ਬੇਰੁਜ਼ਗਾਰ ਲਾਈਨਮੈਨਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ, ਮੰਗਾਂ ਨੂੰ ਲੈ ਕੇ ਟਾਵਰ ’ਤੇ ਚੜ੍ਹੇ ਪ੍ਰਦਰਸ਼ਨਕਾਰੀ
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਯੂਨੀਅਨ ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੇਕਰ ਜਲਦ ਰਿਹਾਈ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ।
ਪਟਿਆਲਾ: ਪੀਐਸਪੀਸੀਐਲ ਦਫ਼ਤਰ ਅੱਗੇ ਧਰਨੇ 'ਤੇ ਬੈਠੇ ਅਪ੍ਰੇਂਟਿਸਸ਼ਿਪ ਲਾਈਨਮੈਨ ਸੰਘਰਸ਼ ਯੂਨੀਅਨ 'ਤੇ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ। ਯੂਨੀਅਨ ਵਲੋਂ ਪੀਐਸਪੀਸੀਐਲ 'ਚ ਭਰਤੀ ਦੀ ਮੰਗ ਨੂੰ ਲੈ ਕੇ ਸੋਮਵਾਰ ਤੋਂ ਹੈੱਡਕੁਆਰਟਰ ਅੱਗੇ ਧਰਨਾ ਦਿਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਯੂਨੀਅਨ ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੇਕਰ ਜਲਦ ਤੋਂ ਜਲਦ ਰਿਹਾਈ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ।
ਇਹ ਵੀ ਪੜ੍ਹੋ: ਖਿਡਾਰੀਆਂ ਨੂੰ ਸਿਆਸਤ ’ਚ ਨਹੀਂ ਆਉਣਾ ਚਾਹੀਦਾ : ਸਹਿਵਾਗ
ਇਸ ਦੌਰਾਨ ਮੰਗਲਵਾਰ ਸਵੇਰੇ ਪ੍ਰਦਸ਼ਨਕਾਰੀਆਂ ਨੂੰ ਪੁਲਿਸ ਨੇ ਘੇਰਾ ਪਾ ਲਿਆ। ਇਸ ਦੌਰਾਨ ਨਾਅਰੇਬਾਜ਼ੀ ਤੇਜ਼ ਹੋਈ ਤਾਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਦੋਹਾਂ ਪਾਸਿਉਂ ਧੱਕਾ-ਮੁੱਕੀ ਸ਼ੁਰੂ ਹੋ ਗਈ ਅਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਡਾਂਗਾਂ ਵਰ੍ਹਾ ਦਿਤੀਆਂ ਤੇ ਉਥੇ ਲੱਗਿਆ ਪੱਕਾ ਮੋਰਚਾ ਵੀ ਖਦੇੜ ਦਿਤਾ। ਰੋਸ ਵਜੋਂ ਇਹ ਪ੍ਰਦਰਸ਼ਨਕਾਰੀ ਸ਼ਕਤੀ ਵਿਹਾਰ ਗਰਿੱਡ ਦੇ ਟਾਵਰ 'ਤੇ ਚੜ੍ਹ ਗਏ ਅਤੇ ਪ੍ਰਸ਼ਾਸਨ ਵਿਰੁਧ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ: ਵਿਜੀਲੈਂਸ ਵਲੋਂ ਪਰਲਜ਼ ਗਰੁੱਪ ਦਾ ਸਾਬਕਾ ਡਾਇਰੈਕਟਰ ਧਰਮਿੰਦਰ ਸਿੰਘ ਸੰਧੂ ਗ੍ਰਿਫ਼ਤਾਰ
ਪ੍ਰਦਰਸ਼ਨਕਾਰੀਆਂ ਨੇ ਦਸਿਆ ਕਿ ਅੱਜ ਉਨ੍ਹਾਂ ਨੂੰ ਮੈਨੇਜਮੈਂਟ ਨਾਲ ਮੀਟਿੰਗ ਲਈ ਸੱਦਿਆ ਗਿਆ ਪਰ ਇਸ ਦੌਰਾਨ ਝੂਠੇ ਵਾਅਦੇ ਕੀਤੇ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਨੌਜਵਾਨਾਂ ਦੀਆਂ ਦਸਤਾਰਾਂ ਵੀ ਲਾਹ ਦਿਤੀਆਂ ਤੇ ਲਾਠੀਚਾਰਜ ਕੀਤਾ ਗਿਆ। ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤਕ ਮੰਗਾਂ ਨਹੀਂ ਮੰਨੀਆਂ ਜਾਂਦੀਆ, ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਨਵਾਂ ਸੀ.ਆਰ.ਏ. ਦਿਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਹੁਣ ਸਰਕਾਰ ਵਲੋਂ ਸੀ.ਆਰ.ਏ. ਦੇਣ ਤੋਂ ਇਨਕਾਰ ਕਰ ਦਿਤਾ।
ਇਹ ਵੀ ਪੜ੍ਹੋ: ਦਿੱਲੀ ਦੀ ਅਦਾਲਤ ਨੇ ਕੇਜਰੀਵਾਲ ਦੀ ਪਤਨੀ ਨੂੰ ਤਲਬ ਕੀਤਾ
ਉਧਰ ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਸੜਕ ਨੂੰ ਇਕ ਪਾਸੇ ਤੋਂ ਰੋਕਿਆ ਹੋਇਆ ਸੀ, ਜਿਸ ਨੂੰ ਕਈ ਵਾਰ ਸਮਝਾਉਣ ਤੋਂ ਬਾਅਦ ਵੀ ਨਹੀਂ ਖੋਲ੍ਹਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਪੀਐਸਪੀਸੀਐਲ ਦੇ ਡਾਇਰੈਕਟਰ ਨੇ ਮੰਗਾਂ ਮੰਨਣ ਸਬੰਧੀ ਲਿਖਤੀ ਭਰੋਸਾ ਦਿਤਾ ਹੈ ਪਰ ਪ੍ਰਦਰਸ਼ਨਕਾਰੀ ਅੱਜ ਹੀ ਭਰਤੀ ਦਾ ਨੋਟਿਸ ਜਾਰੀ ਕਰਨ ਦੀ ਮੰਗ ’ਤੇ ਅੜੇ ਰਹੇ, ਜੋ ਕਿ ਸੰਭਵ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਕੋਈ ਲਾਠੀਚਾਰਜ ਨਹੀਂ ਕੀਤਾ ਗਿਆ।