ਪੰਜਾਬੀ ਦੇ ਹੱਕ 'ਚ ਫੋਕੇ ਬਿਆਨ ਦੇਣ ਵਾਲੇ ਹਰਿਆਣਾ ਦੇ ਪਿੰਡਾਂ ਤੋਂ ਲੈਣ ਸਬਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨ ਪਿੰਡਾਂ ਨੇ ਸਾਰੇ ਬੋਰਡ ਪੰਜਾਬੀ 'ਚ ਲਾਏ

Punjabi Board

ਸਿਰਸਾ : ਵਿਦਵਾਨਾਂ ਦਾ ਕਥਨ ਹੈ ਕਿ ਜੋ ਕੌਮਾਂ ਅਪਣੀ ਭਾਸ਼ਾ ਤੇ ਸਭਿਆਚਾਰ ਵਿਸਾਰ ਦਿੰਦੀਆਂ ਹਨ ਉਨ੍ਹਾਂ ਕੌਮਾਂ ਦਾ ਨਾਮ ਹੌਲੀ ਹੌਲੀ ਇਤਹਾਸ ਵਿਚੋਂ ਅਲੋਪ ਹੋ ਜਾਂਦਾ ਹੈ ਪਰ ਸਿਰਸਾ ਖੇਤਰ ਦੇ ਬਹੁਤ ਸਾਰੇ ਸੂਝਵਾਨ ਇਨਸਾਨਾਂ ਨੇ ਅਪਣੀ ਮਾਤ ਭਾਸ਼ਾ ਪੰਜਾਬੀ ਨੂੰ ਉਤਸ਼ਾਹਤ ਕਰਨ ਲਈ ਅਪਣੇ ਹਲਕੇ ਦੇ ਮੁੱਖ ਥਾਵਾਂ 'ਤੇ ਪੰਜਾਬੀ ਵਿਚ ਬੋਰਡ ਅਤੇ ਤਖ਼ਤੀਆਂ ਲਾ ਕੇ ਅਪਣੀ ਭਾਸ਼ਾ ਦੀ ਉਤਮਤਾ ਦਰਸਾਉਣ ਦਾ ਸਾਰਥਕ ਉਪਰਾਲਾ ਜਾਰੀ ਰਖਿਆ ਹੈ। 

ਇਸੇ ਤਰ੍ਹਾਂ ਪਿੰਡ ਕੁਰੰਗਾਂਵਾਲੀ ਦੀ ਸਮੁਚੀ ਪੰਚਾਇਤ ਅਤੇ ਪਿੰਡ ਦੇ ਸਰਪੰਚ ਜਸਪਾਲ ਸਿੰਘ ਨੇ ਪਿੰਡ ਦੇ ਬੱਸ ਅੱਡੇ ਤੋਂ ਲੈ ਕੇ ਪਿੰਡ ਦੇ ਅੰਤਮ ਰਾਹ ਤਕ ਹਿੰਦੀ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿਚ ਦਿਸ਼ਾ ਨਿਰਦੇਸ਼ ਬੋਰਡ ਵੀ ਲਗਵਾਏ ਹਨ।  ਪਿੰਡ ਦੇ ਸਕੂਲ ਦੇ ਅੰਦਰ ਬਾਹਰ ਪੰਜਾਬੀ 'ਚ ਲਿਖੇ ਸਲੋਗਨ ਵੀ ਸਕੂਲ ਸਟਾਫ਼ ਦੇ ਸਹਿਯੋਗ ਨਾਲ ਲਿਖਵਾਏ ਗਏ ਹਨ। ਇਸੇ ਤਰ੍ਹਾਂ ਪਿੰਡ ਤਿਲੋਕੇਵਾਲਾ ਦੇ ਸਰਪੰਚ ਸਤਿੰਦਰ ਸਿੰਘ ਸੋਨੀ ਦਾ ਕਹਿਣਾ ਹੈ ਕਿ ਉਨ੍ਹਾਂ ਪਿੰਡ ਵਿਚ ਜਿਥੇ ਜਿਥੇ ਵੀ ਸਲੋਗਨ ਉਕਰਵਾਏ ਹਨ,  ਉਥੇ ਹਿੰਦੀ ਦੇ ਨਾਲ ਪੰਜਾਬੀ ਨੂੰ ਵੀ ਮਾਨਤਾ ਦਿਤੀ ਹੈ।

ਪਿੰਡ ਤਖਤਮੱਲ ਦੇ ਸ਼ਹੀਦ ਊਧਮ ਸਿੰਘ ਯੁਵਾ ਕਲੱਬ ਦੇ ਮੈਬਰਾਂ ਨੇ ਵੀ ਅਪਣੇ ਪਿੰਡ ਦੇ ਸਰਕਾਰੀ ਸਕੂਲ ਸਮੇਤ ਸਾਰੇ ਸਰਕਾਰੀ ਅਦਾਰਿਆਂ 'ਤੇ ਪੰਜਾਬੀ 'ਚ ਲਿਖੇ ਬੋਰਡ ਲਾਏ ਹੋਏ ਹਨ। ਹੈਰਾਨੀ ਦੀ ਗੱਲ ਹੈ ਕਿ ਅਜਿਹਾ ਉਪਰਾਲਾ ਪੰਜਾਬ 'ਚ ਵਸਣ ਵਾਲੇ ਲੋਕ ਵੀ ਨਹੀਂ ਕਰਦੇ ਤੇ ਆਪੇ ਬਣੇ ਆਗੂ ਪੰਜਾਬੀ ਦੇ ਹੱਕ 'ਚ ਕੇਵਲ ਬਿਆਨ ਦਾਗ਼ ਕੇ ਡੰਗ ਸਾਰ ਲੈਂਦੇ ਹਨ। ਪੰਜਾਬੀ ਭਾਸ਼ਾ ਦੇ ਪੁੱਤਰਾਂ ਨੂੰ ਇਨ੍ਹਾਂ ਪਿੰਡਾਂ ਤੋਂ ਕੁੱਝ ਸਬਕ ਲੈਣਾ ਚਾਹੀਦਾ ਹੈ।