ਨਸ਼ੇ ਦੀ ਓਵਰਡੋਜ਼ ਨਾਲ ਨਿਹੰਗ ਸਿੰਘ ਦੇ ਛੋਟੇ ਲੜਕੇ ਦੀ ਮੌਤ ਦੂਜਾ ਜ਼ੇਰੇ ਇਲਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ੇ ਦੀ ਓਵਰਡੋਜ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲੁਧਿਆਣਾ ਦੇ ਦਲਿਤ ਵਰਗ ਨਾਲ ਸਬੰਧਤ 24 ਸਾਲਾ ਜਸਵੀਰ ਸਿੰਘ ਕਾਕਾ ਦੀ ਮੌਤ ਨਾਲ ਹੋਰ ਵਾਧਾ ਹੋ ਗਿਆ ਹੈ.........

Drugs

ਲੁਧਿਆਣਾ : ਨਸ਼ੇ ਦੀ ਓਵਰਡੋਜ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲੁਧਿਆਣਾ ਦੇ ਦਲਿਤ ਵਰਗ ਨਾਲ ਸਬੰਧਤ 24 ਸਾਲਾ ਜਸਵੀਰ ਸਿੰਘ ਕਾਕਾ ਦੀ ਮੌਤ ਨਾਲ ਹੋਰ ਵਾਧਾ ਹੋ ਗਿਆ ਹੈ ਜਦਕਿ ਉਸ ਦਾ ਵੱਡਾ ਭਰਾ 28 ਸਾਲਾ ਜਗਸੀਰ ਸਿੰਘ ਜੱਗਾ ਅਜੇ ਵੀ ਗੁਰੂ ਤੇਗ ਬਹਾਦਰ ਹਸਪਤਾਲ ਵਿਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਨਸ਼ੇ ਦੇ ਆਦੀ ਦੋਵੇਂ ਭਰਾ ਬਜ਼ੁਰਗ ਨਿਹੰਗ ਕਰਤਾਰ ਸਿੰਘ ਦੇ ਲੜਕੇ ਹਨ ਜੋ ਇਨ੍ਹਾਂ ਦੇ ਨਸ਼ਈ ਅਤੇ ਵੇਹਲੜ ਹੋਣ ਕਾਰਨ ਖ਼ੁਦ ਰੇਹੜਾ ਚਲਾ ਕੇ ਘਰ ਦਾ ਗੁਜਾਰਾ ਚਲਾ ਰਿਹਾ ਹੈ।

ਉਸ ਦਾ ਅੱਖਾਂ ਦਾ ਇਲਾਜ ਜਿਥੇ ਲੋਕਾਂ ਨੇ ਕਰਵਾਇਆ, ਉਥੇ ਹੀ ਬਾਪੂ ਮਾਰਕੀਟ ਲੁਹਾਰਾ ਵਿਖੇ ਕਿਰਾਏ ਤੇ ਰਹਿੰਦੇ ਕਰਤਾਰ ਸਿੰਘ ਕਿਰਾਇਆ ਵੀ ਕਈ ਵਾਰ ਲੋਕ ਹੀ ਦਿੰਦੇ ਹਨ। ਬਜ਼ੁਰਗ ਬਾਪ ਦਾ ਨਸ਼ਈ ਪੁੱਤਰਾਂ ਕਾਰਨ ਪਹਿਲਾਂ ਹੀ ਬੁਢਾਪੇ ਵਿਚ ਲੱਕ ਟੁੱਟਿਆ ਹੋਇਆ ਸੀ ਅਤੇ ਹੁਣ ਛੋਟੇ ਲੜਕੇ ਦੀ ਮੌਤ ਅਤੇ ਵੱਡੇ ਦੀ ਗੰਭੀਰ ਹਾਲਤ ਨੇ ਉਸ ਨੂੰ ਅੰਦਰ ਤਕ ਤੋੜ ਕੇ ਰੱਖ ਦਿਤਾ ਹੈ। ਕਦੇ ਕਦਾਈਂ ਮਜ਼ਦੂਰੀ ਦਾ ਕੰਮ ਕਰਦੇ ਦੋਵੇਂ ਨੌਜਵਾਨ ਪਿਛਲੇ ਤਿੰਨ ਸਾਲ ਤੋਂ ਨਸ਼ਾ ਲੈ ਰਹੇ ਸਨ। ਦੋਵਾਂ ਵਿਚੋਂ ਵੱਡਾ ਵਿਆਹਿਆ ਹੋਇਆ ਸੀ ਪਰ ਉਸ ਦੀਆਂ ਅਜਿਹੀਆਂ ਆਦਤਾਂ ਤੋਂ ਤੰਗ ਹੋ ਕੇ ਉਸ ਦੀ ਘਰ ਵਾਲੀ ਉਸ ਨੂੰ ਛੱਡ ਕੇ ਚਲੀ ਗਈ। 

ਜਾਣਕਾਰੀ ਅਨੁਸਾਰ ਕਲ ਸ਼ਾਮੀਂ ਕੰਮ ਤੋਂ ਆਉਣ ਤੋਂ ਬਾਅਦ ਇਨ੍ਹਾਂ ਨੂੰ ਪੱਪੀ ਨਾਮ ਦਾ ਨੌਜਵਾਨ ਬੁਲਾ ਕੇ ਲੈ ਗਿਆ। ਜਦੋਂ ਦੋਵੇਂ ਜਾਣੇ ਸਾਢੇ ਗਿਆਰਾਂ ਵਜੇ ਤਕ ਘਰ ਨਾ ਆਏ ਤਾਂ ਬੁੱਢਾ ਬਾਪ ਦੋਵਾਂ ਨੂੰ ਲੱਭਦਾ ਲੱਭਦਾ ਪੱਪੀ ਦੇ ਟਿਕਾਣੇ 'ਤੇ ਪਹੁੰਚ ਗਿਆ ਜਿਥੇ ਦੋਵੇਂ ਹੀ ਬੇਹੋਸ਼ੀ ਦੀ ਹਾਲਤ ਵਿਚ ਪਏ ਸਨ ਅਤੇ ਪੱਪੀ ਉਥੋਂ ਫ਼ਰਾਰ ਸੀ। ਦੋਵਾਂ ਕੋਲ ਦੋ ਸਿਰੰਜਾਂ ਵੀ ਪਈਆਂ ਸਨ। ਬਾਪੂ ਨੇ ਅਜਿਹੀ ਹਾਲਤ ਵਿਚ ਪਏ ਮੁੰਡਿਆਂ ਨੂੰ ਦੇਖਕੇ ਲੋਕਾਂ ਨੂੰ ਦਸਿਆ ਜਿਨ੍ਹਾਂ ਦੋਵਾਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਪਹੁੰਚਾਇਆ ਜਿਥੇ ਛੋਟੇ ਦੀ ਮੌਤ ਹੋਣ ਗਈ ਜਦਕਿ ਵੱਡਾ ਅਜੇ ਵੀ ਗੰਭੀਰ ਹਾਲਤ ਵਿਚ ਆਈ ਸੀ ਯੂ ਵਿਚ ਜ਼ੇਰੇ ਇਲਾਜ ਹੈ। 

ਅੱਜ ਛੋਟੇ ਦਾ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਸਸਕਾਰ ਕਰ ਦਿਤਾ ਗਿਆ। ਇਸ ਮੌਕੇ ਮ੍ਰਿਤਕ ਦੇ ਪਿਤਾ ਨੇ ਅਪਣੇ ਪੁੱਤਰ ਦੀ ਮੌਤ ਅਤੇ ਦੂਜੇ ਦੀ ਗੰਭੀਰ ਹਾਲਤ ਲਈ ਪੱਪੀ ਨੂੰ ਜ਼ਿੰਮੇਵਾਰ ਦੱਸਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਸ ਨੇ ਚੇਤਾਵਨੀ ਵੀ ਦਿਤੀ ਕਿ ਜੇਕਰ ਪੱਪੀ ਤੇ ਜਲਦ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਨਸ਼ਿਆਂ ਦੇ ਸੌਦਾਗਰਾਂ ਨਾਲ ਨਿਹੰਗ ਸਿੰਘਾਂ ਵਾਲੀ ਕਰਨਗੇ। 

ਇਸ ਮੌਕੇ ਹਾਜ਼ਰ ਕੌਂਸਲਰ ਰਣਜੀਤ ਸਿੰਘ ਘਟੋਚੇ ਨੇ ਪੰਜਾਬ 'ਚ ਨਸ਼ਿਆਂ ਕਾਰਨ ਮਰ ਰਹੇ ਨੌਜਵਾਨਾਂ ਦੀ ਮੌਤ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਦਸਿਆ। ਉਸ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਠੰਢੀਆਂ ਥਾਵਾਂ ਤੇ ਆਸ਼ਕੀ ਕਰਨ ਦੀ ਬਜਾਏ ਬਰਬਾਦ ਹੋ ਰਹੇ ਸੂਬੇ ਵਲ ਧਿਆਨ ਦੇਣਾ ਚਾਹੀਦਾ ਹੈ ਅਤੇ ਹੱਥ ਵਿਚ ਸ੍ਰੀ ਗੁਟਕਾ ਸਾਹਿਬ ਫੜ ਕੇ ਕੀਤੇ ਵਾਅਦੇ ਨੂੰ ਪੁਰਾ ਕਰ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।