ਸੰਗਰੂਰ ਰੈਲੀ 'ਚ ਕੈਪਟਨ ਦਾ ਐਲਾਨ, MSP ਤੇ FCI ਬਰਕਰਾਰ ਰੱਖਣ ਦੀ ਗਾਰੰਟੀ ਤਕ ਜਾਰੀ ਰਹੇਗਾ ਸੰਘਰਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਕਾਨੂੁੰਨ ਨੂੰ ਵਾਪਸ ਕਰਵਾਉਣ ਲਈ ਚੁਕਿਆ ਜਾਵੇਗਾ ਹਰ ਕਦਮ

Capt. Amarinder Singh

ਸੰਗਰੂਰ : ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਜਿਸ ਨੂੰ ਹਰ ਵਰਗ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ। ਦੂਜੇ ਪਾਸੇ ਸਿਆਸੀ ਧਿਰਾਂ ਵੀ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕੇਂਦਰ ਨਾਲ ਆਢਾ ਲਾਈ ਬੈਠੀਆਂ ਹਨ। ਇਸੇ ਤਹਿਤ ਕਾਂਗਰਸੀ ਆਗੂ ਰਾਹੁਲ ਗਾਂਧੀ ਰਾਹੁਲ ਗਾਂਧੀ ਤਿੰਨ ਦਿਨਾਂ ਦੌਰੇ 'ਤੇ ਪੰਜਾਬ ਆਏ ਹੋਏ ਹਨ। ਬੀਤੇ ਕੱਲ੍ਹ ਮੋਗਾ ਵਿਖੇ ਕੱਢੇ ਟਰੈਕਟਰ ਮਾਰਚ ਤੋਂ ਬਾਅਦ ਅੱਜ ਰਾਹੁਲ ਗਾਂਧੀ ਦੀ ਅਗਵਾਈ ‘ਸੰਗਰੂਰ ਵਿਖੇ ਰੈਲੀ ਕੱਢੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਉਨ੍ਹਾਂ ਦੀ ਲੜਾਈ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਇਨ੍ਹਾਂ 'ਚ ਐੱਮ. ਐੱਸ. ਪੀ. ਅਤੇ ਐੱਫ. ਸੀ. ਆਈ. ਦੀ ਹੋਂਦ ਬਰਕਰਾਰ ਰੱਖਣ ਦੀ ਲਿਖਤੀ ਰੂਪ ਵਿਚ ਗਾਰੰਟੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੁਪਰੀਮ ਕੋਰਟ ਵਿਚ ਵੀ ਜਾਣਾ ਪਿਆ ਤਾਂ ਉਹ ਉਥੇ ਵੀ ਜਾਣਗੇ, ਜੇਕਰ ਉਨ੍ਹਾਂ ਨੂੰ ਵਿਧਾਨ ਸਭਾ ਦਾ ਖਾਸ ਸੈਸ਼ਨ ਵੀ ਬੁਲਾਉਣਾ ਪਿਆ ਤਾਂ ਉਹ ਵੀ ਬੁਲਾਉਣਗੇ ਪਰ ਇਸ ਕਾਲੇ ਕਾਨੂੰਨ ਨੂੰ ਰੱਦ ਕਰਵਾ ਕੇ ਰਹਿਣਗੇ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਬੇਇਨਸਾਫ਼ੀ ਕਰ ਰਹੀ ਹੈ ਜਿਸ ਨੂੰ ਉਹ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਕੈਪਟਨ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਪੰਜਾਬ ਸਰਕਾਰ ਹਰ ਕਦਮ ਚੁੱਕਣ ਲਈ ਤਿਆਰ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਇਨ੍ਹਾਂ ਘਾਤਕ ਕਾਨੂੰਨਾਂ ਰਾਹੀਂ ਕਿਸਾਨੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ  ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਹਰ ਢੁਕਵਾਂ ਕਦਮ ਚੁਕੇਗੀ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਬਦਲ ਕੇ ਹੀ ਦਮ ਲਵੇਗੀ।