ਅੰਮ੍ਰਿਤਸਰ ਵਿਚ ਗੈਂਗਸਟਰ-ਪੁਲਿਸ ਵਿਚਾਲੇ ਮੁੱਠਭੇੜ, ਗੈਂਗਸਟਰ ਦੀ ਲੱਤ ’ਤੇ ਵੱਜੀ ਗੋਲੀ
ਵਾਲ-ਵਾਲ ਬਚਿਆ ਸੀ.ਆਈ.ਏ. ਸਟਾਫ਼ ਦਾ ਡਰਾਈਵਰ
ਅੰਮ੍ਰਿਤਸਰ: ਜੰਡਿਆਲਾ ਗੁਰੂ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁੱਠਭੇੜ ਹੋਈ ਹੈ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀਬਾਰੀ ਵਿਚ ਗੈਂਗਸਟਰ ਅਰਸ਼ਦੀਪ ਦੀ ਖੱਬੀ ਲੱਤ ਵਿਚ ਗੋਲੀ ਲੱਗੀ ਹੈ। ਜਦਕਿ ਗੋਲੀਬਾਰੀ ਦੌਰਾਨ ਸੀਆਈਏ ਸਟਾਫ਼ ਦਾ ਡਰਾਈਵਰ ਵਾਲ-ਵਾਲ ਬਚ ਗਿਆ। ਜਦੋਂ ਗੈਂਗਸਟਰ ਅਰਸ਼ਦੀਪ ਨੇ ਪੁਲਿਸ ਦੀ ਗੱਡੀ 'ਤੇ ਫਾਇਰਿੰਗ ਕੀਤੀ ਤਾਂ ਇਕ ਗੋਲੀ ਡਰਾਈਵਰ ਨੂੰ ਲੱਗ ਗਈ ਪਰ ਗੱਡੀ ਦੀ ਸੀਟ ਬੈਲਟ ਕਾਰਨ ਡਰਾਈਵਰ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ: ਅਮ੍ਰਿਤਸਰ ’ਚ ਭਾਰੀ ਮੀਂਹ ਮਗਰੋਂ ਹੈਰੀਟੇਜ ਸਟ੍ਰੀਟ ਸਮੇਤ ਪੂਰਾ ਸ਼ਹਿਰ ਗੋਡੇ-ਗੋਡੇ ਪਾਣੀ ’ਚ ਡੁੱਬਾ
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਉਹ ਅਪਣੀ ਕਾਰ ਤੋਂ ਹੇਠਾਂ ਵੀ ਨਹੀਂ ਉਤਰੇ ਸਨ ਕਿ ਗੈਂਗਸਟਰ ਅਰਸ਼ਦੀਪ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇਕ ਗੋਲੀ ਅਰਸ਼ਦੀਪ ਦੀ ਲੱਤ ਵਿਚ ਲੱਗ ਗਈ। ਇਸ ਤੋਂ ਬਾਅਦ ਉਸ ਨੂੰ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ ’ਚ ਖ਼ੁਦਕੁਸ਼ ਹਮਲਾਵਰ ਨੇ ਸੁਰਖਿਆ ਚੌਕੀ ’ਤੇ ਹਮਲਾ ਕੀਤਾ, ਚਾਰ ਹਲਾਕ
ਦਰਅਸਲ ਜੰਡਿਆਲਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਅਰਸ਼ਦੀਪ ਕਿਸੇ ਨੂੰ ਮਿਲਣ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਜੰਡਿਆਲਾ ਗੁਰੂ ਵਿਚ ਨਹਿਰ ਅਤੇ ਪੁਲ ਦੇ ਆਲੇ-ਦੁਆਲੇ ਨਾਕਾਬੰਦੀ ਕਰ ਦਿਤੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਨੇ ਜੰਡਿਆਲਾ ਗੁਰੂ ਨਹਿਰ ਨੇੜੇ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਅਰਸ਼ਦੀਪ ਨਹਿਰ ਦੇ ਰਸਤੇ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਇਆ। ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਿਸ 'ਤੇ ਗੋਲੀ ਚਲਾ ਦਿਤੀ। ਕੁੱਝ ਪੁਲਿਸ ਮੁਲਾਜ਼ਮ ਨਾਕੇ ਦੇ ਬਾਹਰ ਸਨ ਅਤੇ ਕੁੱਝ ਕਾਰ ਵਿਚ ਬੈਠੇ ਸਨ। ਇਸ ਤੋਂ ਬਾਅਦ ਉਹ ਨਹਿਰ ਰਾਹੀਂ ਭੱਜ ਗਿਆ। ਸੜਕ ਤੰਗ ਹੋਣ ਕਾਰਨ ਪੁਲਿਸ ਦੀ ਗੱਡੀ ਉਸ ਸੜਕ ਤੋਂ ਨਹੀਂ ਲੰਘ ਸਕਦੀ ਸੀ ਪਰ ਅੱਗੇ ਇੰਸਪੈਕਟਰ ਇੰਦਰਜੀਤ ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀ।
ਇਹ ਵੀ ਪੜ੍ਹੋ: ਕਾਂਸਟੇਬਲ ਹਰਭਜਨ ਸਿੰਘ ਖ਼ੁਦਕੁਸ਼ੀ ਮਾਮਲੇ 'ਚ 7 ਟ੍ਰੈਵਲ ਏਜੰਟ ਨਾਮਜ਼ਦ
ਉਸ ਨੇ ਉਥੇ ਮੌਜੂਦ ਪੁਲਿਸ ਪਾਰਟੀ 'ਤੇ ਵੀ ਗੋਲੀ ਚਲਾ ਦਿਤੀ। ਪੁਲਿਸ ਨੇ ਗੈਂਗਸਟਰ 'ਤੇ ਫਾਇਰਿੰਗ ਵੀ ਕੀਤੀ। ਇਸ ਦੌਰਾਨ ਇੰਸਪੈਕਟਰ ਇੰਦਰਜੀਤ ਨੇ ਆਪਣੇ ਪਿਸਤੌਲ ਤੋਂ ਉਸ ਦੀਆਂ ਲੱਤਾਂ ਵੱਲ ਫਾਇਰ ਕੀਤਾ ਅਤੇ ਗੋਲੀ ਉਸ ਦੀ ਖੱਬੀ ਲੱਤ ਵਿਚ ਲੱਗੀ। ਇਸ ਤੋਂ ਬਾਅਦ ਪੁਲਿਸ ਨੇ ਘੇਰਾਬੰਦੀ ਕਰਕੇ ਉਸ ਨੂੰ ਫੜ ਲਿਆ। ਪੁਲਿਸ ਨੇ ਗੈਂਗਸਟਰ ਕੋਲੋਂ ਇਕ ਪਿਸਤੌਲ ਅਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਅਰਸ਼ਦੀਪ ਇਕ ਮਸ਼ਹੂਰ ਗੈਂਗਸਟਰ ਹੈ ਅਤੇ ਕਈ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦਾ ਹੈ। ਅਰਸ਼ਦੀਪ ਸਿੰਘ ਉਹੀ ਗੈਂਗਸਟਰ ਹੈ, ਜਿਸ ਨੇ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਭਾਜਪਾ ਐਸ.ਸੀ. ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਗਿੱਲ 'ਤੇ ਗੋਲੀ ਚਲਾਈ ਸੀ। ਇਸ ਵਿਚ ਭਾਜਪਾ ਆਗੂ ਬਲਵਿੰਦਰ ਸਿੰਘ ਜ਼ਖ਼ਮੀ ਹੋ ਗਿਆ ਤੇ ਉਸ ਦੀ ਜਾਨ ਬਚ ਗਈ ਸੀ।