'ਬ੍ਰਾਹਮਣਵਾਦੀ' ਤਰੀਕੇ ਨਾਲ ਹੋਈ ਕਰਤਾਰਪੁਰ ਲਾਂਘੇ ਦੇ ਕੰਮ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਵਾਲੇ ਪਾਸੇ ਵੀ ਹੁਣ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ।

Kartarpur Sahib

ਅੰਮ੍ਰਿਤਸਰ: ਭਾਰਤ ਵਾਲੇ ਪਾਸੇ ਵੀ ਹੁਣ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਜਿਸ ਨੂੰ ਲੈ ਕੇ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਪਰ ਜਿਸ ਬ੍ਰਾਹਮਣਵਾਦੀ ਪੰਡ ਨਾਲ ਕੰਮ ਦੀ ਸ਼ੁਰੂਆਤ ਕੀਤੀ ਗਈ, ਉਹ ਯਕੀਨਨ ਤੌਰ 'ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਪਾਕਿਸਤਾਨ ਸਥਿਤ ਬਾਬੇ ਨਾਨਕ ਦੇ ਪਵਿੱਤਰ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਲਾਂਘੇ ਦਾ ਕੰਮ ਸ਼ੁਰੂ ਕਰਨ ਲਈ ਬਕਾਇਦਾ ਬ੍ਰਾਹਮਣਵਾਦੀ ਤਰੀਕੇ ਨਾਲ ਭੂਮੀ ਪੂਜਨ ਕੀਤਾ ਗਿਆ।

ਤਸਵੀਰਾਂ ਵਿਚ ਤੁਸੀਂ ਇਕ ਸਿੱਖ ਨੂੰ ਨਾਰੀਅਲ ਤੋੜਦੇ ਹੋਏ ਸਾਫ਼ ਦੇਖ ਸਕਦੇ ਹੋ। ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਜਿਹੜੇ ਬਾਬਾ ਨਾਨਕ ਨੇ 550 ਸਾਲ ਪਹਿਲਾਂ ਬ੍ਰਾਹਮਣਵਾਦੀ ਪਾਖੰਡਵਾਦ ਦਾ ਡਟ ਕੇ ਵਿਰੋਧ ਕੀਤਾ ਸੀ, ਅੱਜ ਉਸੇ ਬਾਬਾ ਨਾਨਕ ਨਾਲ ਜੁੜੇ ਪਵਿੱਤਰ ਅਸਥਾਨ ਦੇ ਰਸਤੇ ਦਾ ਕੰਮ ਸ਼ੁਰੂ ਕਰਨ ਲਈ ਬ੍ਰਾਹਮਣਵਾਦੀ ਪਾਖੰਡ ਕੀਤੇ ਜਾ ਰਹੇ ਹਨ।

ਉਧਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਬਾਬੇ ਨਾਨਕ ਦੇ ਪਵਿੱਤਰ ਅਸਥਾਨ ਨੂੰ ਜੋੜਨ ਵਾਲੇ ਕਰਤਾਰਪੁਰ ਲਾਂਘੇ 'ਤੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਨਾਰੀਅਲ ਤੋੜ ਕੇ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਉਲਟ ਕਾਰਵਾਈ ਕੀਤੀ ਗਈ ਹੈ ਅਤੇ ਇਸ ਦਾ ਸਖ਼ਤ ਨੋਟਿਸ ਲਿਆ ਜਾਣਾ ਚਾਹੀਦਾ ਹੈ।

ਜ਼ਿਕਰਯੋਗ ਐ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਵਲੋਂ ਅਜਿਹਾ ਇਕ ਪਾਖੰਡ ਕੀਤਾ ਗਿਆ ਸੀ ਜਦੋਂ ਉਹ ਪਾਕਿਸਤਾਨ ਵਾਲੇ ਪਾਸੇ ਲਾਂਘੇ ਦਾ ਨੀਂਹ ਪੱਥਰ ਰੱਖਣ ਵਾਲੀ ਥਾਂ 'ਤੇ ਛਿੜਕੜ ਲਈ ਪਾਕਿਸਤਾਨ ਜਾਂਦੇ ਸਮੇਂ ਅਪਣੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦਾ ਜਲ ਲੈ ਗਈ ਸੀ। ਉਸ ਸਮੇਂ ਵੀ ਇਸ ਤਰ੍ਹਾਂ ਦੇ ਪਾਖੰਡਵਾਦ ਦੀ ਕਈ ਸਿੱਖ ਆਗੂਆਂ ਵਲੋਂ ਨਿੰਦਾ ਕੀਤੀ ਗਈ ਸੀ।

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਸ਼ੁਰੂ ਹੋਣ ਦੀ ਜਿੰਨੀ ਖ਼ੁਸ਼ੀ ਮਹਿਸੂਸ ਹੋ ਰਹੀ ਹੈ, ਉਸ ਤੋਂ ਕਿਤੇ ਜ਼ਿਆਦਾ ਬਾਬੇ ਨਾਨਕ ਦੇ ਫ਼ਲਸਫ਼ੇ ਦਾ ਘਾਣ ਹੁੰਦਾ ਦੇਖ ਦੁੱਖ ਮਹਿਸੂਸ ਹੋ ਰਿਹਾ ਹੈ। ਖ਼ੈਰ..ਸਿੱਖ ਕੌਮ ਨੂੰ ਜਾਗਣ ਦੀ ਲੋੜ ਹੈ, ਜੇਕਰ ਅਜੇ ਵੀ ਸਿੱਖ ਕੌਮ ਨਾ ਜਾਗੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਬ੍ਰਾਹਮਣਵਾਦੀ ਪਾਖੰਡ ਪੂਰੀ ਤਰ੍ਹਾਂ ਸਿੱਖ ਕੌਮ ਵਿਚ ਘਰ ਕਰ ਜਾਣਗੇ।