ਸ਼ਿਕਾਇਤਕਰਤਾ ਚੜ੍ਹਿਆ ਪੁਲਿਸ ਦੇ ਹੱਥੇ, ਭੜਕੇ ਲੋਕਾਂ ਨੇ ਥਾਣੇ ‘ਤੇ ਕੀਤਾ ਪਥਰਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਦੇ ਛੇਹਰਟਾ ਸਥਿਤ ਬਾਬਾ ਜੀਵਨ ਸਿੰਘ ਕਲੋਨੀ ਵਿਚ ਆਪਸੀ ਰੰਜਸ਼ ਦੇ ਚਲਦੇ ਦੋ ਧਿਰਾਂ ਵਿਚ ਹੋਈ ਕੁੱਟਮਾਰ ਤੋਂ ਬਾਅਦ ਇਕ ਧਿਰ...

Arrest

ਅੰਮ੍ਰਿਤਸਰ (ਸਸਸ) : ਅੰਮ੍ਰਿਤਸਰ ਦੇ ਛੇਹਰਟਾ ਸਥਿਤ ਬਾਬਾ ਜੀਵਨ ਸਿੰਘ ਕਲੋਨੀ ਵਿਚ ਆਪਸੀ ਰੰਜਸ਼ ਦੇ ਚਲਦੇ ਦੋ ਧਿਰਾਂ ਵਿਚ ਹੋਈ ਕੁੱਟਮਾਰ ਤੋਂ ਬਾਅਦ ਇਕ ਧਿਰ ਵਲੋਂ ਫਾਇਰਿੰਗ ਕਰ ਦਿਤੀ ਗਈ। ਮਾਮਲੇ ਦੀ ਜਾਂਚ ਲਈ ਥਾਣੇ ਪਹੁੰਚੀਆਂ ਦੋਵਾਂ ਧਿਰਾਂ ਦੇ ਪੰਜ ਨੌਜਵਾਨਾਂ ਨੂੰ ਹਿਰਾਸਤ ਵਿਚ ਲੈਣ ਦੇ ਬਾਅਦ ਮਾਮਲਾ ਹੋਰ ਭੜਕ ਗਿਆ। ਇਹਨਾਂ ਵਿਚ ਹਰਮਨਪ੍ਰੀਤ ਸਿੰਘ ਵੀ ਸ਼ਾਮਿਲ ਸੀ, ਜਿਨ੍ਹੇ ਦੂਜੀ ਧਿਰ ਦੇ ਲੋਕਾਂ ਵਲੋਂ ਚਲਾਈਆਂ ਗਈਆਂ ਗੋਲੀਆਂ ਦੇ ਬਾਰੇ ਲਿਖਤੀ ਸ਼ਿਕਾਇਤ ਦਿਤੀ ਸੀ।

ਪੁਲਿਸ ਦੀ ਇਸ ਕਾਰਵਾਈ ਨਾਲ ਪੀੜਿਤ ਲੋਕ ਭੜਕ ਗਏ। ਹਰਮਨਪ੍ਰੀਤ ਦੇ ਪਰਵਾਰ ਵਾਲਿਆਂ ਨੇ ਥਾਣੇ ਦੇ ਅੰਦਰ ਹੀ ਪੁਲਿਸ ਦੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ। ਲੋਕਾਂ ਨੇ ਪੁਲਿਸ ਉਤੇ ਇਲਜ਼ਾਮ ਲਗਾਇਆ ਕਿ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰਨ ਦੇ ਬਜਾਏ ਪੁਲਿਸ ਨੇ ਪੀੜਿਤ ਲੋਕਾਂ ਨੂੰ ਹੀ ਹਿਰਾਸਤ ਵਿਚ ਲੈ ਲਿਆ ਹੈ। ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਦੋਸ਼ੀ ਹਰਮਨਪ੍ਰੀਤ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਹਨ।

ਇਸ ਵਿਚ ਜਦੋਂ ਥਾਣੇਦਾਰ ਬਲਵਿੰਦਰ ਸਿੰਘ ਥਾਣੇ ਤੋਂ ਇਕ ਦੋਸ਼ੀ ਨੂੰ ਬਾਹਰ ਲੈ ਕੇ ਜਾ ਰਹੇ ਸਨ ਤਾਂ ਗ਼ੁੱਸੇ ਵਿਚ ਆਏ ਹਰਮਨਪ੍ਰੀਤ ਸਿੰਘ ਦੇ ਪਰਵਾਰ ਵਾਲਿਆਂ ਨੇ ਥਾਣੇ ਵਿਚ ਬੈਠੇ ਪੁਲਿਸ ਕਰਮਚਾਰੀਆਂ ਉਤੇ ਪਥਰਾਅ ਕਰਨਾ ਸ਼ੁਰੂ ਕਰ ਦਿਤਾ। ਇਸ ਦੌਰਾਨ ਭੜਕੇ ਲੋਕਾਂ ਨੇ ਥਾਣੇ ਦਾ ਦਰਵਾਜ਼ਾ ਤੋੜਨ ਦੀ ਵੀ ਕੋਸ਼ਿਸ਼ ਕੀਤੀ। ਪੁਲਿਸ ਕਰਮਚਾਰੀਆਂ ਨੇ ਭੱਜ ਕੇ ਜਾਨ ਬਚਾਈ। ਇਸ ਵਿਚ ਪੁਲਿਸ ਅਤੇ ਇਕ ਪੱਤਰਕਾਰ ਨਾਲ ਹੱਥੋਪਾਈ ਵੀ ਕੀਤੀ ਗਈ।

ਇਸ ਤੋਂ ਬਾਅਦ ਪੱਤਰਕਾਰਾਂ ਨੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਧਰਨਾ ਦਿਤਾ। ਏਸੀਪੀ ਵੈਸਟ ਨੇ ਮੀਡੀਆ ਕਰਮਚਾਰੀਆਂ ਨੂੰ ਕਾਰਵਾਈ ਦਾ ਵਿਸ਼ਵਾਸ ਦਿਵਾਉਣ  ਤੋਂ ਬਾਅਦ ਧਰਨਾ ਬੰਦ ਕਰਵਾਇਆ। ਥਾਣਾ ਛੇਹਰਟਾ ਦੇ ਇਨਚਾਰਜ ਹਰੀਸ਼ ਬਹਿਲ ਨੇ ਦੱਸਿਆ ਕਿ ਬਾਬਾ ਜੀਵਨ ਸਿੰਘ ਕਲੋਨੀ ਵਿਚ ਗੋਲੀ ਚਲਣ ਦੀ ਵਾਰਦਾਤ ਦਾ ਪਤਾ ਲੱਗਿਆ ਸੀ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਪੰਜ ਖੋਲ ਵੀ ਜਮਾਂ ਕਰਵਾਏ ਹਨ। ਜਾਂਚ ਵਿਚ ਪੁਲਿਸ ਨੂੰ ਕੁੱਝ ਹੋਰ ਸਬੂਤ ਵੀ ਮਿਲੇ ਹਨ।

ਦੋਵਾਂ ਧਿਰਾਂ ਨੂੰ ਅੱਜ ਜਾਂਚ ਵਿਚ ਸ਼ਾਮਿਲ ਹੋਣ ਲਈ ਥਾਣੇ ਬੁਲਾਇਆ ਗਿਆ ਸੀ। ਜਾਂਚ ਨੂੰ ਪ੍ਰਭਾਵਿਤ ਕਰਨ ਲਈ ਲੋਕਾਂ ਨੇ ਪੁਲਿਸ ਉਤੇ ਪਥਰਾਅ ਕੀਤਾ ਹੈ। ਜਾਂਚ ਤੋਂ ਬਾਅਦ ਪੁਲਿਸ ਮਾਮਲਾ ਦਰਜ ਕਰੇਗੀ। ਥਾਣੇ ਦੇ ਅੰਦਰ ਇਨਸਪੈਕਟਰ ਹਰੀਸ਼ ਬਹਿਲ ਅਤੇ ਇਲਾਕੇ ਦੇ ਇਕ ਪ੍ਰਧਾਨ ਦੇ ਵਿਚ ਤਿੱਖੀ ਬਹਿਸ ਹੋਈ। ਪ੍ਰਧਾਨ ਨੇ ਪੁਲਿਸ ਉਤੇ ਇਲਜ਼ਾਮ ਲਗਾਏ ਕਿ ਉਨ੍ਹਾਂ ਨੂੰ ਗਾਲ੍ਹ ਕੱਢੀ ਗਈ ਹੈ। ਪੁਲਿਸ ਨੇ ਇਸ ਪ੍ਰਧਾਨ ਨੂੰ ਥਾਣੇ ਤੋਂ ਬਾਹਰ ਕੱਢ ਕੇ ਥਾਣੇ ਦਾ ਦਰਵਾਜ਼ਾ ਬੰਦ ਕਰ ਦਿਤਾ ਸੀ।