ਪੀੜਤਾਂ ਨਾਲ ਬੇਇਨਸਾਫ਼ੀ ਹੈ ਜੋੜਾ ਫਾਟਕ ਰੇਲ ਹਾਦਸੇ ਦੀ ਕਾਰਵਾਈ : ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਆਪ' ਨੇ ਸਰਕਾਰ 'ਤੇ ਲਗਾਏ ਜ਼ਿੰਮੇਵਾਰ ਸਿਆਸੀ ਲੀਡਰਾਂ ਨੂੰ ਬਚਾਉਣ ਦੇ ਦੋਸ਼

Harpal Cheema

ਅੰਮ੍ਰਿਤਸਰ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਾਲ 2018 'ਚ ਦੁਸਹਿਰੇ ਵਾਲੇ ਦਿਨ ਵਾਪਰੇ ਜੋੜਾ ਫਾਟਕ ਰੇਲ ਹਾਦਸੇ 'ਚ ਨਗਰ ਨਿਗਮ ਦੇ 5 ਅਧਿਕਾਰੀਆਂ ਨੂੰ ਦੋਸ਼ੀ ਠਹਿਰਾਏ ਜਾਣ ਦੀ ਕਾਰਵਾਈ ਨੂੰ ਮਹਿਜ਼ ਖਾਨਾਪੂਰਤੀ ਕਿਹਾ ਹੈ।

'ਆਪ' ਵਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੂਬਾ ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨੇ ਦਸਿਆ ਕਿ ਕਰੀਬ 2 ਸਾਲ ਬਾਅਦ ਆਈ ਜਾਂਚ ਰਿਪੋਰਟ ਪੀੜਤਾਂ ਨਾਲ ਬੇਇਨਸਾਫ਼ੀ ਤੇ ਜਨਤਾ ਦੀਆਂ ਅੱਖਾਂ 'ਚ ਘੱਟਾ ਪਾਉਣ ਤੋਂ ਵੱਧ ਕੁੱਝ ਵੀ ਨਹੀਂ।

ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਇਸ ਬੇਹੱਦ ਦਰਦਨਾਕ ਹਾਦਸੇ 'ਚ 58 ਜਾਨਾਂ ਗਈਆਂ, ਦਰਜਨਾਂ ਲੋਕ ਜ਼ਖਮੀ ਹੋਏ ਅਤੇ ਕਈ ਘਰ ਪੂਰੀ ਤਰ੍ਹਾਂ ਖ਼ਤਮ ਹੋ ਗਏ, ਪਰੰਤੂ ਸਰਕਾਰ ਨੇ ਅਸੰਵੇਦਨਸ਼ੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ ਨਗਰ ਨਿਗਮ ਦੇ 5 ਅਧਿਕਾਰੀਆਂ ਨੂੰ ਚਾਰਜਸ਼ੀਟ ਕਰ ਕੇ ਇਸ ਘਟਨਾ ਲਈ ਜ਼ਿੰਮੇਵਾਰ ਸਿਆਸੀ ਲੋਕਾਂ ਨੂੰ ਬਚਾਅ ਲਿਆ।

ਚੀਮਾ ਅਨੁਸਾਰ ਇਸ ਤੋਂ ਵੀ ਮੰਦਭਾਗੀ ਗੱਲ ਇਹ ਹੈ ਕਿ ਪੀੜਤ ਪਰਿਵਾਰਾਂ ਨੂੰ ਪੂਰਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਇੱਥੋਂ ਤੱਕ ਕਿ ਪੀੜਤ ਪਰਿਵਾਰਾਂ ਦੇ ਬੇਸਹਾਰਾ ਹੋਏ ਬੱਚਿਆਂ ਦੀ ਜ਼ਿੰਮੇਵਾਰੀ ਚੁੱਕੇ ਜਾਣ ਵਾਲੇ ਵਾਅਦੇ ਵੀ ਨਿਭਾਏ ਨਹੀਂ ਗਏ। ਜਦਕਿ ਪੀੜਤ ਪਰਵਾਰਾਂ ਨੂੰ ਘੱਟੋ ਘੱਟ 50 ਲੱਖ ਰੁਪਏ ਮੁਆਵਜ਼ਾ, ਇਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਬੱਚਿਆਂ ਦੀ ਮੁਫ਼ਤ ਪੜਾਈ ਦੀ ਜ਼ਿੰਮੇਵਾਰੀ ਚੁੱਕ ਕੇ ਸਰਕਾਰ ਜ਼ਖ਼ਮਾਂ 'ਤੇ ਮਲ੍ਹਮ ਲਗਾਉਂਦੀ।

ਧਾਲੀਵਾਲ ਨੇ ਕਿਹਾ ਕਿ ਇਹ ਜਾਂਚ ਮਹਿਜ਼ ਖਾਨਾਪੂਰਤੀ ਸਾਬਤ ਹੋਈ ਹੈ, ਇਥੋਂ ਤਕ ਕਿ ਪਹਿਲਾਂ ਕਰਵਾਈ ਮੈਜਿਸਟ੍ਰੇਟ ਜਾਂਚ 'ਚ ਦੋਸ਼ੀ ਪਾਏ ਗਏ ਕਾਂਗਰਸੀ ਐਮ.ਸੀ ਸਮੇਤ ਸਾਰੇ ਜ਼ਿੰਮੇਵਾਰ ਸਿਆਸੀ ਲੋਕਾਂ ਨੂੰ ਬਚਾਅ ਲਿਆ ਗਿਆ। ਇਸ ਦਰਦਨਾਕ ਹਾਦਸੇ ਦੀ ਮਾਨਯੋਗ ਹਾਈ ਕੋਰਟ ਦੀ ਨਿਗਰਾਨੀ ਹੇਠ ਨਵੇਂ ਸਿਰਿਉਂ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਪੀੜਤ ਪਰਿਵਾਰਾਂ ਨੂੰ ਘੱਟੋ-ਘੱਟ 50 ਲੱਖ ਰੁਪਏ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੁਰਤ ਦਿਤੀ ਜਾਵੇ। ਚੀਮਾ ਨੇ ਕਿਹਾ ਕਿ ਉਹ ਸਰਕਾਰ ਦੀ ਇਸ ਖਾਨਾਪੂਰਤੀ ਦਾ ਪੰਜਾਬ ਵਿਧਾਨ ਸਭਾ 'ਚ ਹਿਸਾਬ ਮੰਗਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।