ਅੰਮ੍ਰਿਤਸਰ ਦੀ ਹਦੂਦ ਤੋਂ ਦੂਰ ਕਿਉਂ ਛੱਡੇ ਗਏ ਮੰਦਬੁੱਧੀ ਤੇ ਬੇਸਹਾਰਾ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਦਾ ਕਹਿਣਾ ਗੱਡੀਆਂ ਪੁਲਿਸ ਕੋਲ 

Pic-1

ਝਬਾਲ : ਬੀਤੀ ਦੇਰ ਰਾਤ ਸ੍ਰੋਮਣੀ ਕਮੇਟੀ ਦੀਆਂ ਅੰਮ੍ਰਿਤਸਰ ਤੋਂ ਫ੍ਰੀ ਸੇਵਾ ਵਾਲੀਆਂ ਕੁੱਝ ਗੱਡੀਆਂ 'ਚ ਲੱਦ ਕੇ ਲਿਆਂਦੇ ਗਏ ਬੇਸਹਾਰਾ ਸੈਂਕੜੇ ਲੋਕਾਂ ਨੂੰ ਕਸਬਾ ਗੰਡੀਵਿੰਡ ਵਿਖੇ ਸ਼ੱਕੀ ਹਾਲਾਤ 'ਚ ਲਵਾਰਸ ਛੱਡ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਹ ਸਾਫ਼ ਨਹੀਂ ਹੋ ਰਿਹਾ ਕਿ ਇਨ੍ਹਾਂ ਬੇਸਹਾਰਾ ਲੋਕਾਂ ਨੂੰ ਇੱਥੇ ਕਿਉਂ ਛਡਿਆ ਗਿਆ ਪਰ ਪਿੰਡ ਵਾਲਿਆਂ ਦੀ ਵਿਰੋਧਤਾ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਵਾਪਸ ਵੀ ਲਿਜਾਣਾ ਪਿਆ ਹੈ। ਬੀਤੀ ਦੇਰ ਰਾਤ ਸ਼੍ਰੋਮਣੀ ਕਮੇਟੀ ਦੀਆਂ ਕੁੱਝ ਗੱਡੀਆਂ ਵਲੋਂ ਕਸਬਾ ਗੰਡੀਵਿੰਡ ਸਥਿਤ ਬਲਜੀਤ ਸਿੰਘ ਪਟਵਾਰੀ ਦੀ ਅਟਾਰੀ ਰੋਡ 'ਤੇ ਨਵੀਂ ਮਾਰਕੀਟ ਦੇ ਬਾਹਰ ਖ਼ਾਲੀ ਜਗ੍ਹਾ 'ਤੇ ਉਤਾਰਿਆ ਜਾ ਰਿਹਾ ਸੀ ਤਾਂ ਪਿੰਡ ਦੇ ਲੋਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਇਕੱਠੇ ਹੋ ਗਏ।

ਕੁੱਝ ਗੱਡੀਆਂ ਤਾਂ ਇਨ੍ਹਾਂ ਲੋਕਾਂ ਨੂੰ ਉਤਾਰ ਕੇ ਚਲੀਆਂ ਗਈਆਂ ਤੇ ਜਿਹੜੀਆਂ ਗੱਡੀਆਂ ਮੌਜੂਦ ਸਨ, ਉਨ੍ਹਾਂ ਨੂੰ ਲੋਕਾਂ ਨੇ ਘੇਰ ਲਿਆ ਤੇ ਇਨ੍ਹਾਂ ਲੋਕਾਂ ਨੂੰ ਵਾਪਸ ਲਿਜਾਣ ਲਈ ਮਜਬੂਰ ਕਰ ਦਿਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਰਾਏ ਅਮਾਨਤ ਖ਼ਾਂ ਦੇ ਮੁਖੀ ਇੰਸਪੈਕਟਰ ਅਸ਼ਵਨੀ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਜਾਂਚ ਦਾ ਭਰੋਸਾ ਦਿਤਾ। ਲੋਕਾਂ ਦਾ ਕਹਿਣਾ ਹੈ ਕਿ ਇਹ ਲੋਕ ਦਰਬਾਰ ਸਾਹਿਬ ਦੇ ਗਲਿਹਾਰੇ ਦੇ ਬਾਹਰ ਬੈਠੇ ਹੁੰਦੇ ਹਨ ਇਸ ਲਈ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਲੋਕਾਂ ਨੂੰ ਇਥੇ ਛੱਡਣ ਦੀ ਕੋਸ਼ਿਸ਼ ਕੀਤੀ। ਜਦੋਂ ਇਸ ਸਬੰਧੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਐਸ.ਐਸ. ਸ੍ਰੀ ਵਾਸਤਵ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਅਜਿਹੇ ਕਿਸੇ ਵੀ ਮਾਮਲੇ ਨਾਲ ਪੁਲਿਸ ਦਾ ਕੋਈ ਲੈਣ-ਦੇਣ ਹੋਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਅਜਿਹਾ ਕੋਈ ਵੀ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੀ ਨਹੀਂ ਹੈ।

ਇਥੇ ਇਹ ਵੀ ਵਿਚਾਰਨ ਵਾਲੀ ਗੱਲ ਸੀ ਕਿ ਇਨ੍ਹਾਂ ਲੋਕਾਂ ਨੂੰ ਛੱਡਣ ਵਾਲੀਆਂ ਗੱਡੀਆਂ ਸ਼੍ਰੋਮਣੀ ਕਮੇਟੀ ਦੀਆਂ ਸਨ। ਇਨ੍ਹਾਂ ਗੱਡੀਆਂ ਬਾਰੇ ਜਾਣਨ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਐਡੀਸ਼ਨਲ ਮੈਨੇਜਰ ਰਜਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਗੱਡੀਆਂ ਪੁਲਿਸ ਵਲੋਂ ਉਨ੍ਹਾਂ ਦੀਆਂ ਸੰਗਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਆਉਣ ਜਾਣ ਵਾਲੀਆਂ ਫ਼੍ਰੀ ਸੇਵਾ ਵਾਲੀਆਂ ਗੱਡੀਆਂ ਵੰਗਾਰ 'ਤੇ ਲਈਆਂ ਸਨ।

ਉਨ੍ਹਾਂ ਦਸਿਆ ਕਿ ਗੱਡੀਆਂ ਕਿਸ ਕੰਮ ਲਈ ਵਰਤੀਆਂ ਗਈਆਂ ਹਨ ਇਸ ਗੱਲ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਬੇਸ਼ੱਕ ਸ਼੍ਰੋਮਣੀ ਕਮੇਟੀ ਤੇ ਪੁਲਿਸ ਅਧਿਕਾਰੀ ਇਸ ਘਟਨਾ ਨਾਲ ਅਪਣਾ ਸਬੰਧ ਨਾ ਹੋਣ ਬਾਰੇ ਕਹਿ ਰਹੇ ਹਨ ਪਰ ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਆਖ਼ਰ ਇਨ੍ਹਾਂ ਬੇਸਹਾਰਾ ਤੇ ਮੰਦਬੁੱਧੀ ਲੋਕਾਂ ਨੂੰ ਅੱਧੀ ਰਾਤ ਨੂੰ ਸੁੰਨਸਾਨ ਜਗ੍ਹਾ 'ਤੇ ਕਿਉਂ ਛਡਿਆ ਗਿਆ ਤੇ ਇਹ ਲੋਕ ਕਿਸ ਨੂੰ ਸਮੱਸਿਆ ਖੜ੍ਹੀ ਕਰ ਰਹੇ ਸਨ।