ਕੁੰਭ ਜਾਓ ਅਤੇ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾਓ : ਪੀਐਮ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁੰਭ ਦੇ ਮੇਲੇ ਦੀ ਸ਼ਾਨਦਾਰ ਵਿਲੱਖਣਤਾ ਪੂਰੀ ਦੁਨੀਆਂ ਵਿਚ ਅਪਣਾ ਪ੍ਰਭਾਵ ਪਾਉਂਦੀ ਹੈ।

PM Narendra Modi in 'Mann Ki Baat'

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਤ ਕਰਦੇ ਹੋਏ ਨਵੇਂ ਸਾਲ ਅਤੇ ਸਾਲ 2019 ਦੇ ਤਿਉਹਾਰਾਂ ਦੀਆਂ ਸ਼ੁਭਕਾਮਨਾਵਾਂ ਦਿਤੀਆਂ। ਮੋਦੀ ਨੇ ਕਿਹਾ ਕਿ ਇਹ 2018 ਦਾ ਆਖਰੀ ਪ੍ਰੋਗਰਾਮ ਹੈ। ਨਵੇਂ ਸਾਲ ਵਿਚ ਅਸੀਂ ਫਿਰ ਮਿਲਾਂਗੇ ਅਤੇ ਮਨ ਦੀਆਂ ਗੱਲਾਂ ਕਰਾਂਗੇ। ਪੀਐਮ ਨੇ ਅਗਲੇ ਸਾਲ ਜਨਵਰੀ ਵਿਚ ਪ੍ਰਯਾਗਰਾਜ ਵਿਚ ਆਯੋਜਿਤ ਹੋਣ ਵਾਲੇ ਕੁੰਭ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਸੱਭਿਆਚਾਰ ਦੀਆਂ ਕਈ ਗੱਲਾ ਮਾਣ ਕਰਨ ਯੋਗ ਹਨ।

ਉਹਨਾਂ ਕਿਹਾ ਕਿ ਤੁਸੀਂ ਕੁੰਭ ਜਾਓ ਅਤੇ ਕੁੰਭ ਦੇ ਵੱਖ-ਵੱਖ ਪੱਖਾਂ ਸਬੰਧੀ ਫੋਟੋਆਂ ਸੋਸ਼ਲ ਮੀਡੀਆ 'ਤੇ ਜ਼ਰੂਰ ਸਾਂਝੀਆਂ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਤੋਂ ਪ੍ਰੇਰਣਾ ਮਿਲ ਸਕੇ। ਉਹਨਾਂ ਕਿਹਾ ਕਿ ਕੁੰਭ ਦੇ ਮੇਲੇ ਦੀ ਸ਼ਾਨਦਾਰ ਵਿਲੱਖਣਤਾ ਪੂਰੀ ਦੁਨੀਆਂ ਵਿਚ ਅਪਣਾ ਪ੍ਰਭਾਵ ਪਾਉਂਦੀ ਹੈ। ਸ਼ਰਧਾਲੂ ਸੰਗਮ ਵਿਚ ਪਵਿੱਤਰ ਇਸ਼ਨਾਨ ਤੋਂ ਬਾਅਦ ਅਕਸ਼ਯਵਟ ਦਰਖ਼ਤ ਦੇ ਦਰਸ਼ਨ ਕਰ ਸਕਣਗੇ ਕਿਉਂਕਿ ਹੁਣ ਇਸ ਦਾ ਦਰਵਾਜਾ ਸਾਰਿਆਂ ਲਈ ਖੋਲ੍ਹ ਦਿਤਾ ਗਿਆ ਹੈ। ਆਉਣ ਵਾਲੇ ਗਣਤੰਤਰ ਦਿਵਸ ਸਮਾਗਮ ਸਬੰਧੀ ਮੋਦੀ ਨੇ

ਕਿਹਾ ਕਿ ਸਾਡੇ ਲਈ ਇਹ ਕਿਸਮਤ ਵਾਲੀ ਗੱਲ ਹੈ ਕਿ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਮੁੱਖ ਮਹਿਮਾਨ ਦੇ ਤੌਰ 'ਤੇ ਭਾਰਤ ਆਉਣਗੇ। ਮਹਾਤਮਾ ਗਾਂਧੀ ਅਤੇ ਦੱਖਣੀ ਅਫਰੀਕਾ ਦਾ ਡੂੰਘਾ ਸਬੰਧ ਹੈ। ਇਹ ਦੱਖਣੀ ਅਫਰੀਕਾ ਹੀ ਸੀ ਜਿਥੇ ਮੋਹਨ ਮਹਾਤਮਾ ਬਣ ਗਏ। ਉਹਨਾਂ ਕਿਹਾ ਕਿ ਸਾਲ 2018 ਦੌਰਾਨ ਭਾਰਤ ਨੂੰ ਸੰਯੁਕਤ ਰਾਸ਼ਟਰ ਦੇ ਸੱਭ ਤੋਂ ਉੱਚੇ ਵਾਤਾਵਰਣ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸੇ ਸਾਲ ਸਰਦਾਰ ਵਲੱਭ ਭਾਈ ਪਟੇਲ ਨੂੰ ਸਮਰਪਿਤ ਸਟੈਚੂ ਆਫ਼ ਯੂਨਿਟੀ ਦਾ ਵੀ ਰਸਮੀ ਉਦਘਾਟਨ ਕੀਤਾ ਗਿਆ।

ਇਸ ਸਾਲ ਦੁਨੀਆ ਦੀ ਸੱਭ ਤੋਂ ਵੱਡੀ ਸਿਹਤ ਬੀਮਾ ਯੋਜਨਾ 'ਆਯੂਸ਼ਮਾਨ ਭਾਰਤ' ਦੀ ਸ਼ੁਰੂਆਤ ਹੋਈ। ਦੇਸ਼ ਦੇ ਹਰ ਪਿੰਡ ਤੱਕ ਬਿਜਲੀ ਪੁੱਜ ਗਈ। ਦੁਨੀਆਂ ਦੀਆਂ ਸਿਖਰ ਦੀਆਂ ਸੰਸਥਾਵਾਂ ਨੇ ਮੰਨਿਆ ਹੈ ਕਿ ਭਾਰਤ ਰਿਕਾਰਡ ਗਤੀ ਨਾਲ ਦੇਸ਼ ਨੂੰ ਗਰੀਬੀ ਤੋਂ ਮੁਕਤ ਕਰ ਰਿਹਾ ਹੈ। ਦੇਸ਼ਵਾਸੀਆਂ ਦੀਆਂ ਕੋਸ਼ਿਸ਼ਾਂ ਦੇ ਨਾਲ ਸਵੱਛਤਾ ਦਾ ਪੱਧਰ 95 ਫ਼ੀ ਸਦੀ ਪਾਰ ਕਰਨ ਦੀ ਦਿਸ਼ਾ ਵਿਚ ਅੱਗੇ ਵੱਧ ਰਿਹਾ ਹੈ। ਪੀਐਮ ਮੋਦੀ ਵੱਲੋਂ ਇਸ ਸਾਲ ਦੇਸ਼ ਦੀਆਂ ਵੱਖ-ਵੱਖ ਖੇਤਰਾਂ ਵਿਚ ਹਾਸਲ ਕੀਤੀਆਂ ਉਪਲਬਧੀਆਂ ਦਾ ਵੀ ਜ਼ਿਕਰ ਕੀਤਾ ਗਿਆ।