ਕੈਂਸਰ ਹਸਪਤਾਲ 15 ਸਾਲਾਂ ਤੋਂ ਚੱਲ ਰਿਹਾ ਸੀ ਲੰਗਰ, ਰਾਜਸਥਾਨ ਸਰਕਾਰ ਨੇ ਬੰਦ ਕਰਨ ਦੇ ਦਿਤੇ ਹੁਕਮ!

ਏਜੰਸੀ

ਖ਼ਬਰਾਂ, ਪੰਜਾਬ

ਲੰਗਰ ਬੰਦ ਕਰਨ ਖਿਲਾਫ਼ ਲੋਕਾਂ 'ਚ ਰੋਸ

file photo

ਬੀਕਾਨੇਰ : ਸਦੀਆਂ ਤੋਂ ਪਰੰਪਰਾ ਚਲਦੀ ਆ ਰਹੀ ਹੈ ਕਿ ਗੁਰੂ ਘਰ ਦੇ ਸੱਚੇ ਸ਼ਰਧਾਲੂ ਹਮੇਸ਼ਾ ਦੀਨ-ਦੁਖੀਆਂ ਤਕ ਪਹੁੰਚ ਕਰ ਕੇ ਉਨ੍ਹਾਂ ਦੇ ਮੂੰਹ 'ਚ ਗੁਰੂ ਕਾ ਲੰਗਰ ਜ਼ਰੂਰ ਪਾਉਂਦੇ ਹਨ। ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਕੈਂਸਰ ਪੀੜਤ ਮਾਲਵਾ ਦੇ ਲੋਕ ਬਠਿੰਡੇ ਤੋਂ ਚੱਲਣ ਵਾਲੀ ਗੱਡੀ 'ਚ ਬੈਠ ਕੇ ਰਾਜਸਥਾਨ ਦੇ ਬੀਕਾਨੇਰ ਦੇ ਕੈਂਸਰ ਹਸਪਤਾਲ 'ਚ ਪਹੁੰਚਦੇ ਹਨ ਜਿਥੇ ਰਿਹਾਇਸ਼ ਤੇ ਖਾਣ ਪੀਣ ਸਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਦੇ ਮਦੇਨਜ਼ਰ ਹਲਕਾ ਤਲਵੰਡੀ ਸਾਬੋ ਦੇ 15 ਪਿੰਡਾਂ ਦੇ ਲੋਕਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਬੀਕਾਨੇਰ 'ਚ ਕੈਂਸਰ ਹਸਪਤਾਲ 'ਚ ਲੰਗਰ ਚਲਾਇਆ ਜਾ ਰਿਹਾ ਹੈ ਪਰ ਹੁਣ ਇਸ ਲੰਗਰ ਨੂੰ ਰਾਜਸਥਾਨ ਸਰਕਾਰ  ਇਕ ਵਾਰ ਬੰਦ ਕਰਨ ਦੇ ਹੁਕਮ ਦਿਤੇ ਹਨ। ਸਰਕਾਰ ਦੇ ਇਸ ਹੁਕਮ ਕਾਰਨ ਹਲਕੇ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।

ਉਧਰ ਪਹਿਲਾਂ ਇਸ ਲੰਗਰ ਨੂੰ ਬਹਾਲ ਕਰਵਾਉਣ 'ਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਕੈਂਸਰ ਹਸਪਤਾਲ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਅਤੇ ਅੱਜ ਰਾਜਸਥਾਨ ਸਿਹਤ ਵਿਭਾਗ ਦੇ ਸੈਕਟਰੀ ਨਾਲ ਗੱਲ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਲੰਗਰ ਬਹਾਲ ਕਰਵਾਉਣ ਲਈ ਉਹ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਤਕ ਪਹੁੰਚ ਕਰਨ ਤੋਂ ਪਿਛੇ ਨਹੀਂ ਹਟਣਗੇ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਰਕਾਰਾਂ ਆਪ ਤਾਂ ਦੁਖੀਆਂ, ਗ਼ਰੀਬਾਂ ਤੇ ਮਰੀਜ਼ਾਂ ਨੂੰ ਬਣਦੀਆਂ ਸਹੂਲਤਾਂ ਦਿੰਦੀਆਂ ਨਹੀਂ, ਅਗਰ ਸਮਾਜ ਦੇ ਲੋਕ ਮਿਲ ਕੇ ਉਨ੍ਹਾਂ ਦੀ ਮਦਦ ਕਰਨ ਲਈ ਸਾਹਮਣੇ ਆਉਂਦੇ ਹਨ ਤਾਂ ਉਸ 'ਤੇ ਵੀ ਰੋਕ ਲਾ ਦੇਣੀ, ਸਿਆਸੀ ਮਾਨਸਿਕਤਾ ਨੂੰ ਦਰਸਾਉਂਦਾ ਹੈ।