ਚੰਡੀਗੜ੍ਹ ਦੇ ਮੁਖੀ ਅਜੈ ਚੌਹਾਨ, ਪੰਜਾਬ ਪ੍ਰਧਨ ਕ੍ਰਿਸ਼ਣ ਸ਼ਰਮਾ ਆਦਿ ਨੇ ਦੱਸਿਆ ਕਿ ਪਾਰਟੀ ਦੇ ਮੁੱਖ ਚੋਣ ਏਜੰਡਿਆਂ 'ਚ ਕਿਸਾਨਾਂ ਦੇ ਕਰਜ਼ੇ ਮਾਫ਼ੀ, ਸਿੱਖਿਆ ਦੇ ਪੱਧਰ 'ਚ ਸੁਧਾਰ, ਜੰਮੂ-ਕਸ਼ਮੀਰ 'ਚ ਧਾਰਾ 370 ਅਤੇ 35 ਏ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ 'ਤੇ ਦਬਾਅ ਪਾਉਣਾ, ਗਊ ਹੱਤਿਆ 'ਤੇ ਪੂਰਨ ਪਾਬੰਦੀ, ਪੰਜਾਬ ਦੇ 3500 ਅਤਿਵਾਦ ਪੀੜਤ ਹਿੰਦੂਆਂ ਨੂੰ 781 ਕਰੋੜ ਰੁਪਏ ਦਾ ਪੈਕੇਜ ਜਾਰੀ ਕਰਵਾਉਣ, ਅਯੁਧਿਆ 'ਚ ਰਾਮ ਮੰਦਰ ਦਾ ਨਿਰਮਾਣ, ਅਖਿਲ ਭਾਰਤੀ ਹਿੰਦੂ ਮੰਦਰ ਪ੍ਰਬੰਧਕ ਐਕਟ ਦਾ ਨਿਰਮਾਣ ਕਰਨਾ ਆਦਿ ਸ਼ਾਮਲ ਹਨ।

ਪਾਰਟੀ ਆਗੂਆਂ ਨੇ ਮੋਦੀ ਦੀ 'ਮੈਂ ਵੀ ਚੌਕੀਦਾਰ' ਮੁਹਿੰਮ 'ਤੇ ਤੰਜ ਕਸਦਿਆਂ ਕਿਹਾ ਕਿ ਮੋਦੀ ਨੂੰ ਆਪਣੇ ਨਾਂ ਅੱਗੇ ਚੌਕੀਦਾਰ ਲਿਖਣ ਦੀ ਨਹੀਂ, ਸਗੋਂ ਕੰਮ ਕਰਨ ਦੀ ਲੋੜ ਹੈ। ਪਹਿਲਾਂ ਵੀ ਦੇਸ਼ ਦੇ ਜਿੰਨੇ ਪ੍ਰਧਾਨ ਮੰਤਰੀ ਰਹੇ ਉਨ੍ਹਾਂ ਨੇ ਕਦੇ ਆਪਣੇ ਨਾਂ ਅੱਗੇ ਚੌਕੀਦਾਰ ਨਹੀਂ ਲਗਵਾਇਆ। ਚੌਕੀਦਾਰ ਸ਼ਬਦ ਨਾਂ ਅੱਗੇ ਲਗਵਾਉਣ ਨਾਲ ਹੀ ਦੇਸ਼ ਦੀ ਰੱਖਿਆ ਨਹੀਂ ਹੋ ਸਕਦੀ ਸਗੋਂ ਕੰਮ ਕਰਨੇ ਪੈਂਦੇ ਹਨ।