ਖਹਿਰਾ ਨੇ ਮੰਦਬੁੱਧੀ ਬੱਚਿਆਂ ਦੇ ਪਰਵਾਰਾਂ ਨੂੰ ਦਿਤੇ 3 ਲੱਖ 14 ਹਜ਼ਾਰ ਰੁਪਏ
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਨੇੜਲੇ ਪਿੰਡ ਧਰਾਂਗਵਾਲਾ ਵਿਖੇ 40 ਮੰਦਬੁੱਧੀ ਬੱਚਿਆਂ ਦੇ ਪਰਵਾਰਾਂ ਨੂੰ...
ਅਬੋਹਰ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਨੇੜਲੇ ਪਿੰਡ ਧਰਾਂਗਵਾਲਾ ਵਿਖੇ 40 ਮੰਦਬੁੱਧੀ ਬੱਚਿਆਂ ਦੇ ਪਰਵਾਰਾਂ ਨੂੰ ਤਿੰਨ ਲੱਖ 14 ਹਜ਼ਾਰ ਰੁਪਏ ਸੌਂਪੇ। ਇਹ ਪੈਸੇ ਬੀਤੇ ਦਿਨੀ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਸਾਰ ਲੈਣ ਦੀ ਕੀਤੀ ਗਈ ਅਪੀਲ ਤਹਿਤ ਇਕੱਠੇ ਹੋਏ ਹਨ। ਸਟੇਡੀਅਮ ਵਿਚ ਇੱਕਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫ਼ਰੰਟ 'ਤੇ ਫ਼ੇਲ ਸਾਬਤ ਹੋ ਚੁੱਕੀ ਹੈ ਅਤੇ ਲੋਕਾਂ ਨੂੰ ਇਨ੍ਹਾਂ ਤੋਂ ਹਰ ਗੱਲ ਦਾ ਹਿਸਾਬ ਮੰਗਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਏਨੀ ਗੰਭੀਰ ਸਮੱਸਿਆ ਨਾਲ ਪੀੜਤ ਪਰਵਾਰ ਦੀ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੇ ਸਾਰ ਨਹੀਂ ਲਈ ਸਗੋਂ ਪ੍ਰਸ਼ਾਸਨ ਨੇ ਅਬੋਹਰ ਦੇ ਉਪ ਮੰਡਲ ਮੈਜਿਸਟਰੇਟ ਨੂੰ ਭੇਜ ਕੇ ਖ਼ਾਨਾਪੂਰਤੀ ਜ਼ਰੂਰ ਕਰ ਦਿਤੀ ਪਰ ਸਮੱਸਿਆ ਦਾ ਹੱਲ ਨਹੀਂ ਕੀਤਾ। ਇਹ ਬੱਚੇ ਜ਼ਮੀਨ ਹੇਠਲੇ ਯੂਰੇਨੀਅਮ ਵਾਲੇ ਪਾਣੀ ਦੀ ਵਰਤੋਂ ਕਾਰਨ ਇਸ ਹਾਲਤ ਵਿਚ ਪੁੱਜੇ ਹੋਏ ਹਨ।
ਪਿੰਡ ਵਾਸੀ ਵਿਦੇਸ਼ੀ ਬਲਬੀਰ ਇੰਦਰ ਸਿੰਘ ਨੇ ਸਕੂਲ ਵਿਚ ਆਰ.ਓ ਸਿਸਟਮ ਲਾਉਣ ਦਾ ਇਕਰਾਰ ਕੀਤਾ। ਇਸ ਮੌਕੇ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ, ਚਰਨਜੀਤ ਕੌਰ ਮੁਕਤਸਰ, ਦੀਪਕ ਬਾਂਸਲ ਬਠਿੰਡਾ, ਅੱਕੀ ਗਿੱਲ, ਹੈਰੀ ਧਾਲੀਵਾਲ, ਇਕਬਾਲ ਸਿੰਘ, ਉਪਕਾਰ ਸਿੰਘ ਜਾਖੜ ਵੀ ਹਾਜ਼ਰ ਸਨ।