ਹਸਪਤਾਲ 'ਚ ਲੰਗਰ ਬੰਦ ਕਰਾਉਣ ਦੇ ਵਿਰੋਧ 'ਚ ਡਟੀ ਹਰਸਿਮਰਤ, ਰਾਜਸਥਾਨ ਦੇ ਸੀਐਮ ਨੂੰ ਲਿਖੀ ਚਿੱਠੀ
ਸਦੀਆਂ ਤੋਂ ਪਰੰਪਰਾ ਚਲਦੀ ਆ ਰਹੀ ਹੈ ਕਿ ਗੁਰੂ ਘਰ ਦੇ ਸੱਚੇ ਸ਼ਰਧਾਲੂ ਹਮੇਸ਼ਾ ਦੀਨ-ਦੁਖੀਆਂ ਤਕ ਪਹੁੰਚਦੇ ਹਨ ਅਤੇ ਉਨ੍ਹਾਂ ਦੇ ਮੂੰਹ 'ਚ ਗੁਰੂ ਕਾ ਲੰਗਰ ਜ਼ਰੂਰ ਪਾਉਂਦੇ ਹਨ
ਚੰਡੀਗੜ੍ਹ- ਸਦੀਆਂ ਤੋਂ ਪਰੰਪਰਾ ਚਲਦੀ ਆ ਰਹੀ ਹੈ ਕਿ ਗੁਰੂ ਘਰ ਦੇ ਸੱਚੇ ਸ਼ਰਧਾਲੂ ਹਮੇਸ਼ਾ ਦੀਨ-ਦੁਖੀਆਂ ਤਕ ਪਹੁੰਚਦੇ ਹਨ ਅਤੇ ਉਨ੍ਹਾਂ ਦੇ ਮੂੰਹ 'ਚ ਗੁਰੂ ਕਾ ਲੰਗਰ ਜ਼ਰੂਰ ਪਾਉਂਦੇ ਹਨ। ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਕੈਂਸਰ ਪੀੜਤ ਮਾਲਵਾ ਦੇ ਲੋਕ ਬਠਿੰਡੇ ਤੋਂ ਚੱਲਣ ਵਾਲੀ ਗੱਡੀ 'ਚ ਬੈਠ ਕੇ ਰਾਜਸਥਾਨ ਦੇ ਬੀਕਾਨੇਰ ਦੇ ਕੈਂਸਰ ਹਸਪਤਾਲ 'ਚ ਪਹੁੰਚਦੇ ਹਨ ਜਿਥੇ ਰਿਹਾਇਸ਼ ਤੇ ਖਾਣ ਪੀਣ ਸਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਦੇ ਮੱਦੇਨਜ਼ਰ ਹਲਕਾ ਤਲਵੰਡੀ ਸਾਬੋ ਦੇ 15 ਪਿੰਡਾਂ ਦੇ ਲੋਕਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਬੀਕਾਨੇਰ 'ਚ ਕੈਂਸਰ ਹਸਪਤਾਲ 'ਚ ਲੰਗਰ ਚਲਾਇਆ ਜਾ ਰਿਹਾ ਹੈ ਪਰ ਹੁਣ ਇਸ ਲੰਗਰ ਨੂੰ ਰਾਜਸਥਾਨ ਸਰਕਾਰ ਨੇ ਇਕ ਵਾਰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਦੇ ਇਸ ਹੁਕਮ ਕਾਰਨ ਹਲਕੇ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।
ਤੇ ਹੁਣ ਇਸ ਮਾਮਲੇ ਨੂੰ ਲੈ ਕੇ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਲੰਗਰ ਮੁੜ ਬਹਾਲ ਕਰਨ ਦੀਆਂ ਆਰੰਭੀਆਂ ਕੋਸ਼ਿਸਾਂ ਤਹਿਤ ਉਨ੍ਹਾਂ ਵੱਲੋਂ ਮਾਮਲਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਧਿਆਨ 'ਚ ਲਿਆਉਣ ਉਪਰੰਤ ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਰਾਜਸਥਾਨ ਨੂੰ ਚਿੱਠੀ ਲਿਖ ਕੇ ਲੰਗਰ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ।
ਅਕਾਲੀ ਦਲ ਦੇ ਸਥਾਨਕ ਸੂਤਰਾਂ ਨੇ ਦੱਸਿਆ ਕਿ ਲੰਗਰ ਕਮੇਟੀ ਵੱਲੋਂ ਸਾਰਾ ਮਸਲਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਧਿਆਨ 'ਚ ਲਿਆਉਣ ਉਪਰੰਤ ਉਨ੍ਹਾਂ ਨੇ ਅੱਜ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਧਿਆਨ 'ਚ ਮਾਮਲਾ ਲਿਆਂਦਾ ਜਿਸ ਤੋਂ ਬਾਅਦ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਲਿਖੀ ਚਿੱਠੀ 'ਚ ਬੀਬੀ ਬਾਦਲ ਨੇ ਉਨ੍ਹਾਂ ਦੇ ਲੋਕ ਸਭਾ ਹਲਕੇ ਬਠਿੰਡਾ ਦੇ ਪਿੰਡਾਂ ਵੱਲੋਂ ਪਿਛਲੇ 6 ਸਾਲਾਂ ਤੋਂ ਬੀਕਾਨੇਰ ਕੈਂਸਰ ਹਸਪਤਾਲ 'ਚ ਚਲਾਏ ਜਾ ਰਹੇ
ਲੰਗਰ ਨੂੰ ਪ੍ਰਸ਼ਾਸਨ ਵੱਲੋਂ ਬੰਦ ਕਰਵਾਉਣ ਅਤੇ ਸ਼ੈੱਡ ਪੁਟਵਾਉਣ ਦੀ ਘਟਨਾ ਨੂੰ ਗਲਤ ਕਰਾਰ ਦਿੰਦਿਆਂ ਮੁੱਖ ਮੰਤਰੀ ਨੂੰ ਦੱਸਿਆ ਕਿ ਲੰਗਰ ਚੱਲਣ ਨਾਲ ਉਕਤ ਹਸਪਤਾਲ 'ਚ ਇਲਾਜ ਕਰਵਾਉਣ ਲਈ ਆਉਂਦੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਨੂੰ ਮੁਫਤ ਖਾਣਾ ਮੁਹੱਈਆ ਹੁੰਦਾ ਸੀ। ਉਨ੍ਹਾਂ ਲਿਖਿਆ ਕਿ ਲੰਗਰ ਬੰਦ ਹੋਣ ਨਾਲ ਸਭ ਤੋਂ ਵੱਡੀ ਪ੍ਰੇਸ਼ਾਨੀ ਲੋੜਵੰਦ ਮਰੀਜਾਂ ਨੂੰ ਆਵੇਗੀ। ਬੀਬੀ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਖੁਦ ਸਾਡੇ ਹਲਕੇ ਦੇ ਲੋਕਾਂ ਵੱਲੋਂ ਚਲਾਏ ਜਾ ਰਹੇ ਲੰਗਰ ਨੂੰ ਬਹਾਲ ਕਰਵਾਉਣ ਤਾਂਕਿ ਉੱਥੇ ਇਲਾਜ ਕਰਵਾਉਣ ਆਉਂਦੇ ਲੋਕਾਂ ਨੂੰ ਖਾਣੇ ਦੀ ਮੁਸ਼ਕਿਲ ਨਾ ਆਵੇ।