ਚੰਡੀਗੜ੍ਹੀਆਂ ਨੂੰ ਵੱਡੀ ਰਾਹਤ: ਵੀਕਐਂਡ ਲੌਕਡਾਊਨ ਨੂੰ ਲੈ ਕੇ ਚੰਡੀਗੜ੍ਹ 'ਚ ਨਰਮੀ, ਹਰਿਆਣਾ 'ਚ ਸਖ਼ਤੀ!
ਭੀੜੇ ਇਲਾਕਿਆਂ ਅੰਦਰ ਦੁਕਾਨਾਂ ਅਜੇ ਔਡ-ਈਵਨ ਮੁਤਾਬਕ ਹੀ ਖੁਲ੍ਹਣਗੀਆਂ
ਚੰਡੀਗੜ੍ਹ : ਕਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਜਿੱਥੇ ਪੰਜਾਬ ਅਤੇ ਹਰਿਆਣਾ ਅੰਦਰ ਸਖ਼ਤੀ ਦਾ ਸਿਲਸਿਲਾ ਜਾਰੀ ਹੈ, ਉਥੇ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ 'ਚ ਨਰਮੀ ਦੇ ਸੰਕੇਤ ਮਿਲੇ ਹਨ। ਸੂਤਰਾਂ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਵਿਚੋਂ ਲੌਕਡਾਊਨ ਨੂੰ ਸਮਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਚੰਡੀਗੜ੍ਹ ਅੰਦਰ ਲੌਕਡਾਊਨ ਨੂੰ ਲੈ ਕੇ ਵਪਾਰੀਆਂ ਵਲੋਂ ਵਿਰੋਧ ਪ੍ਰਗਟਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਅਪਣਾ ਫ਼ੈਸਲਾ ਵਾਪਸ ਲੈ ਲਿਆ ਹੈ।
ਹੁਣ ਚੰਡੀਗੜ੍ਹ ਅੰਦਰ ਵੀਕਐਂਡ ਮੌਕੇ ਵੀ ਸਾਰੀਆਂ ਦੁਕਾਨਾਂ ਖੁਲ੍ਹ ਸਕਣਗੀਆਂ। ਜਦਕਿ ਸ਼ਹਿਰ ਦੇ ਭੀੜ ਵਾਲੇ ਇਲਾਕਿਆਂ ਅੰਦਰ ਔਡ-ਈਵਨ ਦਾ ਸਿਲਸਿਲਾ ਅਜੇ ਜਾਰੀ ਰਹੇਗਾ। ਭੀੜੇ ਇਲਾਕਿਆਂ ਅੰਦਰ ਦੁਕਾਨਾਂ ਪਹਿਲਾਂ ਵਾਂਗ ਹੀ ਔਡ-ਈਵਨ ਮੁਤਾਬਕ ਹੀ ਖੋਲ੍ਹੀਆਂ ਜਾ ਸਕਣਗੀਆਂ।
ਮੁਲਾਜ਼ਮਾਂ ਦੇ ਸ਼ਹਿਰ ਚੰਡੀਗੜ੍ਹ ਅੰਦਰ ਵੀਕਐਂਡ 'ਤੇ ਛੁੱਟੀ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸੇ ਤਰ੍ਹਾਂ ਵਪਾਰੀ ਵਰਗ ਦੀ ਪ੍ਰਸ਼ਾਸਨ ਦੇ ਇਸ ਫ਼ੈਸਲੇ ਤੋਂ ਖਫ਼ਾ ਸੀ। ਦੂਜੇ ਪਾਸੇ ਹਰਿਆਣਾ ਨੇ ਵਧਦੇ ਕਰੋਨਾ ਕੇਸਾਂ ਨੂੰ ਲੈ ਕੇ ਸਖ਼ਤੀ ਦਾ ਰੁਖ ਅਪਨਾਉਂਦਿਆਂ ਵੀਕਐਂਡ ਦੇ ਨਾਲ-ਨਾਲ ਸੋਮਵਾਰ ਅਤੇ ਮੰਗਲਵਾਰ ਨੂੰ ਵੀ ਲੌਕਡਾਊਨ ਦਾ ਐਲਾਨ ਕੀਤਾ ਹੈ।
ਹਰਿਆਣਾ ਅੰਦਰ ਹੁਣ ਸਨਿੱਚਰਵਾਰ ਅਤੇ ਐਤਵਾਰ ਤੋਂ ਇਲਾਵਾ ਸੋਮਵਾਰ-ਮੰਗਲਵਾਰ ਨੂੰ ਵੀ ਸ਼ਾਪਿੰਗ ਮੌਲ ਅਤੇ ਬਾਜ਼ਾਰ ਬੰਦ ਰਹਿਣਗੇ। ਇਸ ਦੌਰਾਨ ਸਿਰਫ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਹੀ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਨਵੀਆਂ ਹਦਾਇਤਾਂ ਮੁਤਾਬਕ ਹੁਣ ਹਰਿਆਣਾ ਅੰਦਰ ਹਫ਼ਤੇ 'ਚ ਚਾਰ ਦਿਨ ਲੌਕਡਾਊਨ ਰਹੇਗਾ। ਸੂਬਾ ਸਰਕਾਰ ਵਲੋਂ ਜਾਰੀ ਇਨ੍ਹਾਂ ਆਦੇਸ਼ਾਂ ਮੁਤਾਬਕ ਇਹ ਹੁਕਮ ਸਿਰਫ਼ ਸ਼ਹਿਰੀ ਖੇਤਰਾਂ ਲਈ ਹੀ ਹਨ।
ਕਾਬਲੇਗੌਰ ਹੈ ਕਿ ਚੰਡੀਗੜ੍ਹ ਸਮੇਤ ਨੇੜਲੇ ਇਲਾਕਿਆਂ (ਟ੍ਰਾਈਸਿਟੀ) ਅੰਦਰ ਕਰੋਨਾ ਕੇਸਾਂ ਦਾ ਵਧਦਾ ਜਾਰੀ ਹੈ। ਬੀਤੇ ਦਿਨ ਚੰਡੀਗੜ੍ਹ ਅੰਦਰ ਇਕ ਦਿਨ 'ਚ 188 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਦੋ ਵਿਅਕਤੀਆਂ ਦੀ ਮੌਤ ਹੋਈ ਹੈ। ਇਸੇ ਤਰ੍ਹਾਂ ਪੰਚਕੂਲਾਂ 'ਚ ਵੀ 121 ਨਵੇਂ ਮਾਮਲੇ ਅਤੇ ਦੋ ਮੌਤਾਂ ਹੋਈਆਂ ਹਨ। ਜਦਕਿ ਮੋਹਾਲੀ 'ਚ 128 ਨਵੇਂ ਕੇਸਾਂ ਤੋਂ ਇਲਾਵਾ ਇਕ ਵਿਅਕਤੀ ਦੀ ਜਾਨ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।