ਸੁੱਚਾ ਸਿੰਘ ਲੰਗਾਹ ਨੇ ਮੁਆਫ਼ੀ ਮੰਗ ਕੇ ਮੁੜ ਛਕਿਆ ਅੰਮ੍ਰਿਤ, ਮੁਆਫ਼ੀ ਦੇਣ ਨੂੰ ਲੈ ਭਖਿਆ ਵਿਵਾਦ!

ਏਜੰਸੀ

ਖ਼ਬਰਾਂ, ਪੰਜਾਬ

ਉੱਧਰ ਹੁਣ ਸੁੱਚਾ ਸਿੰਘ ਲੰਗਾਹ ਦੇ ਮੁਆਫ਼ੀ ਮੰਗਣ...

Gurdaspur Sucha Singh Langah Apologizes Controversy Overapology

ਗੁਰਦਾਸਪੁਰ: ਬਲਾਤਕਾਰ ਦੇ ਮਾਮਲੇ ਵਿਚ ਚਰਚਾ ਵਿਚ ਆਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਬਲਾਤਕਾਰ ਮਾਮਲੇ ਲਈ ਮੁਆਫ਼ੀ ਮੰਗ ਲਈ ਹੈ ਅਤੇ ਪੰਜ ਪਿਆਰਿਆਂ ਵੱਲੋਂ ਉਹਨਾਂ ਨੂੰ ਤਨਖ਼ਾਹ ਲਗਾ ਕੇ ਮੁੜ ਅੰਮ੍ਰਿਤ ਪਾਣ ਵੀ ਕਰਵਾਇਆ ਗਿਆ ਹੈ ਜਿਸ ਦੀ ਕਿ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਲੰਗਾਹ ਪੰਜ ਪਿਆਰਿਆਂ ਦੇ ਅੱਗੇ ਬੈਠੇ ਦੇਖੇ ਗਏ ਹਨ।

ਉੱਧਰ ਹੁਣ ਸੁੱਚਾ ਸਿੰਘ ਲੰਗਾਹ ਦੇ ਮੁਆਫ਼ੀ ਮੰਗਣ ਨੂੰ ਲੈ ਕੇ ਵਿਵਾਦ ਵੀ ਭੱਖ ਚੁੱਕਿਆ ਹੈ। ਅਕਾਲੀ ਆਗੂ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਲੰਗਾਹ ਦਾ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਹੈ। ਇੱਥੋਂ ਤਕ ਅੰਮ੍ਰਿਤ ਛਕਾਉਣ ਵਾਲੀ ਜੱਥੇਬੰਦੀ ਉਤੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ।

ਦੂਜੇ ਪਾਸੇ ਅੰਮ੍ਰਿਤ ਛਕਾਉਣ ਵਾਲੇ ਨਿਹੰਗ ਆਗੂ ਦਾ ਕਹਿਣਾ ਹੈ ਕਿ ਜਦੋਂ ਅੰਮ੍ਰਿਤ ਛਕਾਇਆ ਜਾ ਰਿਹਾ ਸੀ ਤਾਂ ਸੁੱਚਾ ਸਿੰਘ ਲੰਗਾਹ ਨੇ ਖੁਦ ਉੱਥੇ ਪਹੁੰਚ ਕੇ ਅੰਮ੍ਰਿਤ ਛਕਣ ਦੀ ਇਛਾ ਜ਼ਾਹਿਰ ਕੀਤੀ ਸੀ ਜਿਸ ਦੇ ਚਲਦੇ ਹੀ ਉਸ ਨੂੰ ਮੁਆਫ਼ੀ ਦਿੱਤੀ ਗਈ ਹੈ। ਦਸ ਦਈਏ ਕਿ ਪਿਛਲੇ ਸਾਲ ਅਕਤੂਬਰ ਵਿੱਚ ਜ਼ਿਲਾ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨੇ ਲੰਗਾਹ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ।

ਸ਼ਿਕਾਇਤ 'ਚ ਉਸ ਔਰਤ ਨੇ ਕਿਹਾ ਸੀ ਕਿ ਲੰਗਾਹ ਉਸ ਨਾਲ 2009 ਤੋਂ ਬਲਾਤਕਾਰ ਕਰ ਰਹੇ ਸਨ। ਪੀੜਤ ਔਰਤ ਨੇ ਲੰਗਾਹ 'ਤੇ ਪੈਸੇ ਹੜੱਪਣ ਦੇ ਵੀ ਇਲਜ਼ਾਮ ਲਾਏ ਸਨ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ 2008 'ਚ ਉਸਦੇ ਪਤੀ ਦੀ ਮੌਤ ਹੋ ਗਈ ਸੀ। ਇਸ ਸੰਬੰਧ ਵਿੱਚ ਗੁਰਦਾਸਪੁਰ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਹੀ ਮਹਿਲਾ ਅਤੇ ਲੰਗਾਹ ਦਾ ਕਥਿਤ ਤੌਰ 'ਤੇ ਇੱਕ ਅਸ਼ਲੀਲ ਵੀਡੀਓ ਵੀ ਵਾਇਰਲ ਹੋਇਆ ਸੀ।

ਸਾਬਕਾ ਲੀਡਰ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਉ ਵਾਇਰਲ ਹੋਣ ਤੋ ਬਾਅਦ ਉਹਨਾਂ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ। ਦਸ ਦਈਏ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਲੰਗਾਹ ਪੰਥ 'ਚ ਵਾਪਸੀ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਲਈ ਅਪੀਲ ਕਰ ਰਹੇ ਸਨ। ਸੁੱਚਾ ਸਿੰਘ ਲੰਗਾਹ ਨੇ ਜਥੇਦਾਰ ਦੇ ਦਫ਼ਤਰ ਵਿਚ ਪੇਸ਼ ਹੋ ਕੇ ਲਿਖਤੀ ਚਿੱਠੀ ਦੇ ਕੇ ਮੁੜ ਪੰਥ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਸੀ।

ਸੁੱਚਾ ਸਿੰਘ ਲੰਗਾਹ ਜਥੇਦਾਰ ਨੂੰ ਨਹੀਂ ਮਿਲ ਸਕੇ। ਉਹ ਸੰਬੰਧਿਤ ਅਧਿਕਾਰੀ ਨੂੰ ਮੁਆਫ਼ੀ ਲਈ ਚਿੱਠੀ ਸੌਂਪ ਕੇ ਵਾਪਸ ਆ ਗਏ ਸਨ। ਇਸ ਮੌਕੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਮੈਂ ਮੁਆਫ਼ੀ ਲਈ ਲਿਖਤੀ ਚਿੱਠੀ ਦਿੱਤੀ ਹੈ ਅਤੇ ਸੰਗਤਾਂ ਅਤੇ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਮੁੜ ਪੰਥ ਵਿਚ ਸ਼ਾਮਿਲ ਕੀਤਾ ਜਾਵੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।