ਡੇਰਾਬੱਸੀ ਤਹਿਸੀਲ ’ਚ ਜਾਅਲੀ NOC ਨਾਲ ਰਜਿਸਟਰੀ ਹੋਣ ਦਾ ਮਾਮਲਾ; ਅਣਪਛਾਤਿਆਂ ਵਿਰੁਧ ਮਾਮਲਾ ਦਰਜ

ਏਜੰਸੀ

ਖ਼ਬਰਾਂ, ਪੰਜਾਬ

173 ਜਾਅਲੀ NOCs ਨਾਲ ਸਰਕਾਰੀ ਖ਼ਜ਼ਾਨੇ ਨੂੰ ਲੱਗਿਆ 2.05 ਕਰੋੜ ਦਾ ਚੂਨਾ

Fake Nocs To Builders: Fir Registered In Derabassi

 

ਮੋਹਾਲੀ: ਡੇਰਾਬੱਸੀ ਵਿਚ ਜਾਅਲੀ ਐਨ.ਓ.ਸੀ. ਦਰਜ ਅਤੇ ਰਿਕਾਰਡ ਨਾਲ ਛੇੜਛਾੜ ਕਰਕੇ ਕਰੋੜਾਂ ਰੁਪਏ ਦੇ ਘਪਲੇ ਦਾ ਪਰਦਾਫਾਸ਼ ਹੋਣ ਤੋਂ 10 ਦਿਨਾਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁਧ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਡੀ.ਸੀ. ਮੁਹਾਲੀ ਨੇ ਡੇਰਾਬੱਸੀ ਦੇ ਐਸ.ਡੀ.ਐਮ. ਡਾ: ਹਿਮਾਂਸ਼ੂ ਗੁਪਤਾ ਨੂੰ ਇਸ ਮਾਮਲੇ ਵਿਚ ਵਿਸ਼ੇਸ਼ ਜਾਂਚ ਅਧਿਕਾਰੀ ਨਿਯੁਕਤ ਕਰਕੇ ਡੇਢ ਸਾਲ ਵਿਚ ਡੇਰਾਬੱਸੀ, ਜ਼ੀਰਕਪੁਰ ਅਤੇ ਲਾਲੜੂ ਵਿਚ ਐਨ.ਓ.ਸੀ. ਦੇ ਆਧਾਰ ’ਤੇ ਕੀਤੀਆਂ ਸਾਰੀਆਂ ਰਜਿਸਟਰੀਆਂ ਦੇ ਰਿਕਾਰਡ ਦੀ ਜਾਂਚ ਕਰਕੇ 10 ਦਿਨਾਂ ਵਿਚ ਰੀਪੋਰਟ ਦੇਣ ਲਈ ਕਿਹਾ ਹੈ।

 

ਐਸ.ਡੀ.ਐਮ. ਨੇ ਜਾਂਚ ਲਈ ਨਗਰ ਨਿਗਮ ਦੇ ਬਾਹਰ ਗਮਾਡਾ ਵਲੋਂ ਜਾਰੀ ਐਨ.ਓ.ਸੀਜ਼. ਦਾ ਡੇਢ ਸਾਲ ਦਾ ਰਿਕਾਰਡ ਵੀ ਮੰਗਿਆ ਹੈ।  ਡੇਰਾਬੱਸੀ ਦੇ ਈਓ ਵਰਿੰਦਰ ਜੈਨ ਦੀ ਸ਼ਿਕਾਇਤ 'ਤੇ ਅਣਪਛਾਤੇ ਲੋਕਾਂ ਵਿਰੁਧ ਆਈਪੀਸੀ ਦੀ ਧਾਰਾ 420, 467, 468, 471 ਅਤੇ 120ਬੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਵਿਚ ਇਕੱਲੇ ਡੇਰਾਬੱਸੀ ਵਿਚ 173 ਜਾਅਲੀ ਐਨ.ਓ.ਸੀ. ਸ਼ਾਮਲ ਹਨ। ਜ਼ੀਰਕਪੁਰ ਅਤੇ ਲਾਲੜੂ ਵਿਚ ਵੱਖਰੇ ਤੌਰ ’ਤੇ ਜਾਂਚ ਚੱਲ ਰਹੀ ਹੈ।

 

ਡੇਰਾਬੱਸੀ ਦੇ ਐਸ.ਡੀ.ਐਮ. ਹਿਮਾਂਸ਼ੂ ਗੁਪਤਾ ਨੇ ਦਸਿਆ ਕਿ ਉਨ੍ਹਾਂ ਨੇ 1 ਅਪ੍ਰੈਲ 2022 ਤੋਂ ਤਿੰਨਾਂ ਨਗਰ ਨਿਗਮਾਂ ਤੋਂ ਐਨ.ਓ.ਸੀ. ਦੇ ਆਧਾਰ ’ਤੇ ਕੀਤੀਆਂ ਗਈਆਂ ਰਜਿਸਟਰੀਆਂ ਦਾ ਰਿਕਾਰਡ ਮੰਗਿਆ ਹੈ। ਨਗਰ ਨਿਗਮ ਵਿਚ ਜਾਇਦਾਦ ਦੀ ਰਜਿਸਟਰੀ ਐਨ.ਓ.ਸੀ. ਦੇ ਆਧਾਰ ’ਤੇ ਕੀਤੀ ਜਾਂਦੀ ਹੈ ਜਦਕਿ ਨਗਰ ਨਿਗਮ ਦੀ ਹੱਦ ਤੋਂ ਬਾਹਰ ਵੀ ਪਲਾਟਾਂ, ਦੁਕਾਨਾਂ ਅਤੇ ਜਾਇਦਾਦਾਂ ਦੀ ਖਰੀਦੋ-ਫਰੋਖਤ ਐਨ.ਓ.ਸੀ. ਦੇ ਆਧਾਰ ’ਤੇ ਹੀ ਹੋ ਰਹੀ ਹੈ। ਐਸ.ਡੀ.ਐਮ. ਨੇ ਦਸਿਆ ਕਿ ਇਸ ਖਦਸ਼ੇ ਕਾਰਨ ਉਨ੍ਹਾਂ ਮਾਲ ਵਿਭਾਗ ਤੋਂ ਨਗਰ ਨਿਗਮ ਦੇ ਬਾਹਰ ਗਮਾਡਾ ਵਲੋਂ ਜਾਰੀ ਐਨ.ਓ.ਸੀ. ਦੇ ਆਧਾਰ ’ਤੇ ਕੀਤੀਆਂ ਗਈਆਂ ਰਜਿਸਟਰੀਆਂ ਦਾ ਰਿਕਾਰਡ ਵੀ ਮੰਗ ਲਿਆ ਹੈ।

 

ਡੇਰਾਬੱਸੀ ਤਹਿਸੀਲ ਤੋਂ ਫਰਜ਼ੀ ਐਨ.ਓ.ਸੀ. ਦੇ ਆਧਾਰ ’ਤੇ ਪਲਾਟਾਂ ਦੀ ਰਜਿਸਟਰੀ ਕਰਵਾ ਕੇ ਹੁਣ ਤਕ ਡੇਰਾਬਸੀ ਨਗਰ ਨਿਗਮ ਨੂੰ ਰੈਗੂਲਰਾਈਜ਼ੇਸ਼ਨ ਅਤੇ ਨਕਸ਼ਿਆਂ ਦੇ ਰੂਪ ਵਿਚ 2.05 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ। ਮਾਲ ਵਿਭਾਗ ਵਲੋਂ ਜਮ੍ਹਾਂ ਕਰਵਾਈਆਂ ਗਈਆਂ 8 ਮਹੀਨਿਆਂ ਦੀਆਂ 815 ਐਨ.ਓ.ਸੀਜ਼. ਦੀ 8 ਜਾਂਚ 'ਚੋਂ ਹੁਣ ਤਕ 173 ਐਨ.ਓ.ਸੀਜ਼ ਫਰਜ਼ੀ ਹਨ। ਇਸ ਜਾਂਚ ਮਗਰੋਂ ਜਾਅਲੀ ਐਨ.ਓ.ਸੀਜ਼. ਨੂੰ ਰੱਦ ਕੀਤਾ ਜਾ ਸਕਦਾ ਹੈ।