ਆਪਣੀਆਂ ਜੇਬਾਂ 'ਚੋਂ ਪੈਸੇ ਖ਼ਰਚ ਕੇ ਲੋਕਾਂ ਨੇ ਖੁਦ ਹੀ ਬੰਨ੍ਹ ਨੂੰ ਬੰਨ੍ਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਨੇ ਮਦਦ ਲਈ ਸਿਰਫ਼ ਰੱਸੀਆਂ ਦੇ ਕੁੱਝ ਬੰਡਲ ਦਿੱਤੇ : ਸੁਰਜੀਤ ਸਿੰਘ ਖੋਸਾ 

Jalandhar floods: Village Mandala breach plugged

ਜਲੰਧਰ : ਪੰਜਾਬ 'ਚ ਆਏ ਹੜ੍ਹਾਂ ਨੇ ਜਿੱਥੇ ਕਈ ਲੋਕਾਂ ਨੂੰ ਬੇਘਰ ਕਰ ਦਿੱਤਾ, ਉਥੇ ਹੀ ਕਈਆਂ ਦੀਆਂ ਜਾਨਾਂ ਜਾਣ ਦੇ ਨਾਲ-ਨਾਲ ਕਿਸਾਨਾਂ ਦੀਆਂ ਫ਼ਸਲਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਹੜ੍ਹਾਂ ਦੇ ਕਾਰਨ ਜਲੰਧਰ ਦੇ ਕਈ ਪਿੰਡਾਂ ਸਮੇਤ ਸੁਲਤਾਨਪੁਰ ਲੋਧੀ ਅਤੇ ਫਿਲੌਰ ਦੇ ਪਿੰਡਾਂ 'ਚ ਭਾਰੀ ਪਾਣੀ ਭਰ ਜਾਣ ਕਰ ਕੇ ਲੋਕ ਘਰ ਛੱਡਣ ਨੂੰ ਮਜਬੂਰ ਹੋ ਗਏ। ਗਿੱਦੜਪਿੰਡ ਨੇੜੇ ਮੰਡਾਲਾ ਪਿੰਡ ਵਿਖੇ ਪਏ ਪਾੜ ਨੂੰ ਲੋਕਾਂ ਦੇ ਸਹਿਯੋਗ ਨਾਲ ਪੂਰ ਲਿਆ ਗਿਆ ਹੈ। ਬੰਨ੍ਹ ਬੰਨ੍ਹਣ ਲਈ ਮਾਝੇ, ਮਾਲਵੇ ਅਤੇ ਦੁਆਬੇ ਤੋਂ ਲੋਕ ਟਰਾਲੀਆਂ ਭਰ-ਭਰ ਮਿੱਟੀ ਲੈ ਕੇ ਆਏ ਅਤੇ ਲੋਕਾਂ ਨੇ ਆਪ ਹੀ ਬੰਨ੍ਹ ਨੂੰ ਬੰਨ੍ਹਿਆ। ਇਸ ਬੰਨ੍ਹ ਨੂੰ ਬੰਨ੍ਹਣ ਵਿਚ ਇਲਾਕੇ ਦੀ ਬੰਨ੍ਹ ਸੰਭਾਲ ਕਮੇਟੀ ਦਾ ਖਾਸ ਸਹਿਯੋਗ ਰਿਹਾ। 

ਇਸ ਦੇ ਨਾਲ-ਨਾਲ ਸਤਿਕਾਰ ਕਮੇਟੀ ਦੇ ਮੁਖੀ ਸੁਰਜੀਤ ਸਿੰਘ ਖੋਸਾ ਉਨ੍ਹਾਂ ਦੀ ਸਮੁੱਚੀ ਟੀਮ ਅਤੇ ਇਲਾਕੇ ਦੇ ਲੋਕਾਂ ਨੇ ਬੰਨ੍ਹ ਨੂੰ ਬੰਨ੍ਹਣ 'ਚ ਅਗਵਾਈ ਕੀਤੀ ਅਤੇ ਸਹਿਯੋਗ ਦਿੱਤਾ। ਦੱਸਣਯੋਗ ਹੈ ਕਿ ਬੀਤੇ 4-5 ਦਿਨਾਂ ਤੋਂ ਇਸ ਪਾੜ ਨੂੰ ਬੰਨ੍ਹਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ। ਇਸ ਬੰਨ੍ਹ ਵਿਚ ਪਾੜ ਪੈਣ ਕਾਰਨ 20 ਦੇ ਕਰੀਬ ਪਿੰਡਾਂ ਵਿਚ ਹੜ੍ਹ ਆ ਗਿਆ ਸੀ। ਇਸ ਤੋਂ ਬਾਅਦ ਇਸ ਇਲਾਕੇ ਲਈ ਵੱਡੀ ਸਮੱਸਿਆ ਇਹ ਪੈਦਾ ਹੋ ਗਈ ਸੀ ਕਿ ਇਸ ਇਲਾਕੇ 'ਚ ਚਿੱਟੀ ਵੇਂਈ ਅਤੇ ਕਾਲਾ ਸੰਘਿਆ ਡਰੇਨ ਦਾ ਕੈਮੀਕਲਯੁਕਤ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ।

ਇਸ ਦੌਰਾਨ 'ਸਪੋਕਸਮੈਨ ਟੀਵੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਖੋਸਾ ਨੇ ਦੱਸਿਆ ਕਿ ਉਨ੍ਹਾਂ ਨੇ 410 ਫੁਟ ਦੇ ਕਰੀਬ ਪਏ ਪਾੜ ਨੂੰ ਭਰ ਕੇ ਪਾਣੀ ਨੂੰ ਰੋਕਿਆ ਹੈ। ਪਿਛਲੇ ਦਿਨੀਂ ਖ਼ਬਰ ਮਿਲੀ ਸੀ ਕਿ ਪੌਂਗ ਡੈਮ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਕਾਰਨ ਪਿੰਡ ਵਾਸੀਆਂ ਨੇ ਦੁਬਾਰਾ ਬੰਨ੍ਹ ਨੂੰ ਪੱਕਾ ਕਰਨ ਦੀ ਮੰਗ ਕੀਤੀ ਸੀ। ਇਸੇ ਤਹਿਤ ਉਨ੍ਹਾਂ ਵੱਲੋਂ ਦੁਬਾਰਾ ਟਰਾਲੀਆਂ ਨਾਲ ਮਿੱਟੀ ਪਾ ਕੇ ਬੰਨ੍ਹ ਨੂੰ ਹੋਰ ਪੱਕਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਮਦਦ ਵਜੋਂ ਸਿਰਫ਼ ਰੱਸੀਆਂ ਦੇ ਕੁੱਝ ਬੰਡਲ ਦਿੱਤੇ ਗਏ, ਜਦਕਿ ਬੰਨ੍ਹ ਨੂੰ ਬਣਾਉਣ ਲਈ ਲੋਹੇ ਦੀਆਂ ਤਾਰਾਂ ਦੀ ਲੋੜ ਪੈਂਦੀ ਹੈ। ਸਰਕਾਰ ਵੱਲੋਂ ਰੱਸੀਆਂ ਦੇ 100 ਬੰਡਲ ਭੇਜੇ ਗਏ ਸਨ, ਜਦਕਿ ਅਸੀ ਆਪਣੀ ਜੇਬੋਂ 500 ਦੇ ਲਗਭਗ ਲੋਹੇ ਦੀਆਂ ਰਿੰਗਾਂ ਬੰਨ੍ਹ ਨੂੰ ਪੂਰਨ 'ਚ ਲਗਾਈਆਂ ਹਨ। ਲੋਹੇ ਦੀ ਇਹ ਤਾਰ ਉਨ੍ਹਾਂ ਨੂੰ ਕਿਸੇ ਸੰਸਥਾ ਨੇ ਦਿੱਤੀ ਅਤੇ ਆਪਣੇ ਕੋਲੋਂ ਦਿਹਾੜੀਆਂ ਦੇ ਕੇ ਰਿੰਗ ਬਣਵਾਏ। 

ਸੁਰਜੀਤ ਸਿੰਘ ਖੋਸਾ ਨੇ ਦੱਸਿਆ ਕਿ ਹੜ੍ਹ ਨਾਲ ਟੱਕਰ ਲੈਣ 'ਚ ਜਿਸ ਤਰ੍ਹਾਂ ਸਿੱਖਾਂ ਨੇ ਬਹਾਦਰੀ ਵਿਖਾਈ, ਉਸ ਨੇ ਅੱਜ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਕਿਸੇ ਦੀ ਖੈਰਾਤ ਦੀ ਮੋਹਤਾਜ਼ ਨਹੀਂ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਗਿੱਦੜਪਿੰਡ ਵਿਚ ਬੰਨ੍ਹ ਨੂੰ ਪੂਰਨ ਦੀ ਅਪੀਲ ਕੀਤੀ ਸੀ ਅਤੇ ਇਸ ਮਗਰੋਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਥੇ ਇਕੱਤਰ ਹੋ ਗਏ। ਲੋਕ ਜਿਵੇਂ ਗੰਨਾ ਮਿਲਾਂ 'ਤੇ ਟਰਾਲੀਆਂ ਲਿਜਾਂਦੇ ਹਨ, ਉਂਜ ਹੀ ਰੇਤੇ ਦੀਆਂ ਬੋਰੀਆਂ ਭਰ ਕੇ ਇਥੇ ਬੰਨ੍ਹ ਪੂਰਨ ਲਈ ਲੈ ਕੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਬੀਤੀ ਦਿਨੀਂ ਇਲਾਕੇ ਦੇ ਡੀਸੀ ਸਾਹਿਬ ਦਾ ਬਿਆਨ ਆਇਆ ਹੈ ਕਿ ਉਨ੍ਹਾਂ ਨੇ ਬੰਨ੍ਹ ਨੂੰ ਠੀਕ ਕਰਵਾ ਦਿੱਤਾ ਹੈ ਅਤੇ ਸਰਕਾਰ ਵੱਲੋਂ ਨਰੇਗਾ ਦੀਆਂ ਰੇਤੇ ਦੀਆਂ ਬੋਰੀਆਂ ਭੇਜੀਆਂ ਗਈਆਂ ਸਨ। ਪਰ ਉਹ ਸਪਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਪਿੰਡ ਮੰਡਾਲਾ 'ਚ ਇਕ ਵੀ ਬੋਰੀ ਨਰੇਗਾ ਤੋਂ ਨਹੀਂ ਪੁੱਜੀ। 

ਸੁਰਜੀਤ ਸਿੰਘ ਖੋਸਾ ਨੇ ਕਿਹਾ, "ਜੇ ਕੋਈ ਕਹਿ ਦੇਵੇ ਕਿ ਇਥੇ ਇਕ ਵੀ ਨਰੇਗਾ ਦੀ ਬੋਰੀ ਪੁੱਜੀ ਹੈ ਤਾਂ ਉਸ ਦੀ ਜੁੱਤੀ ਅਤੇ ਮੇਰਾ ਸਿਰ ਹੋਵੇਗਾ।" ਇਸ ਤੋਂ ਇਲਾਵਾ ਇਥੇ ਜਿਹੜੀ ਵੀ ਮਸ਼ੀਨਰੀ ਲੱਗੀ ਹੋਈ ਹੈ, ਉਸ ਦਾ ਸਾਰਾ ਖ਼ਰਚਾ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ। ਇਥੇ ਹੁਣ ਤਕ 50 ਲੱਖ ਰੁਪਏ ਦਾ ਖ਼ਰਚਾ ਹੋ ਚੁੱਕਾ ਹੈ, ਜੋ ਲੋਕਾਂ ਵੱਲੋਂ ਮਿਲ-ਵੰਡ ਕੇ ਕੀਤਾ ਗਿਆ ਹੈ।