ਕੁੰਭ 2019 : ਪਾਕਿ ਹਿੰਦੂਆਂ ਦੇ ਵੀਜ਼ੇ ਨੂੰ ਲੈ ਕੇ ਯੂਪੀ ਸਰਕਾਰ ਨੇ ਕੀਤੀ ਖ਼ਾਸ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

15 ਜਨਵਰੀ ਤੋਂ ਪ੍ਰਯਾਗਰਾਜ ਵਿਚ ਸ਼ੁਰੂ ਹੋ ਰਹੇ ਕੁੰਭ ਪਰਵ ਵਿਚ ਪਾਕਿਸਤਾਨੀ ਹਿੰਦੂ ਵੀ ਆਉਣਗੇ। ਉਨ੍ਹਾਂ ਦੇ ਲਈ ਵੀਜ਼ੇ ਨੂੰ ਲੈ ਕੇ ਯੂਪੀ ਦੇ...

Kumbh Mela 2019

ਅੰਮ੍ਰਿਤਸਰ : 15 ਜਨਵਰੀ ਤੋਂ ਪ੍ਰਯਾਗਰਾਜ ਵਿਚ ਸ਼ੁਰੂ ਹੋ ਰਹੇ ਕੁੰਭ ਪਰਵ ਵਿਚ ਪਾਕਿਸਤਾਨੀ ਹਿੰਦੂ ਵੀ ਆਉਣਗੇ। ਉਨ੍ਹਾਂ ਦੇ ਲਈ ਵੀਜ਼ੇ ਨੂੰ ਲੈ ਕੇ ਯੂਪੀ ਦੇ ਇਕ ਮੰਤਰੀ ਨੇ ਵੱਡਾ ਖ਼ੁਲਾਸਾ ਕੀਤਾ ਹੈ। ਦਰਅਸਲ, ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਨੇ ਕਿਹਾ ਹੈ ਕਿ ਕੁੰਭ ਪਰਵ ਵਿਚ ਆਉਣ  ਦੇ ਇਛੁੱਕ ਪਾਕਿਸਤਾਨੀ ਹਿੰਦੂਆਂ ਲਈ ਵੀਜ਼ੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਜੋ ਵੀ ਪਾਕਿਸਤਾਨੀ ਹਿੰਦੂ ਕੁੰਭ ਵਿਚ ਸ਼ਾਮਿਲ ਹੋਣ ਦੀ ਇੱਛਾ ਜਤਾਏਗਾ ਉਸ ਨੂੰ ਹਰ ਉਹ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਜਿਸ ਦੀ ਉਸ ਨੂੰ ਜ਼ਰੂਰਤ ਹੋਵੇਗੀ।

ਗੰਗਾ, ਯਮੁਨਾ ਅਤੇ ਸਰਸਵਤੀ ਵਿਚ ਇਸ਼ਨਾਨ ਲਈ ਪਾਕਿਸਤਾਨ ਤੋਂ ਆਉਣ ਵਾਲੇ ਹਿੰਦੂਆਂ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਲਈ ਵੀ ਟਰਾਂਸਪੋਰਟੇਸ਼ਨ ਦੀ ਵਿਵਸਥਾ ਕੀਤੀ ਜਾਵੇਗੀ। ਪ੍ਰਯਾਗਰਾਜ ਰੇਲਵੇ ਸਟੇਸ਼ਨ ਦੇ ਨਾਲ ਕੁੰਭ ਮੇਲਾ ਸਥਾਨ ਵਿਚ ਵੀ ਮੁਸਾਫਰਾਂ ਨੂੰ ਟਰਾਂਸਪੋਰਟ ਦੀ ਸਹੂਲਤ ਦਿਤੀ ਜਾਵੇਗੀ। ਮੌਰਿਆ ਪੰਜਾਬ  ਦੇ ਲੋਕਾਂ ਨੂੰ ਕੁੰਭ ਮੇਲੇ ਵਿਚ ਸ਼ਾਮਿਲ ਹੋਣ ਦਾ ਸੱਦਾ ਦੇਣ ਅੰਮ੍ਰਿਤਸਰ ਆਏ ਸਨ।

ਸਰਕੁਲਰ ਰੋਡ ਸਥਿਤ ਇਕ ਹੋਟਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੌਰਿਆ ਨੇ ਕੁੰਭ ਮੇਲੇ ਦਾ ਲੋਗੋ ਜਾਰੀ ਕਰ ਕੇ ਦੱਸਿਆ ਕਿ ਉਨ੍ਹਾਂ ਨੇ ਰਾਜਪਾਲ ਵੀਪੀ ਸਿੰਘ ਬਦਨੌਰ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਲੋਗੋ ਭੇਂਟ ਕਰ ਕੇ ਕੁੰਭ ਵਿਚ ਸ਼ਾਮਿਲ ਹੋਣ ਦਾ ਸੱਦਾ ਦਿਤਾ ਹੈ, ਜਿਸ ਨੂੰ ਦੋਵਾਂ ਨੇ ਸਵੀਕਾਰ ਕਰ ਲਿਆ ਹੈ। ਐਨਡੀਏ ਦੇ ਸੀਨੀਅਰ ਨੇਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੱਦਾ ਕਿਉਂ ਨਹੀਂ ਦਿਤਾ ਗਿਆ, ਇਸ ਉਤੇ ਮੰਤਰੀ ਕੁੱਝ ਪਲ ਖਾਮੋਸ਼ ਰਹਿਣ ਤੋਂ ਬਾਅਦ ਬੋਲੇ ਕਿ ਉਨ੍ਹਾਂ ਨੂੰ ਵੀ ਸੱਦਾ ਦੇਣ ਜਾਵਾਂਗੇ।

ਉਨ੍ਹਾਂ ਨੇ ਕਿਹਾ ਕਿ ਸੀਐਮ ਯੋਗੀ ਆਦਿਤਿਅਨਾਥ ਨੇ ਕੁੰਭ ਮੇਲੇ ਵਿਚ ਪੰਜਾਬੀਆਂ ਨੂੰ ਸ਼ਾਮਿਲ ਹੋਣ ਦਾ ਸੱਦਾ ਦੇਣ ਲਈ ਉਨ੍ਹਾਂ ਨੂੰ ਵਿਸ਼ੇਸ਼ ਰੂਪ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਭੇਜਿਆ ਹੈ। ਇਕ ਸਵਾਲ ਦੇ ਜਵਾਬ ਵਿਚ ਮੌਰਿਆ ਨੇ ਕਿਹਾ ਕਿ ਭਗਵਾਨ ਹਨੁਮਾਨ ਸਰਵ ਆਦਰ ਯੋਗ ਅਤੇ ਸਰਵ ਪੂਜਨੀਕ ਹਨ। ਉਨ੍ਹਾਂ ਨੂੰ ਜਾਤੀ ਦੀ ਗੰਢ ਵਿਚ ਬੰਨਣਾ ਉਚਿਤ ਨਹੀਂ ਹੈ। ਦੇਵੀ ਦੇਵਤਿਆਂ ਦੇ ਨਾਮ ‘ਤੇ ਸਿਆਸਤ ਕਰਨਾ ਠੀਕ ਨਹੀਂ ਹੈ। ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।

ਜਿਸ ਦੇਵੀ ਦੇਵਤੇ ਨੂੰ ਲੋਕ ਪੂਜਦੇ ਹਨ, ਉਨ੍ਹਾਂ ਉਤੇ ਟਿੱਪਣੀ ਕਰਨਾ ਚੰਗੀ ਗੱਲ ਨਹੀਂ ਹੈ। ਦੇਵੀ ਦੇਵਤਿਆਂ ਨੂੰ ਜਿਸ ਤਰ੍ਹਾਂ ਨਾਲ ਲੋਕ ਪੂਜਦੇ ਹਨ, ਸਾਨੂੰ ਵੀ ਉਨ੍ਹਾਂ ਨੂੰ ਉਸੇ ਰੂਪ ਵਿਚ ਸਵੀਕਾਰ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਤੱਕ ਅਯੋਧਿਆ ਕਿਉਂ ਨਹੀਂ ਗਏ, ਇਸ ਸਵਾਲ ਉਤੇ ਮੌਰਿਆ ਨੇ ਕਿਹਾ ਕਿ ਕੌਣ ਕਿੱਥੇ ਜਾਂਦਾ ਹੈ ਜਾਂ ਨਹੀਂ ਜਾਂਦਾ, ਇਸ ਦਾ ਜਵਾਬ ਉਹ ਨਹੀਂ ਦੇ ਸਕਦੇ।