ਫੂਲਕਾ ਨੇ ਦਿਤੀ ਧਮਕੀ : ਜੇ ਅਸਤੀਫ਼ਾ ਪ੍ਰਵਾਨ ਨਾ ਕੀਤਾ, ਸੁਪਰੀਮ ਕੋਰਟ ਜਾਵਾਂਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਲਿਖੀ ਚਿੱਠੀ

HS Phoolka

ਚੰਡੀਗੜ੍ਹ : ਆਪ ਦੇ ਸੀਨੀਅਰ ਵਿਧਾਇਕ ਅਤੇ ਉਘੇ ਵਕੀਲ ਸ. ਹਰਵਿੰਦਰ ਸਿੰਘ ਫੂਲਕਾ ਨੇ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਫਿਰ ਚਿੱਠੀ ਲਿਖ ਕੇ ਧਮਕੀ ਦਿਤੀ ਹੈ ਕਿ ਜੇ 10 ਮਹੀਨੇ ਪਹਿਲਾ ਦਿਤਾ ਉਨ੍ਹਾਂ ਦਾ ਅਸਤੀਫ਼ਾ ਅਜੇ ਵੀ ਪ੍ਰਵਾਨ ਨਾ ਕੀਤਾ ਤਾਂ ਹੁਣ ਉਹ ਸੁਪਰੀਮ ਕੋਰਟ ਜਾ ਕੇ ਸੰਵਿਧਾਨ ਰਾਹੀਂ ਸਰਵਉਚ ਅਦਾਲਤ ਤੋਂ ਨਿਰਦੇਸ਼ ਜਾਰੀ ਕਰਵਾਉਣਗੇ।

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਦਾਖਾ ਤੋਂ ਆਪ ਪਾਰਟੀ ਦੇ ਵਿਧਾਇਕ ਸ. ਫੂਲਕਾ ਨੇ ਦਸਿਆ ਕਿ ਉਨ੍ਹਾਂ ਸੱਭ ਤੋਂ ਪਹਿਲਾਂ 12 ਅਕਤੂਬਰ 2018 ਨੂੰ ਸਪੀਕਰ ਨੂੰ ਲਿਖਤੀ ਚਿੱਠੀ ਰਾਹੀਂ ਅਸਤੀਫ਼ ਭੇਜਿਆ ਸੀ। ਅਗਲੇ ਮਹੀਨੇ ਨਵੰਬਰ ਵਿਚ ਖ਼ੁਦ ਮਿਲ ਕੇ ਇਸ ਅਸਤੀਫ਼ੇ ਦੀ ਤਾਈਦ ਕੀਤੀ ਸੀ ਅਤੇ 2 ਲਾਈਨ ਦਾ ਫਿਰ ਲਿਖਤੀ ਅਸਤੀਫ਼ਾ ਸਪੀਕਰ ਦੇ ਹੱਥ ਫੜਾਇਆ ਸੀ। ਇਹ ਵੀ ਕਿਹਾ ਸੀ ਕਿ ਉਨ੍ਹਾਂ ਉਤੇ ਕਿਸੇ ਦਾ ਦਬਾਅ ਕੋਈ ਨਹੀਂ ਹੈ। ਉਸ ਉਪਰੰਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਤੇ ਵਿਧਾਨ ਸਭਾ ਅੰਦਰ ਹੋਈ 2 ਦਿਨਾਂ ਬਹਿਸ ਦੌਰਾਨ ਸ. ਫੂਲਕਾ ਨੇ ਚਰਚਾ ਵਿਚ ਹਿੱਸਾ ਵੀ ਲਿਆ ਸੀ ਅਤੇ ਇਸ ਸਾਲ ਫ਼ਰਵਰੀ ਵਿਚ ਬਜਟ ਸੈਸ਼ਨ ਦੌਰਾਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਉਣ ਸਬੰਧੀ ਵਿਧਾਨ ਸਭਾ ਵਲੋਂ ਪਾਸ ਕੀਤੇ ਪ੍ਰਸਤਾਵ ਵਾਲੇ ਦਿਨ ਵੀ ਆਪ ਦੇ ਇਸ ਵਿਧਾਇਕ ਦੀ ਅਹਿਮ ਭੂਮਿਕਾ ਰਹੀ ਸੀ।

ਫੂਲਕਾ ਨੇ ਕਿਹਾ ਕਿ ਉਨ੍ਹਾਂ ਅੱਜ 1 ਸਫ਼ੇ ਦੀ ਫਿਰ ਚਿੱਠੀ ਲਿਖ ਕੇ ਰਾਣਾ ਕੇ.ਪੀ. ਸਿੰਘ ਨੂੰ ਤਾੜਨਾ ਕੀਤੀ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਜਲਦ ਤੋਂ ਜਲਦ ਫ਼ੈਸਲਾ ਕਰ ਕੇ ਵਿਧਾਨ ਸਭਾ ਦੀ ਦਾਖਾ ਸੀਟ ਨੂੰ ਖ਼ਾਲੀ ਹੋਣ ਦਾ ਐਲਾਨ ਕਰਨ ਤਾਕਿ ਇਸ ਹਲਕੇ 'ਤੇ ਵੀ ਜਲਾਲਾਬਾਦ ਤੇ ਫਗਵਾੜਾ ਸੀਟਾਂ ਦੇ ਨਾਲ ਹੀ ਜ਼ਿਮਨੀ ਚੋਣਾਂ ਕਰਵਾਈਆਂ ਜਾ ਸਕਣ। ਜ਼ਿਕਰਯੋਗ ਹੈ ਕਿ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਆਪ ਦੇ ਬਾਕੀ 4 ਵਿਧਾਇਕਾਂ ਸੁਖਪਾਲ ਖਹਿਰਾ, ਬਲਦੇਵ ਜੈਤੋ ਅਤੇ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸੰਦੋਆ ਦੇ ਅਸਤੀਫ਼ੇ ਵੀ ਪਿਛਲੇ 4-5 ਮਹੀਨਿਆਂ ਤੋਂ ਲਟਕਾਏ ਹੋਏ ਹਨ। ਵਿਰੋਧੀ ਧਿਰਾਂ ਆਪ ਅਤੇ ਅਕਾਲੀ ਬੀਜੇਪੀ ਦਾ ਦੋਸ਼ ਹੈ ਕਿ ਸਪੀਕਰ ਰਾਣਾ ਕੇ.ਪੀ. ਸਿੰਘ, ਦੋ ਤਿਹਾਈ ਬਹੁਮਤ ਵਾਲੀ ਸੱਤਾਧਾਰੀ ਕਾਂਗਰਸ ਦਾ ਪੱਖ ਪੂਰ ਰਹੇ ਹਨ।

ਅਕਾਲੀ ਬੀਜੇਪੀ ਗਠਜੋੜ ਦੇ ਨੇਤਾ ਤਾਂ ਇਹ ਕਹਿ ਰਹੇ ਹਨ ਕਿ ਮੁੱਖ ਮੰਤਰੀ ਤੇ ਰਾਣਾ ਕੇ.ਪੀ. ਸਮੇਤ ਸਮੁੱਚੀ ਕਾਂਗਰਸ ਅਜੇ ਇਨ੍ਹਾਂ 7 ਸੀਟਾਂ ਜਲਾਲਾਬਾਦ, ਫਗਵਾੜਾ, ਦਾਖਾ, ਭੁਲੱਥ, ਜੈਤੋ, ਮਾਨਸਾ ਤੇ ਰੋਪੜ ਦੀਆ ਜ਼ਿਮਨੀ ਚੋਣਾਂ ਕਰਵਾਉਣ ਤੋਂ ਟਾਲਾ ਵੱਟ ਰਹੀ ਹੈ। ਕਾਂਗਰਸ ਨੂੰ ਡਰ ਹੈ ਕਿ  ਅਕਾਲੀ ਬੀਜੇਪੀ ਇਹ ਜ਼ਿਮਨੀ ਚੋਣਾਂ ਜਿੱਤ ਕੇ ਆਪ ਦੇ ਵਿਰੋਧੀ ਧਿਰ ਦੇ ਰੁਤਬੇ ਨੂੰ ਚੋਟ ਮਾਰ ਸਕਦਾ ਹੈ ਕਿਉਂਕਿ ਪੰਜਾਬ ਦੀ ਮੌਜੂਦਾ ਸਿਆਸੀ ਹਵਾ ਦਾ ਰੁਖ਼ ਹੌਲੀ ਹੌਲੀ ਕਾਂਗਰਸ ਦੇ ਵਿਰੋਧ ਵਿਚ ਅਕਾਲੀ ਬੀਜੇਪੀ ਵਲ ਝੁਕ ਰਿਹਾ ਹੈ। ਦੂਜੇ ਪਾਸੇ ਆਪ ਪਾਰਟੀ ਦੇ 20 ਵਿਧਾਇਕਾਂ ਦੇ ਵੀ 4 ਗਰੁਪ ਬਣੇ ਹੋਏ ਹਨ। ਦੋ ਵਿਧਾਇਕਾ ਮਾਨਸ਼ਾਹੀਆ ਤੇ ਸੰਦੋਆ ਕਾਂਗਰਸ ਵਿਚ ਸ਼ਾਮਲ ਹੋ ਚੁਕੇ ਹਨ। ਸੁਖਪਾਲ ਖਹਿਰਾ ਤੇ ਬਲਦੇਵ ਜੈਤੋ ਨੇ ਨਵੀਂ ਪਾਰਟੀ ਪੰਜਾਬ ਏਕਤਾ ਪਾਰਟੀ ਬਣਾ ਲਈ ਹੈ। ਹਰਪਾਲ ਚੀਮਾ ਦੀ ਅਗਵਾਈ ਵਿਚ ਕੇਵਲ 11 ਵਿਧਾਇਕ ਹਨ ਕਿਉਂਕਿ ਕੰਵਰ ਸੰਧੂ ਨਾਲ 4 ਵਖਰੇ ਵਿਧਾਇਕ ਹਨ।