ਹੈਪੀ ਪੀਐਚਡੀ ਦੀ ਮਾਂ ਦਾ ਅਪਣੇ ਪੁੱਤਰ ਨੂੰ ਭਾਵੁਕ ਸੁਨੇਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਵਿਚ ਰਹਿੰਦੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਾਰਕੁਨ ਹਰਮੀਤ ਸਿੰਘ ਉਰਫ਼ ਹੈਪੀ ਪੀਐਚਡੀ ਨੂੰ ਉਸ ਦੀ ਬਜ਼ੁਰਗ ਮਾਂ ਕੁਸ਼ਬੀਰ ਨੇ ਭਾਵੁਕ ...

Happy PHD

ਅੰਮ੍ਰਿਤਸਰ (ਭਾਸ਼ਾ) : ਪਾਕਿਸਤਾਨ ਵਿਚ ਰਹਿੰਦੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਾਰਕੁਨ ਹਰਮੀਤ ਸਿੰਘ ਉਰਫ਼ ਹੈਪੀ ਪੀਐਚਡੀ ਨੂੰ ਉਸ ਦੀ ਬਜ਼ੁਰਗ ਮਾਂ ਕੁਸ਼ਬੀਰ ਨੇ ਭਾਵੁਕ ਸੁਨੇਹਾ ਦਿੰਦਿਆਂ ਆਤਮ ਸਮਰਪਣ ਕਰਕੇ ਮੁਆਫ਼ੀ ਮੰਗ ਲੈਣ ਦੀ ਗੱਲ ਆਖੀ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਉਸ ਦੀ ਮਾਂ ਨੇ ਆਪਣੇ ਪੁੱਤ ਨੂੰ ਸੰਦੇਸ਼ ਦਿਤਾ ਕਿ ਜਿਸ ਦਿਨ ਦਾ ਉਹ ਘਰੋਂ ਲਾਪਤਾ ਹੋਇਆ, ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਗਈ ਹੈ। ਹੈਪੀ ਦੀ ਮਾਂ ਦਾ ਕਹਿਣਾ ਹੈ ਕਿ ਧਾਰਮਿਕ ਸਿੱਖਿਆ ਭਾਈਚਾਰਕ ਸਾਂਝ ਦੇ ਸੁਨੇਹਾ ਦਿੰਦੀ ਹੈ।

ਜੇਕਰ ਹੈਪੀ ਨੇ ਕੋਈ ਮਾੜਾ ਕੰਮ ਕੀਤਾ ਹੈ ਤਾਂ ਉਸ ਨੂੰ ਹੁਣ ਆਤਮ ਸਮਰਪਣ ਕਰਕੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ ਜਾਂ ਫਿਰ ਅਪਣੇ 'ਤੇ ਲੱਗ ਰਹੇ ਦੋਸ਼ਾਂ 'ਤੇ ਸਫ਼ਾਈ ਪੇਸ਼ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਹੁੰਦੀ ਹਰ ਹਿੰਸਕ ਘਟਨਾ ਨਾਲ ਕਿਤੇ ਨਾ ਕਿਤੇ ਹੈਪੀ ਪੀਐਚਡੀ ਦਾ ਨਾਂ ਜੁੜਿਆ ਹੁੰਦੈ। ਹੈਪੀ ਦਾ ਪਰਿਵਾਰ ਅੰਮ੍ਰਿਤਸਰ ਦੇ ਛੇਹਰਟਾ ਵਿਚ ਰਹਿੰਦਾ ਹੈ। ਹੈਪੀ ਦੇ ਘਰ ਦਾ ਨਾਂ 'ਰੌਬੀ' ਹੈ। ਉਸ ਦੀ ਮਾਂ ਕੁਸ਼ਬੀਰ ਕੌਰ ਤੇ ਪਿਤਾ ਅਵਤਾਰ ਸਿੰਘ ਦੋਵੇਂ ਸੇਵਾਮੁਕਤ ਸਰਕਾਰੀ ਮੁਲਾਜ਼ਮ ਹਨ। ਉਨ੍ਹਾਂ ਆਖਿਆ ਕਿ ਉਹ ਇਸ ਗੱਲੋਂ ਹੈਰਾਨ ਹਨ ਕਿ ਉਨ੍ਹਾਂ ਦਾ ਪੁੱਤਰ ਇੰਨਾ ਹਿੰਸਕ ਕਿਵੇਂ ਬਣ ਗਿਆ।

ਜਦਕਿ ਉਸ ਨੇ ਧਾਰਮਿਕ ਸਿੱਖਿਆ ਵਿਚ ਜੇਆਰਐਫ ਦਾ ਟੈਸਟ ਪਾਸ ਕੀਤਾ ਹੈ। ਹੈਪੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਤੋਂ ਉਨ੍ਹਾਂ ਦਾ ਅਪਣੇ ਪੁੱਤਰ ਹੈਪੀ ਨਾਲ ਕੋਈ ਸੰਪਰਕ ਨਹੀਂ ਹੋਇਆ। ਪਿਤਾ ਨੇ ਦਸਿਆ ਕਿ ਉਹ ਜਿਉਂਦਾ ਹੈ ਅਤੇ ਉਸ ਨੂੰ ਆਖ਼ਰੀ ਵਾਰ 6 ਨਵੰਬਰ, 2008 ਨੂੰ ਵੇਖਿਆ ਗਿਆ ਸੀ। ਉਸ ਵੇਲੇ ਉਹ ਘਰੋਂ ਗੁਰੂ ਨਾਨਾਕ ਦੇਵ ਯੂਨੀਵਰਸਿਟੀ ਗਿਆ ਸੀ ਤੇ ਵਾਪਸ ਨਹੀਂ ਆਇਆ। ਉਸੇ ਦਿਨ ਹੀ ਪੁਲਿਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ। ਹੈਪੀ 'ਤੇ ਡੇਰਾ ਮੁਖੀ ਰਾਮ ਰਹੀਮ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲੱਗਿਆ ਸੀ।

ਉਸੇ ਦਿਨ ਤੋਂ ਹੀ ਉਹ ਪੁਲਿਸ ਦੀ ਪਕੜ ਤੋਂ ਬਾਹਰ ਹੈ, ਹੁਣ ਅਜਨਾਲਾ ਵਿਖੇ ਨਿਰੰਕਾਰੀ ਭਵਨ ਵਿਚ ਬੰਬ ਧਮਾਕਾ ਮਾਮਲੇ ਵਿਚ ਵੀ ਉਸ ਦਾ ਨਾਮ ਸਾਹਮਣੇ ਆ ਰਿਹਾ ਹੈ, ਪਰ ਦੇਖਣਾ ਹੋਵੇਗਾ ਕਿ ਹੈਪੀ 'ਤੇ ਅਪਣੀ ਮਾਂ ਦੇ ਭਾਵੁਕ ਸੁਨੇਹਾ ਦਾ ਕਿੰਨਾ ਕੁ ਅਸਰ ਹੁੰਦੈ? ਕੀ ਉਹ ਪੁਲਿਸ ਅੱਗੇ ਆਤਮ ਸਮਰਪਣ ਕਰੇਗਾ ਜਾਂ ਨਹੀਂ?