ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ, ਗ੍ਰਿਫ਼ਤਾਰ
ਇਕ ਔਰਤ ਵਲੋਂ ਅਪਣੇ ਹੀ ਪਤੀ ਨਾਲ ਧੋਖਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ...
ਮਾਨਸਾ (ਸਸਸ) : ਇਕ ਔਰਤ ਵਲੋਂ ਅਪਣੇ ਹੀ ਪਤੀ ਨਾਲ ਧੋਖਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪਤਨੀ ਨੇ ਅਪਣੇ ਪ੍ਰੇਮੀ ਦੇ ਨਾਲ ਮਿਲ ਕੇ ਹੈਰਾਨ ਕਰ ਦੇਣ ਵਾਲੀ ਘਟਨਾ ਨੂੰ ਅੰਜਾਮ ਦੇ ਦਿਤਾ। ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਮਾਮਲਾ ਪੰਜਾਬ ਦੇ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਦਾ ਹੈ। ਸਬੰਧਾਂ ਵਿਚ ਪਤੀ ਨੂੰ ਰੁਕਾਵਟ ਮੰਨਦੇ ਹੋਏ ਪਤਨੀ ਨੇ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਦਾ ਗਲਾ ਘੁੱਟ ਕੇ ਮਾਰ ਦਿਤਾ
ਅਤੇ ਖੁਦਕੁਸ਼ੀ ਦਾ ਮਾਮਲਾ ਬਣਾਉਣ ਲਈ ਉਸ ਦੀ ਲਾਸ਼ ਘਰ ਵਿਚ ਪੱਖੇ ਵਾਲੀ ਹੁਕ ਨਾਲ ਲਟਕਾ ਦਿਤੀ। ਥਾਣਾ ਸਦਰ ਪੁਲਿਸ ਨੇ ਸ਼ੱਕ ਹੋਣ ‘ਤੇ ਜਦੋਂ ਬਰੀਕੀ ਨਾਲ ਜਾਂਚ ਕੀਤੀ ਤਾਂ ਮਾਮਲਾ ਕਤਲ ਦਾ ਸਾਹਮਣੇ ਆਇਆ। ਪੁਲਿਸ ਨੇ ਦੋਸ਼ੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਡੀਐਸਪੀ (ਡੀ) ਸਿਮਰਨਜੀਤ ਸਿੰਘ ਅਤੇ ਥਾਣਾ ਸਦਰ ਮਾਨਸਾ ਦੇ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਕਿ ਪਿੰਡ ਦਲੇਲ ਸਿੰਘ ਵਾਲਾ ਵਿਚ ਬਲਵਿੰਦਰ ਸਿੰਘ ਉਰਫ਼ ਬਿੰਦਰ ਨੇ ਖ਼ੁਦਕੁਸ਼ੀ ਕਰ ਲਈ ਹੈ।
ਮੌਕੇ ਉਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਮਾਮਲਾ ਸ਼ੱਕੀ ਲੱਗਿਆ। ਪੁਲਿਸ ਨੇ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਬਲਵਿੰਦਰ ਸਿੰਘ ਉਰਫ਼ ਬਿੰਦਰ ਦੀ ਪਤਨੀ ਸਰਬਜੀਤ ਕੌਰ ਦੇ ਬੱਸ ਡਰਾਇਵਰ ਲਖਵਿੰਦਰ ਸਿੰਘ ਉਰਫ਼ ਲੱਖਾ ਨਿਵਾਸੀ ਫਰਮਾਹੀ ਦੇ ਨਾਲ ਸਬੰਧ ਸਨ। ਇਹ ਦੋਵੇਂ ਬਲਵਿੰਦਰ ਸਿੰਘ ਨੂੰ ਅਪਣੇ ਰਸਤੇ ਵਿਚ ਰੁਕਾਵਟ ਸਮਝਦੇ ਸਨ। ਡੀਐਸਪੀ (ਡੀ) ਨੇ ਦੱਸਿਆ ਕਿ ਰਾਤ ਦੇ ਸਮੇਂ ਦੋਵਾਂ ਨੇ ਮਿਲ ਕੇ ਬਲਵਿੰਦਰ ਸਿੰਘ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿਤਾ ਸੀ।
ਬਾਅਦ ਵਿਚ ਪੱਖਾ ਹੇਠਾਂ ਉਤਾਰ ਕੇ ਉਸ ਦੀ ਹੁਕ ਨਾਲ ਬਲਵਿੰਦਰ ਸਿੰਘ ਦੀ ਲਾਸ਼ ਨੂੰ ਫਾਹੇ ਨਾਲ ਲਟਕਾ ਦਿਤਾ। ਇਸ ਤੋਂ ਬਾਅਦ ਸਰਬਜੀਤ ਕੌਰ ਨੇ ਪੁਲਿਸ ਨੂੰ ਸੂਚਨਾ ਦਿਤੀ ਕਿ ਉਸ ਦੇ ਪਤੀ ਨੇ ਖ਼ੁਦਕੁਸ਼ੀ ਕਰ ਲਈ ਹੈ। ਮਾਮਲੇ ਦਾ ਖ਼ੁਲਾਸਾ ਹੋਣ ‘ਤੇ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਬੱਸ ਡਰਾਇਵਰ ਲਖਵਿੰਦਰ ਸਿੰਘ ਲੱਖਾ ਨਿਵਾਸੀ ਫਰਮਾਹੀ ਅਤੇ ਸਰਵਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਦੋਸ਼ੀਆਂ ਦੇ ਖਿਲਾਫ਼ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।