ਪੰਜਾਬ ਦੀ ਧੀ ਨੂੰ ਮਿਲੀ ਜਨਰਲ ਬਿਪਿਨ ਰਾਵਤ ਟਰਾਫੀ, ਐਲਾਨੀ ਗਈ ਸਰਬੋਤਮ ਮਹਿਲਾ ਅਗਨੀਵੀਰ
ਪਠਾਨਕੋਟ ਦੀ ਰਹਿਣ ਵਾਲੀ ਹੈ ਖੁਸ਼ੀ ਪਠਾਨੀਆ
ਪਠਾਨਕੋਟ: ਜ਼ਿਲ੍ਹੇ ਦੇ ਪਿੰਡ ਤਰੇਟੀ ਦੀ 19 ਸਾਲਾ ਖੁਸ਼ੀ ਪਠਾਨੀਆ ਨੂੰ ਪਹਿਲੀ ਪਾਸਿੰਗ ਆਊਟ ਪਰੇਡ ਦੌਰਾਨ ਸਰਬੋਤਮ ਮਹਿਲਾ ਅਗਨੀਵੀਰ ਐਲਾਨੇ ਜਾਣ ’ਤੇ ਜਨਰਲ ਬਿਪਿਨ ਰਾਵਤ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਖੁਸ਼ੀ ਪਠਾਨੀਆ ਕਰੀਬ 4 ਮਹੀਨੇ ਪਹਿਲਾਂ ਭਾਰਤੀ ਜਲ ਸੈਨਾ ਵਿਚ ਐਸਐਸਆਰ ਵਜੋਂ ਚੁਣੀ ਗਈ ਸੀ।
ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ ਤੇ ਦੋ ਗੰਭੀਰ ਜ਼ਖ਼ਮੀ
ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਖੁਸ਼ੀ ਨੇ ਵੈਸ਼ਨਵੀ ਸਕੂਲ ਤੋਂ ਪੰਜਵੀਂ ਤੱਕ ਅਤੇ ਆਕਲੈਂਡ ਪਬਲਿਕ ਸਕੂਲ ਸ਼ਾਹਪੁਰਕੰਡੀ ਤੋਂ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੈ। ਉਸ ਤੋਂ ਬਾਅਦ ਬੀਐਸਸੀ ਨਾਨ ਮੈਡੀਕਲ ਦੂਜੇ ਸਾਲ ਵਿਚ ਪੜ੍ਹ ਰਹੀ ਸੀ, ਇਸ ਦੌਰਾਨ ਉਸ ਦੀ ਭਾਰਤੀ ਜਲ ਸੈਨਾ ਵਿਚ ਚੋਣ ਹੋਈ। ਇਕ ਸਾਧਾਰਨ ਪਰਿਵਾਰ ਵਿਚ ਜਨਮੀ ਖੁਸ਼ੀ ਪਠਾਨੀਆ ਬਚਪਨ ਤੋਂ ਹੀ ਬਹੁਤ ਹੋਣਹਾਰ ਵਿਦਿਆਰਥਣ ਹੈ।
ਇਹ ਵੀ ਪੜ੍ਹੋ: ਨਸ਼ਾ ਤਸਕਰ ਤੋਂ ਰਿਸ਼ਵਤ ਲੈਣ ਵਾਲਾ ASI ਡੋਪ ਟੈਸਟ ’ਚ ਫੇਲ੍ਹ, ਆਮਦਨ ਤੋਂ ਵੱਧ ਜਾਇਦਾਦ ਦੀ ਰਿਪੋਰਟ ਵੀ ਤਿਆਰ
ਖੁਸ਼ੀ ਦੇ ਦਾਦਾ ਸੁਭਾਸ਼ ਪਠਾਨੀਆ ਨੇ ਇਸ ਦਾ ਸਿਹਰਾ ਖੁਸ਼ੀ ਦੇ ਪਿਤਾ ਸੰਤੋਖ ਸਿੰਘ ਪਠਾਨੀਆ ਅਤੇ ਮਾਂ ਸ਼ਾਰਦਾ ਦੇਵੀ ਨੂੰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਖੁਸ਼ੀ ਪਠਾਨੀਆ ਨੇ ਆਪਣੇ ਪਰਿਵਾਰ ਸਮੇਤ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਖੁਸ਼ੀ ਪਠਾਨੀਆ ਦੇ ਨੇਵੀ ਵਿਚ ਚੁਣੇ ਜਾਣ ਤੋਂ ਬਾਅਦ ਪਰਿਵਾਰ ਵਿਚ ਜਸ਼ਨ ਦਾ ਮਾਹੌਲ ਹੈ। ਖੁਸ਼ੀ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦੇਣ ਲਈ ਲੋਕ ਦੂਰ-ਦੂਰ ਤੋਂ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ: ਇਟਲੀ ਵਿਚ ਅੰਗਰੇਜ਼ੀ 'ਤੇ ਪਾਬੰਦੀ ਕਿਉਂ?
ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਠਾਕੁਰ ਦਿਨੇਸ਼ ਸਿੰਘ ਬੱਬੂ ਪਰਿਵਾਰ ਨੂੰ ਵਧਾਈ ਦੇਣ ਪਹੁੰਚੇ। ਉਹਨਾਂ ਕਿਹਾ ਕਿ ਇਹ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਛੋਟੇ ਜਿਹੇ ਪਿੰਡ ਦੇ ਇਕ ਕਿਸਾਨ ਪਰਿਵਾਰ ਦੀ ਧੀ ਨੇਵੀ ਵਿਚ ਚੁਣੀ ਗਈ ਹੈ। ਇੰਨਾ ਹੀ ਨਹੀਂ ਖੁਸ਼ੀ 3000 ਤੋਂ ਵੱਧ ਉਮੀਦਵਾਰਾਂ ਨੂੰ ਪਿੱਛੇ ਛੱਡ ਕੇ ਪਹਿਲੇ ਨੰਬਰ 'ਤੇ ਆਈ ਹੈ।