ਸਿੱਖ ਵਿਦਵਾਨ ਹਰਚਰਨ ਸਿੰਘ ਦੀ ਮੌਤ ਦੀ ਡੂੰਘੀ ਜਾਂਚ ਕਰਵਾਈ ਜਾਵੇ : ਸੁਖਦੇਵ ਸਿੰਘ ਢੀਂਡਸਾ
ਅਕਾਲ ਚਲਾਣੇ 'ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਉੱਘੇ ਸਿੱਖ ਵਿਦਵਾਨ, ਸ਼੍ਰੋਮਣੀ ਕਮੇਟੀ ਦੇ ਪਹਿਲੇ ਮੁੱਖ ਸਕੱਤਰ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਮੁੱਖ ਪ੍ਰਬੰਧਕ ਰਹੇ ਸ. ਹਰਚਰਨ ਸਿੰਘ ਦੇ ਅਚਾਨਕ ਅਕਾਲ ਚਲਾਣੇ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਹਰਚਰਨ ਸਿੰਘ ਸ਼ਨਿਚਰਵਾਰ ਨੂੰ ਸਵੇਰੇ ਦਿਲ ਦੇ ਦੌਰੇ ਨਾਲ ਚੰਡੀਗੜ੍ਹ ਵਿਖੇ ਚੱਲ ਵਸੇ ਹਨ।
ਸ. ਢੀਂਡਸਾ ਨੇ ਸ਼ੱਕ ਪ੍ਰਗਟ ਕੀਤਾ ਕਿ ਸ. ਹਰਚਰਨ ਸਿੰਘ ਦੀ ਮੌਤ ਉਨ੍ਹਾਂ ਉਪਰ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪਾਏ ਗਏ ਬੇਲੋੜੇ ਦਬਾਅ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਹੋਈ ਚਾਹੀਦੀ ਦੀ ਹੈ ਕਿ ਉਹ ਕਿਹੜੇ ਲੋਕ ਸਨ ਜਿਹੜੇ ਉਨ੍ਹਾਂ ਨੂੰ ਸੇਵਾ ਮੁਕਤ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਨਾਲ ਜੁੜੇ ਮਾਮਲਿਆਂ ਬਾਰੇ ਫ਼ੋਨ ਕਰ ਕੇ ਪੇਸ਼ ਹੋਣ ਲਈ ਆਖ ਰਹੇ ਸਨ।
ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰ ਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਤਾਂ ਜੋ ਸਿੱਖ ਪੰਥ ਦੇ ਹੋਏ ਇਸ ਵੱਡੇ ਨੁਕਸਾਨ ਦੇ ਜ਼ਿੰਮੇਵਾਰ ਅਨਸਰਾਂ ਦਾ ਪਰਦਾਫ਼ਾਸ਼ ਕੀਤਾ ਜਾ ਸਕੇ। ਸ. ਢੀਂਡਸਾ ਨੇ ਇਥੇ ਜਾਰੀ ਬਿਆਨ ਵਿਚ ਆਖਿਆ ਹੈ ਕਿ ਸ. ਹਰਚਰਨ ਸਿੰਘ ਨਾਲ ਉਨ੍ਹਾਂ ਦੀ ਡੂੰਘੀ ਸਾਂਝ ਸੀ ਅਤੇ ਲੰਮਾਂ ਸਮਾਂ ਉਨ੍ਹਾਂ ਦਾ ਸਾਥ ਮਾਨਣ ਦਾ ਮੌਕਾ ਮਿਲਿਆ।
ਉਨ੍ਹਾਂ ਕਿਹਾ ਕਿ ਸ. ਹਰਚਰਨ ਸਿੰਘ ਇਕ ਆਦਰਸ਼ ਸਿੱਖ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਅਪਣੀ ਉੱਚੀ ਸੂਝ-ਬੂਝ ਨਾਲ ਬੌਧਿਕ ਸਿੱਖ ਹਲਕਿਆਂ ਵਿਚ ਵੱਡੀ ਪਹਿਚਾਣ ਬਣਾ ਲਈ ਸੀ। ਸ. ਹਰਚਰਨ ਸਿੰਘ ਨੇ ਅਪਣੇ ਜੀਵਨ ਕਾਲ ਵਿਚ ਬੈਂਕਿੰਗ ਖੇਤਰ ਵਿਚ ਬਹੁਤ ਹੀ ਯਾਦਗਾਰੀ ਭੂਮਿਕਾ ਨਿਭਾਈ ਹੈ। ਪੰਜਾਬ ਐਂਡ ਸਿੰਧ ਬੈਂਕ ਦੇ ਜਨਰਲ ਮੈਨੇਜਰ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਅੰਗਰੇਜ਼ੀ ਅਖ਼ਬਾਰ 'ਇੰਡੀਅਨ ਐਕਸਪ੍ਰੈੱਸ' ਦੇ ਡਾਇਰੈਕਟਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ। ਪੱਤਰਕਾਰੀ ਅਤੇ ਲੇਖਣੀ ਦੇ ਖੇਤਰ ਵਿਚ ਵੀ ਉਨ੍ਹਾਂ ਨੇ ਮਿਸਾਲੀ ਯੋਗਦਾਨ ਪਾਇਆ ਹੈ।
ਉਨ੍ਹਾਂ ਵਲੋਂ ਲਿਖੇ ਲੇਖ ਅਤੇ ਕਿਤਾਬਾਂ ਚੰਗੀ ਸੋਚ ਅਤੇ ਦੂਰ-ਦ੍ਰਿਸ਼ਟੀ ਦਾ ਪ੍ਰਗਟਾਵਾ ਹਨ। ਉਨ੍ਹਾਂ ਦਸਿਆ ਕਿ ਅਪਣੇ ਜੀਵਨ ਦੇ ਆਖਰੀ ਪੜਾਅ ਵਿਚ ਵੀ ਉਹ ਚੰਡੀਗੜ੍ਹ ਵਿਖੇ ਬਜ਼ੁਰਗਾਂ ਦੀ ਸੇਵਾ ਕਰ ਰਹੇ ਸਨ। ਸ. ਢੀਂਡਸਾ ਨੇ ਕਿਹਾ ਕਿ ਉਹ ਅਕਾਲੀ ਦਲ ਦੀ ਤਰਫ਼ੋਂ ਸ. ਹਰਚਰਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਉਨ੍ਹਾਂ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖਸ਼ੇ। ਪਰਵਾਰ ਨੂੰ ਭਾਣਾ ਮੰਨਣ ਦੀ ਬਲ ਮਿਲੇ। ਇਹ ਬਿਆਨ ਸ. ਢੀਂਡਸਾ ਦੇ ਨੇੜਲੇ ਸਹਿਯੋਗੀ ਅਤੇ ਪਾਰਟੀ ਦੇ ਬੁਲਾਰੇ ਸ. ਨਿਧੜਕ ਸਿੰਘ ਬਰਾੜ ਵਲੋਂ ਜਾਰੀ ਕੀਤਾ ਗਿਆ ਹੈ।