ਤਿਵਾੜੀ ਨੇ ਚਾਰ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨਾਲ ਵੀਡੀਉ ਕਾਨਫਰੰਸਿੰਗ ਰਾਹੀਂ ਕੀਤਾ ਵਿਚਾਰ-ਵਟਾਂਦਰਾ
ਉਹਨਾਂ ਨੇ ਸਿਹਤ ਸੁਵਿਧਾਵਾਂ ਬਾਰੇ ਸਬੰਧਤ ਚਾਰਾਂ ਜਿਲ੍ਹਿਆਂ ਰੋਪੜ...
ਰੂਪਨਗਰ: ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਜ਼ਿਲ੍ਹਾ ਹੁਸ਼ਿਆਰਪੁਰ, ਨਵਾਂਸ਼ਹਿਰ, ਰੋਪੜ ਅਤੇ ਮੁਹਾਲੀ ਦੇ ਸਿਵਲ ਸਰਜਨਾਂ ਨਾਲ ਇੱਕ ਵਿਡੀਓ ਕਾਨਫਰੰਸਿੰਗ ਕੀਤੀ, ਜਿਸ ਵਿੱਚ ਇਹਨਾਂ ਜ਼ਿਲ੍ਹਿਆਂ ਵਿੱਚ ਕੋਵਿਡ 19 ਦੇ ਦ੍ਰਿਸ਼ ਅਤੇ ਵਿਸ਼ਾਣੂ ਵਿਰੁੱਧ ਲੜਾਈ ਨੂੰ ਹੋਰ ਤੇਜ਼ ਕਰਨ ਲਈ ਉਨ੍ਹਾਂ ਵੱਲੋਂ ਸੁਝਾਏ ਗਏ ਉਪਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਉਹਨਾਂ ਨੇ ਸਿਹਤ ਸੁਵਿਧਾਵਾਂ ਬਾਰੇ ਸਬੰਧਤ ਚਾਰਾਂ ਜਿਲ੍ਹਿਆਂ ਰੋਪੜ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਮੋਹਾਲੀ ਦੇ ਸਿਵਲ ਸਰਜਨਾਂ ਨਾਲ ਵੀਡੀਓ ਕਾਨਫਰੰਸਿੰਗ ਤੇ ਚਰਚਾ ਕੀਤੀ। ਤਿਵਾੜੀ ਨੇ ਕੋਰੋਨਾ ਵਿਰੁਧ ਲੜਾਈ ਵਿਚ ਜਿੱਥੇ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਉਥੇ ਹੀ ਵਿਭਾਗ ਦੀਆਂ ਲੋੜਾਂ ਨੂੰ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਦੌਰਾਨ ਚਾਰਾਂ ਜਿਲ੍ਹਿਆਂ ਦੇ ਸਿਵਲ ਸਰਜਨਾਂ ਹੁਸ਼ਿਆਰਪੁਰ ਤੋਂ ਡਾ ਜਸਬੀਰ ਸਿੰਘ, ਨਵਾਂਸ਼ਹਿਰ ਤੋਂ ਡਾ ਰਜਿੰਦਰ ਪ੍ਰਸਾਦ ਭਾਟੀਆ, ਮੋਹਾਲੀ ਤੋਂ ਡਾ ਮਨਜੀਤ ਸਿੰਘ ਤੇ ਰੂਪਨਗਰ ਤੋਂ ਡਾ ਐਚਐਨ ਸ਼ਰਮਾ ਨੇ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਵਿਭਾਗ ਕੋਰੋਨਾ ਖਿਲਾਫ ਲੜਾਈ ਲੜ ਰਿਹਾ ਹੈ। ਜਿਸ ਤੇ ਤਿਵਾੜੀ ਨੇ ਮੈਡੀਕਲ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਖਿਲਾਫ ਉਹ ਫਰੰਟ ਲਾਈਨ ਤੇ ਲੜ ਰਹੇ ਹਨ।
ਉਨ੍ਹਾਂ ਦੀ ਸਖਤ ਮਿਹਨਤ ਦਾ ਹੀ ਨਤੀਜਾ ਸੀ ਕਿ ਨਵਾਂਸ਼ਹਿਰ ਨੂੰ ਇਕ ਵਾਰ ਕੋਰੋਨਾ ਮੁਕਤ ਕਰ ਦਿੱਤਾ ਸੀ। ਮੈਡੀਕਲ ਸਟਾਫ ਇਸ ਮਹਾਂਮਾਰੀ ਦਾ ਕੋਈ ਇਲਾਜ ਨਾ ਹੋਣ ਦੇ ਬਾਵਜੂਦ ਵੀ ਦਿਨ ਰਾਤ ਮਿਹਨਤ ਕਰ ਰਿਹਾ ਹੈ ਜੋ ਘੰਟਿਆਂ ਡਿਊਟੀ ਕਰਨ ਦੇ ਨਾਲ-ਨਾਲ ਕਈ ਦਿਨਾਂ ਤੱਕ ਪਰਿਵਾਰਾਂ ਨਾਲ ਨਹੀਂ ਮਿਲਦੇ। ਇਸੇ ਤਰ੍ਹਾਂ ਪੀਪੀਈ ਕਿੱਟਾਂ ਦੀ ਘਾਟ ਦਾ ਮੁੱਦਾ ਉਨ੍ਹਾਂ ਕੇਂਦਰ ਸਰਕਾਰ ਕੋਲ ਚੁੱਕਣ ਦਾ ਭਰੋਸਾ ਦਿੱਤਾ।
ਦਸ ਦਈਏ ਕਿ ਜ਼ਿਲੇ ਵਿਚ ਕੋਰੋਨਾ ਵਾਇਰਸ ਪਾਜੇਟਿਵ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਵਧ ਰਹੀ ਹੈ। ਅੱਜ 7 ਮਰੀਜ਼ਾਂ ਨੂੰ ਦੋ ਵਾਰ ਨੈਗਟਿਵ ਟੈਸਟ ਕਰਵਾਉਣ ਤੋਂ ਬਾਅਦ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਛੁੱਟੀ ਕੀਤੇ ਗਏ ਇਨ੍ਹਾਂ ਮਰੀਜ਼ਾਂ ਵਿਚੋਂ 5 ਪਿੰਡ ਜਵਾਹਰਪੁਰ ਨਾਲ ਸਬੰਧਤ ਹਨ, ਜਦਕਿ 2 ਨਯਾਗਾਓਂ ਨਾਲ ਸਬੰਧਤ ਹਨ।
ਛੁੱਟੀ ਵਾਲੇ ਮਰੀਜ਼ਾਂ ਵਿਚ ਤਿੰਨ ਮਹਿਲਾਵਾਂ ਅਤੇ ਚਾਰ ਪੁਰਸ਼ ਹਨ। ਪਿੰਡ ਜਵਾਹਰਪੁਰ ਨਾਲ ਸਬੰਧਤ ਮਰੀਜ਼ਾਂ ਦੀ ਉਮਰ 16, 64, 24, 32 ਅਤੇ 55 ਸਾਲ ਹੈ। ਜੋ ਨਯਾਗਾਓਂ ਨਾਲ ਸਬੰਧਤ ਹਨ, ਉਨ੍ਹਾਂ ਦੀ ਉਮਰ 60 ਅਤੇ 19 ਸਾਲ ਹੈ। ਹੁਣ ਤਕ ਜ਼ਿਲੇ ਵਿਚ ਕੁੱਲ ਪਾਜੇਟਿਵ ਕੇਸ 95 ਹਨ, ਜਦੋਂ ਕਿ ਠੀਕ ਹੋਏ ਮਾਮਲਿਆਂ ਦੀ ਗਿਣਤੀ 43 ਹੈ ਅਤੇ ਐਕਟਿਵ ਮਾਮਲੇ 50 ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।