ਪੰਜਾਬ 'ਚ ਤੀਜੇ ਬਦਲ ਦੀ ਕੋਈ ਗੁੰਜਾਇਸ਼ ਨਹੀਂ : ਮਹੇਸ਼ਇੰਦਰ ਗਰੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਦੇ ਝੂਠੇ ਵਾਅਦਿਆਂ ਤੋਂ ਬਾਅਦ ਲੋਕਾਂ ਦਾ ਝੁਕਾਅ ਅਕਾਲੀ-ਭਾਜਪਾ ਵੱਲ: ਗਰੇਵਾਲ

Maheshinder Singh Grewal and Spokesman Tv Digital Head Neel Bhalinder

ਲੁਧਿਆਣਾ : ਪੰਜਾਬ ਦੇ ਲੋਕਸਭਾ ਹਲਕਾ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਸਪੋਕਸਮੈਨ TV’ ’ਤੇ ਇਕ ਖ਼ਾਸ ਇੰਟਰਵਿਊ ਦੌਰਾਨ ਚੋਣਾਂ ਨੂੰ ਲੈ ਕੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿਚ ਮੌਜੂਦਾ ਹਾਲਾਤਾਂ ਤੇ ਚੁਣਾਵੀ ਮਾਹੌਲ ਨੂੰ ਲੈ ਕੇ ਵਿਰੋਧੀਆਂ ’ਤੇ ਨਿਸ਼ਾਨੇ ਵੀ ਸਾਧੇ। ਗੱਲਬਾਤ ਕਰਦਿਆਂ ਗਰੇਵਾਲ ਨੇ ਕਿਹਾ ਕਿ ਇੰਨੀ ਗਰਮੀ ਹੋਣ ਦੇ ਬਾਵਜੂਦ ਲੋਕ ਅਪਣੇ ਕੰਮ ਛੱਡ ਕੇ ਲੋਕ ਸਭਾ ਚੋਣਾਂ ਵਿਚ ਦਿਲਚਸਪੀ ਵਿਖਾ ਰਹੇ ਹਨ ਤਾਂ ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਲੋਕ ਬਦਲਾਅ ਚਾਹੁੰਦੇ ਹਨ।

2017 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਗੱਲ ਕਰਦਿਆਂ ਗਰੇਵਾਲ ਨੇ ਕਿਹਾ ਕੈਪਟਨ ਸਾਬ੍ਹ ਦੇ ਝੂਠੇ ਵਾਅਦਿਆਂ ਕਰਕੇ ਇਨ੍ਹਾਂ ਨੇ ਪੰਜਾਬ ਦੀ ਸੱਤਾ ‘ਤੇ ਕਬਜ਼ਾ ਕੀਤਾ ਹੈ ਪਰ ਮਾਹੌਲ ਬਦ ਤੋਂ ਬਦਤਰ ਬਣ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਗਠਜੋੜ ਦੇ ਹਰ ਉਮੀਦਵਾਰ ਨੇ ਅਪਣਾ ਮੋਰਚਾ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਹੈ। ਐਮਪੀ ਦੀ ਡਿਊਟੀ ਬਾਰੇ ਗੱਲ ਕਰਦਿਆਂ ਗਰੇਵਾਲ ਨੇ ਕਿਹਾ ਕਿ ਮੈਂ ਅਪਣੀ ਡਿਊਟੀ ਨਿਭਾਵਾਂਗਾ।

ਇਕ ਐਮਪੀ ਹੋਣ ਦੇ ਨਾਅਤੇ ਜੋ ਮੇਰੇ ਫਰਜ਼ ਹੋਣਗੇ, ਵਿਧਾਨ ਸਭਾ ਵਿਚ ਜਾ ਕੇ ਪੰਜਾਬ ਦੇ ਮੁੱਦੇ ਚੁੱਕਣਾ ਇਹ ਮੇਰੀ ਡਿਊਟੀ ਹੈ ਨਾ ਕਿ ਲੋਕਾਂ ’ਤੇ ਕੋਈ ਅਹਿਸਾਨ। ਮੈਂ ਅਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਜਨੂੰਨ ਨਾਲ ਨਿਭਾਵਾਂਗਾ। ਵਿਕਾਸ ਦੇ ਮੁੱਦੇ ’ਤੇ ਗੱਲ ਕਰਦਿਆਂ ਗਰੇਵਾਲ ਨੇ ਕਿਹਾ ਕਿ ਪੰਜਾਬ ਦਾ ਕੇਂਦਰੀ ਜ਼ਿਲ੍ਹਾ ਲੁਧਿਆਣਾ ਹੈ ਪਰ ਵਿਕਾਸ ਕੁਝ ਵੀ ਨਹੀਂ। ਗਲੀਆਂ, ਨਾਲੀਆਂ, ਸੜਕਾਂ, ਪਾਣੀ ਕਿਸੇ ਪਾਸੇ ਕੋਈ ਵਿਕਾਸ ਨਹੀਂ ਹੈ। ਗਰੇਵਾਲ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਬਹੁਤ ਵੱਡਾ ਯੋਗਦਾਨ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਲੁਧਿਆਣਾ ਦੇ 9 ਚੋਣ ਖੇਤਰ ਹਨ ਉਹ ਅਸੀਂ ਸਾਰੇ ਹੀ ਕਵਰ ਕਰ ਚੁੱਕੇ ਹਾਂ ਤਕਰੀਬਨ ਸਾਡੇ ਦੋ ਦਿਨ ਜਗਰਾਓ ਚੋਣ ਖੇਤਰ ਵਿਚ ਲੱਗ ਚੁੱਕੇ ਹਨ ਤੇ ਅੱਜ ਤੀਜਾ ਦਿਨ ਗਿੱਲ ਚੋਣ ਖੇਤਰ ਵਿਚ ਹੈ, ਇਕ ਦਿਨ ਅਸੀਂ ਦਾਖਾ ਚੋਣ ਖੇਤਰ ਵਿਚ ਲਾਇਆ ਸੀ। ਲੁਧਿਆਣਾ ਸ਼ਹਿਰ ਦੇ 6 ਚੋਣ ਖੇਤਰ ਹਨ ਉਹ ਸਾਰੇ ਅਸੀਂ ਕਵਰ ਚੁੱਕੇ ਹਾਂ। ਦੱਸ ਦਈਏ ਕਿ ਚੋਣ ਕਮਿਸ਼ਨ ਦੀ ਤਾਜ਼ਾ ਸੂਚੀ ਦੇ ਮੁਤਾਬਿਕ ਗਿੱਲ ਚੋਣ ਖੇਤਰ ਹਲਕਾ ਪੰਜਾਬ ਵਿਚ ਸਭ ਤੋਂ ਵੱਡਾ ਖੇਤਰ ਹੈ, ਜਿਥੇ 2,83000 ਵੋਟਰ ਹਨ ਤੇ ਇਸ ਤੋਂ ਬਾਅਦ ਮੋਹਾਲੀ ਜ਼ਿਲ੍ਹੇ ਦਾ ਡੇਰਾ ਬਸੀ ਹਲਕਾ ਆਉਂਦਾ ਹੈ।

ਗਰੇਵਾਲ ਨੇ ਕਿਹਾ ਕਿ ਜਦੋਂ ਅਸੀਂ ਲੋਕਾਂ ਦੀ ਸੇਵਾ ਲਈ ਆ ਜਾਂਦੇ ਹਾਂ ਤਾਂ ਸਾਡੀ ਜਿੰਮੇਵਾਰੀ ਉਦੋਂ ਹੀ ਵਧ ਜਾਂਦੀ ਹੈ ਕਿਉਂਕਿ ਅਸੀਂ 17 ਲੱਖ ਵੋਟਰਾਂ ਦੀ ਨੁਮਾਇੰਗੀ ਕਰਨੀ ਹੁੰਦੀ ਹੈ ਜੇ ਅਸੀਂ ਚੁਣੇ ਜਾਂਦੇ ਹਾਂ ਤਾਂ ਲੋਕਾਂ ਦੀਆਂ ਮੁਸ਼ਕਿਲਾਂ, ਲੋੜਾਂ, ਜਰੂਰਤਾਂ ਬਾਰੇ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਹੀ ਅਸੀਂ ਇਹ ਮੁੱਦੇ ਸਰਕਾਰ ਅੱਗੇ ਚੁੱਕ ਸਕਦੇ ਹਾ। ਉਨ੍ਹਾਂ ਕਿਹਾ ਕਿ ਲੁਧਿਆਣਾ ਦਾ ਹੀ ਮੈਂ ਜੰਮਪਲ ਹਾਂ ਤੇ ਲੁਧਿਆਣਾ ਹੀ ਮੈਂ ਪੜ੍ਹਿਆ-ਲਿਖਿਆ ਤੇ ਪਹਿਲੀ ਚੋਣ ਵੀ ਮੈਂ ਲੁਧਿਆਣਾ ਤੋਂ ਹੀ ਜਿੱਤਿਆ ਸੀ। ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ‘ਤੇ ਜੋ ਵੀ ਵਿਰੋਧੀ ਧਿਰਾਂ ਨੇ ਇਲਜ਼ਾਮ ਲਗਾਏ ਸੀ। 

ਉਹ ਸਾਰਾ ਹੀ ਕੂੜ-ਪ੍ਰਚਾਰ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਸਰਕਾਰ ਨੇ 10 ਸਾਲ ਦੀ ਸਰਕਾਰ ਸਮੇਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਸੀ ਉਸਦੇ ਪ੍ਰਤੀ ਵਿਰੋਧੀ ਧਿਰਾਂ ਕੋਲ ਕਹਿਣ ਨੂੰ ਕੁਝ ਨਹੀਂ ਸੀ ਤੇ ਝੂਠੇ ਇਲਜ਼ਾਮ ਲਗਾ ਕੇ ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਲੋਕਾਂ ਨੂੰ ਪਤਾ ਚੱਲ ਗਿਆ ਕਿ ਕਿਹੜੀ ਸਰਕਾਰ ਆਮ ਲੋਕਾਂ ਬਾਰੇ ‘ਚ ਸੋਚਦੀ ਹੈ। ਗਰੇਵਾਲ ਨੇ ਆਮ ਆਦਮੀ ਪਾਰਟੀ ‘ਤੇ ਵੀ ਨਿਸ਼ਾਨਾ ਸਾਧਿਆ ਉਨ੍ਹਾਂ ਕਿਹਾ ਕਿ ਅਕਾਲੀ ਦਲ ਤੋਂ ਬਗੈਰ ਕਿਸੇ ਵੀ ਪਾਰਟੀ ਦਾ ਨਾ ਤਾਂ ਕੋਈ ਏਜੰਡਾ ਹੈ ਨਾ ਹੀ ਕੋਈ ਪ੍ਰੋਗਰਾਮ ਹੈ।

ਇਹ ਸਾਰੀਆਂ ਪਾਰਟੀਆਂ ਤੀਜੀ ਧਿਰ ਦੀ ਹੋਂਦ ਵਜੋਂ ਮੈਦਾਨ ‘ਚ ਆਉਂਦੀਆਂ ਹਨ ਜਿਵੇਂ ਕਿ ਮਨਪ੍ਰੀਤ ਸਿੰਘ ਬਾਦਲ ਦੀ ਪੀਪੀਪੀ ਪਾਰਟੀ ਆਈ ਸੀ ਜੋ ਕਿ ਬੁਰੀ ਤਰ੍ਹਾਂ ਫੇਲ੍ਹ ਹੋਈ। ਇਹ ਭਾਵਨਾਵਾਂ ‘ਚ ਉਤਰੀ ਆਮ ਆਦਮੀ ਪਾਰਟੀ ਇਕ ਸਲੋਗਨ ਲੈ ਕੇ ਆਈ ਕਿ ਪੰਜਾਬ ‘ਚ ਉਤਰੀ ਸੀ ਹੁਣ ਲੋਕਾਂ ਦਾ ਇਨ੍ਹਾਂ ‘ਤੋਂ ਵਿਸ਼ਵਾਸ਼ ਉੱਠ ਗਿਆ ਹੈ। ਆਪ ਵਾਲੇ ਕਹਿੰਦੇ ਹਨ ਅਸੀਂ ਵੱਖ ਹਾਂ ਦੂਜੀਆਂ ਪਾਰਟੀਆਂ ਨਾਲੋਂ ਪਰ ਲੋਕਾਂ ਨੇ ਇਨ੍ਹਾਂ ਦਾ ਕਾਲਾ ਚਹਿਰਾ ਪਛਾਣ ਲਿਆ ਸੀ। ਆਮ ਆਦਮੀ ਪਾਰਟੀ ਬਹੁਤ ਵੱਡੀ ਭ੍ਰਿਸ਼ਟ ਪਾਰਟੀ ਹੈ।

ਗਰੇਵਾਲ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਦੇ ਅਤਿਵਾਦੀਆਂ ਦੇ ਘਰਾਂ ਵਿਚ ਆਉਣਾ-ਜਾਣਾ ਸੀ ਜਿਸ ਕਾਰਨ ਉਨ੍ਹਾਂ ਨੂੰ ਫੇਲ੍ਹ ਹੋਣਾ ਪਿਆ ਸੀ। ਉਨ੍ਹਾਂ ਕਿ ਲੁਧਿਆਣਾ ‘ਚ ਅਕਾਲੀ-ਬੀਜੇਪੀ ਦੀ ਸੀਟ ਜਿੱਤ ਦੇ ਕੰਢੇ ‘ਤੇ ਹੈ, ਕਾਂਗਰਸ ਪਾਰਟੀ ਨੂੰ ਉਨ੍ਹਾਂ ਦੂਜੇ ਸਥਾਨ ‘ਤੇ ਅਤੇ ਲੋਕ ਇਨਸਾਫ਼ ਪਾਰਟੀ ਨੂੰ ਤੀਜੇ ਸਥਾਨ ‘ਤੇ ਦੱਸਿਆ ਹੈ।