ਅਦਾਲਤ ਨੇ ਮੁਲਜ਼ਮਾਂ ਨੂੰ ਪਠਾਨਕੋਟ ਦੀ ਜੇਲ ਵਿਚ ਰਖਣ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਠੂਆ ਵਿਖੇ ਇਕ ਅੱਠ ਸਾਲ ਦੀ ਬੱਚੀ ਨਾਲ ਜਬਰ-ਜਨਾਹ ਤੇ ਹਤਿਆ ਮਾਮਲੇ ਦੀ ਸੁਣਵਾਈ ਸਮੇਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਤੇਜਵਿੰਦਰ ਸਿੰਘ ਦੀ ਅਦਾਲਤ...

Court

ਪਠਾਨਕੋਟ,  ਕਠੂਆ ਵਿਖੇ ਇਕ ਅੱਠ ਸਾਲ ਦੀ ਬੱਚੀ ਨਾਲ ਜਬਰ-ਜਨਾਹ ਤੇ ਹਤਿਆ ਮਾਮਲੇ ਦੀ ਸੁਣਵਾਈ ਸਮੇਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਤੇਜਵਿੰਦਰ ਸਿੰਘ ਦੀ ਅਦਾਲਤ ਨੇ ਡੀ.ਆਈ.ਜੀ. ਪੰਜਾਬ ਦੇ ਇਕ ਪੱਤਰ ਦੇ ਹਵਾਲੇ ਨਾਲ ਮੁਲਜ਼ਮਾਂ ਨੂੰ ਪਠਾਨਕੋਟ ਸਬ ਜੇਲ ਵਿਚ ਤਬਦੀਲ ਨਾ ਕਰਨ ਲਈ ਕਹਿ ਦਿਤਾ ਅਤੇ ਉਨ੍ਹਾਂ ਨੂੰ ਕਠੂਆ ਤੋਂ ਹੀ ਲਿਆਉਣ ਲਈ ਆਦੇਸ਼ ਦਿਤਾ। ਡੀ.ਆਈ.ਜੀ. ਨੇ ਅਪਣੇ ਪੱਤਰ ਵਿਚ ਲਿਖਿਆ ਸੀ ਕਿ ਮੁਲਜ਼ਮਾਂ ਨੂੰ ਪਠਾਨਕੋਟ ਤਬਦੀਲ ਕਰਨ ਨਾਲ ਕਾਨੂੰਨ ਤੇ ਸੁਰੱਖਿਆ ਦੀ ਸਮੱਸਿਆ ਆਵੇਗੀ। 

ਬਚਾਅ ਪੱਖ ਦੇ ਐਡਵੋਕੇਟ ਏ.ਕੇ. ਸਾਹਨੀ ਨੇ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਵਲੋਂ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਐਸ.ਐਸ. ਬਸਰਾ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਮੁਲਜ਼ਮਾਂ ਨੂੰ ਰੋਜ਼ਾਨਾ ਕਠੂਆ ਜੇਲ ਤੋਂ ਪਠਾਨਕੋਟ ਵਿਖੇ ਅਦਾਲਤ ਵਿਚ ਲੈ ਕੇ ਆਉਣਾ ਅਤੇ ਫਿਰ ਪੇਸ਼ੀ ਬਾਅਦ ਵਾਪਸ ਲਿਜਾਣਾ ਬਹੁਤ ਜ਼ੋਖ਼ਮ ਭਰਿਆ ਕਾਰਜ ਹੈ ਅਤੇ ਰਸਤੇ ਵਿਚ ਕਿਸੇ ਵੀ ਸਮੇਂ ਕੋਈ ਘਟਨਾ ਵਾਪਰ ਸਕਦੀ ਹੈ ਜਾਂ ਝਗੜਾ ਹੋ ਸਕਦਾ ਹੈ। ਇਸ ਕਰ ਕੇ ਇਨ੍ਹਾਂ ਨੂੰ ਪਠਾਨਕੋਟ ਵਿਖੇ ਹੀ ਰਖਿਆ ਜਾਵੇ। 

ਸਾਹਨੀ ਨੇ ਕਿਹਾ ਕਿ ਉਨ੍ਹਾਂ ਪਬਲਿਕ ਪ੍ਰੋਸੀਕਿਊਟਰ ਦੀ ਦਲੀਲ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਜੰਮੂ-ਕਸ਼ਮੀਰ ਦੇ ਅਪਣੇ ਮੁਢਲੇ ਅਧਿਕਾਰ ਹਨ ਇਸ ਕਰ ਕੇ ਮੁਲਜ਼ਮਾਂ ਨੂੰ ਪਠਾਨਕੋਟ ਵਿਖੇ ਰਖਣ ਨਾਲ ਬਹੁਤ ਸਾਰੀਆਂ ਦਿਕਤਾਂ ਤੇ ਪ੍ਰੇਸ਼ਾਨੀਆਂ ਆਉਣਗੀਆਂ ਅਤੇ ਪੰਜਾਬ ਸਰਕਾਰ ਵੀ ਉਨ੍ਹਾਂ ਦਾ ਇਥੇ ਰਹਿਣ ਦਾ ਖ਼ਰਚਾ ਕਿਉਂ ਬਰਦਾਸ਼ਤ ਕਰੇਗੀ। ਕਠੂਆ ਤੋਂ ਪਠਾਨਕੋਟ ਦਾ 20-25 ਕਿਲੋਮੀਟਰ ਦਾ ਸਫ਼ਰ ਅਸਾਨੀ ਨਾਲ ਹੋ ਸਕਦਾ ਹੈ। ਇਸ ਕਰ ਕੇ ਇਨ੍ਹਾਂ ਨੂੰ ਕਠੂਆ ਵਿਖੇ ਹੀ ਰਹਿਣ ਦਿਤਾ ਜਾਵੇ ਅਤੇ ਰੋਜ਼ਾਨਾ ਸੁਣਵਾਈ ਸਮੇਂ ਕਠੂਆ ਤੋਂ ਪਠਾਨਕੋਟ ਲਿਆਂਦਾ ਜਾਵੇ। 

ਜੱਜ ਨੇ ਏ.ਕੇ. ਸਾਹਨੀ ਦੀਆਂ ਦਲੀਲਾਂ ਸੁਣਨ ਅਤੇ ਡੀ.ਆਈ.ਜੀ. ਪੰਜਾਬ ਦੇ ਪੱਤਰ ਨੂੰ ਮੁੱਖ ਰੱਖਦੇ ਹੋਏ ਮੁਲਜ਼ਮਾਂ ਨੂੰ ਕਠੂਆ ਤੋਂ ਹੀ ਲਿਆਉਣ ਦੇ ਹੁਕਮ ਦੇ ਦਿਤੇ। ਬਚਾਅ ਪੱਖ ਦੇ ਜੰਮੂ ਤੋਂ ਐਡਵੋਕੇਟ ਏ.ਕੇ ਸਾਹਨੀ ਨੇ ਕਿਹਾ ਕਿ ਉਨ੍ਹਾਂ ਬੀਤੇ ਦਿਨ ਇਤਰਾਜ਼ ਉਠਾਇਆ ਸੀ ਕਿ ਪਠਾਨਕੋਟ ਦੇ ਜ਼ਿਲ੍ਹਾ ਅਟਾਰਨੀ ਜੇ.ਕੇ ਚੋਪੜਾ ਜੰਮੂ-ਕਸ਼ਮੀਰ ਕ੍ਰੀਮੀਨਲ ਪ੍ਰੋਸੀਜ਼ਰ ਕੋਰਟ ਤਹਿਤ ਪਬਲਿਕ ਪ੍ਰੋਸੀਕਿਊਟਰ ਦੇ ਸਹਾਇਕ ਵਜੋਂ ਅਦਾਲਤ ਅੰਦਰ ਦਾਖ਼ਲ ਨਹੀਂ ਹੋ ਸਕਦੇ।

ਇਸ ਦੇ ਜਵਾਬ ਵਿਚ ਸੈਸ਼ਨ ਜੱਜ ਨੇ ਜੇ.ਕੇ.ਚੋਪੜਾ ਨੂੰ ਦੋ ਦਿਨ ਦਾ ਸਮਾਂ ਦਿਤਾ ਕਿ ਉਹ ਅਪਣੀ ਜੰਮੂ-ਕਸ਼ਮੀਰ ਸਰਕਾਰ ਦੀ ਮਨਜ਼ੂਰੀ ਲਿਆ ਕੇ ਦਿਖਾਉਣ। ਏ.ਕੇ.ਸਾਹਨੀ ਨੇ ਅੱਗੇ ਦਸਿਆ ਕਿ ਅੱਜ ਪਬਲਿਕ ਪ੍ਰੋਸੀਕਿਊਟਰ ਐਸ.ਐਸ. ਬਸਰਾ ਨੇ 500 ਸਫ਼ਿਆਂ ਦੀ ਦਰਜ ਚਾਰਜਸ਼ੀਟ ਜੋ ਕਿ ਉਰਦੂ ਵਿਚ ਹੈ, ਦੀ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਅਨੁਵਾਦਤ ਹੋਈ ਕਾਪੀ ਮੁਹਈਆ ਕਰਵਾ ਦਿਤੀ। 

ਪੀੜਤ ਪੱਖ ਵਲੋਂ ਅੱਜ ਮ੍ਰਿਤਕ ਬੱਚੀ ਦਾ ਪਿਤਾ ਵੀ ਪੇਸ਼ ਹੋਇਆ ਅਤੇ ਉਸ ਨੇ ਅਪਣਾ ਮੁਖ਼ਤਾਰਨਾਮਾ ਵੀ ਕੇ.ਕੇ.ਪੁਰੀ ਐਡਵੋਕੇਟ ਤੇ ਉਸ ਦੇ ਜੂਨੀਅਰ ਐਡਵੋਕੇਟ ਦੇ ਹੱਕ ਵਿਚ ਦੇ ਦਿਤਾ ਕਿ ਉਹ ਵੀ ਐਸ.ਐਸ.ਬਸਰਾ ਦੀ ਸਹਾਇਤਾ ਲਈ ਪ੍ਰਾਈਵੇਟ ਐਡਵੋਕੇਟ ਵਜੋਂ ਪੇਸ਼ ਹੋਇਆ ਕਰਨਗੇ।