ਕੈਪਟਨ ਅਮਰਿੰਦਰ ਸਿੰਘ ਵਲੋਂ ਮਹਿਲਾਵਾਂ ਦੇ ਹੱਕ 'ਚ ਹੰਭਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਔਰਤਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫ਼ਤ ਪੁਲਿਸ ਸਹਾਇਤਾ ਮਿਲੇਗੀ, ਸਹੂਲਤ 100, 112 ਅਤੇ 181 ਨੰਬਰ 'ਤੇ ਮੌਜੂਦ

Capt Amarinder Singh in favor of women

ਚੰਡੀਗੜ੍ਹ  (ਸਪੋਕਸਮੈਨ ਸਮਾਚਾਰ ਸੇਵਾ) : ਔਰਤਾਂ ਦੀ ਸੁਰੱਖਿਆ ਪ੍ਰਤੀ ਵਧ ਰਹੀ ਫ਼ਿਕਰਮੰਦੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਔਰਤਾਂ ਨੂੰ ਘਰ ਜਾਣ ਲਈ ਢੁਕਵਾਂ ਸਾਧਨ ਨਾ ਮਿਲਣ ਦੀ ਸੂਰਤ ਵਿਚ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫ਼ਤ ਪੁਲਿਸ ਸਹਾਇਤਾ ਮੁਹਈਆ ਕਰਵਾਉਣ ਦਾ ਐਲਾਨ ਕੀਤਾ ਹੈ।

ਸੂਬਾ ਭਰ ਵਿਚ ਇਹ ਸਹੂਲਤ 100, 112 ਅਤੇ 181 ਨੰਬਰ 'ਤੇ ਮੌਜੂਦ ਹੋਵੇਗੀ ਜਿਨ੍ਹਾਂ ਰਾਹੀਂ ਸੰਪਰਕ ਕਰਨ ਵਾਲੀ ਮਹਿਲਾ ਤੁਰਤ ਪੁਲਿਸ ਕੰਟਰੋਲ ਰੂਮ (ਪੀ.ਸੀ.ਆਰ.) ਨਾਲ ਜੁੜ ਜਾਵੇਗੀ। ਮੁੱਖ ਮੰਤਰੀ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਹ ਸੁਵਿਧਾ ਸੂਬਾ ਭਰ ਵਿਚ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਹੁਕਮ ਦਿਤੇ।

ਘਰੋਂ ਲਿਜਾਣ ਅਤੇ ਛੱਡਣ ਦੀ ਸੁਵਿਧਾ ਉਨ੍ਹਾਂ ਮਹਿਲਾਵਾਂ ਨੂੰ ਹਾਸਲ ਹੋਵੇਗੀ, ਜਿਨ੍ਹਾਂ ਦੀ ਟੈਕਸੀ ਜਾਂ ਥ੍ਰੀ-ਵ੍ਹੀਲਰ ਵਰਗੇ ਸੁਰੱਖਿਅਤ ਵਾਹਨ ਤਕ ਪਹੁੰਚ ਨਾ ਹੋਵੇ। ਔਰਤ ਵਿਚ ਸੁਰੱਖਿਆ ਦੀ ਭਾਵਨਾ ਵਜੋਂ ਮੁੱਖ ਮੰਤਰੀ ਨੇ ਹੁਕਮ ਦਿਤੇ ਕਿ ਆਵਾਜਾਈ ਦੌਰਾਨ ਸਬੰਧਤ ਔਰਤ ਨਾਲ ਘੱਟੋ-ਘੱਟ ਇਕ ਮਹਿਲਾ ਪੁਲਿਸ ਅਫ਼ਸਰ ਜ਼ਰੂਰ ਹੋਣੀ ਚਾਹੀਦੀ ਹੈ।

ਡੀ.ਜੀ.ਪੀ. ਨੇ ਦਸਿਆ ਕਿ ਸੂਬੇ ਵਿਚ ਮੁਹਾਲੀ, ਪਟਿਆਲਾ ਅਤੇ ਬਠਿੰਡਾ ਸਮੇਤ ਹੋਰ ਵੱਡੇ ਸ਼ਹਿਰਾਂ ਵਿਚ ਪੁਲਿਸ ਹੈੱਡਕੁਆਟਰਾਂ 'ਤੇ ਸਮਰਪਤ ਪੀ.ਸੀ.ਆਰ. ਵਾਹਨ ਮੌਜੂਦ ਹੋਣਗੇ।

ਜ਼ਿਕਰਯੋਗ ਹੈ ਕਿ ਤੇਲੰਗਾਨਾ ਵਿਚ ਇਕ ਵੈਟਰਨਰੀ ਡਾਕਟਰ ਨੂੰ ਦੋਸ਼ੀਆਂ ਵਲੋਂ ਅਗ਼ਵਾ ਕਰ ਕੇ ਬਲਾਤਕਾਰ ਕਰਨ ਪਿਛੋਂ ਅੱਗ ਲਾ ਸਾੜ ਦੇਣ ਨਾਲ ਕੌਮੀ ਪੱਧਰ 'ਤੇ ਪੈਦਾ ਹੋਏ ਜਨਤਕ ਰੋਸ ਦੇ ਸੰਦਰਭ ਵਿਚ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।