ਬੈਂਕ ਅੰਦਰ ਵੜੇ ਲੁਟੇਰਿਆਂ ਨੂੰ ਪਈ 'ਤੀਜੀ ਅੱਖ' ਦੀ ਮਾਰ!

ਏਜੰਸੀ

ਖ਼ਬਰਾਂ, ਪੰਜਾਬ

ਮੁੰਬਈ ਤੋਂ ਆਈ ਕਾਲ ਕਾਰਨ ਪੁਲਿਸ ਹੱਥੇ ਚੜ੍ਹੇ ਲੁਟੇਰੇ

file photo

ਅੰਮ੍ਰਿਤਸਰ : ਵੱਡੀ ਲੁੱਟ ਦੇ ਮਕਸਦ ਨਾਲ ਬੈਂਕ ਅੰਦਰ ਦਾਖ਼ਲ ਹੋਏ ਲੁਟੇਰੇ ਉਸ ਸਮੇਂ 'ਤੀਜੀ ਅੱਖ' ਦੀ ਨਿਗਰਾਨੀ ਕਾਰਨ ਸ਼ਲਾਖਾ ਅੰਦਰ ਚਲੇ ਗਏ ਜਦੋਂ ਉਹ ਵੱਡੀ ਡਕੈਤੀ ਦੇ ਮਕਸਦ ਨਾਲ ਬੈਂਕ ਅੰਦਰ ਦਾਖ਼ਲ ਹੋਏ ਸਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੁਟੇਰਿਆਂ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿਤਾ।

ਦਰਅਸਲ 5 ਤੇ 6 ਜਨਵਰੀ ਦੀ ਦਰਮਿਆਨੀ ਰਾਤ ਵੇਲੇ ਕੁਝ ਲੁਟੇਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਗਹਿਰੀ ਮੰਡੀ ਵਿਖੇ ਸਥਿਤ ਐਕਸਿਸ ਬੈਂਕ ਦੀ ਬ੍ਰਾਂਚ ਵਿਚ ਦਾਖ਼ਲ ਗਏ ਸਨ। ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ ਇਨ੍ਹਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਇਕ ਏਟੀਐਮ ਨੂੰ ਨਿਸ਼ਾਨਾ ਬਣਾਇਆ। 

ਇਸੇ ਦੌਰਾਨ ਬੈਂਕ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਬੈਂਕ ਦੇ ਮੁੰਬਈ ਹੈੱਡ ਕੁਆਰਟਰ ਨੂੰ ਇਸ ਲੁੱਟ ਦਾ ਪਤਾ ਲੱਗ ਗਿਆ। ਉਨ੍ਹਾਂ ਸਥਾਨਕ ਬ੍ਰਾਂਚ ਮੈਨੇਜਰ ਨੂੰ ਇਸ ਬਾਰੇ ਜਾਣਕਾਰੀ ਦਿਤੀ।

ਇਸ ਤੋਂ ਬਾਅਦ ਬੈਂਕ ਮੈਨੇਜਰ ਨੇ ਇਸ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਕੋਲ ਪਹੁੰਚਾ ਦਿਤੀ। ਪੁਲਿਸ ਨੇ ਮੁਸ਼ਤੈਦੀ ਵਰਤਦਿਆਂ ਮੌਕੇ 'ਤੇ ਪਹੁੰਚ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਸੇ ਦੌਰਾਨ ਲੁਟੇਰਿਆਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ਪਾਰਟੀ ਨੇ ਲੁਟੇਰਿਆਂ ਨੂੰ ਡਰਾਉਣ ਖ਼ਾਤਰ ਜ਼ਮੀਨ 'ਤੇ ਫ਼ਾਇਰ ਕਰਦਿਆਂ ਸ਼ਟਰ ਬੰਦ ਕਰ ਦਿਤਾ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ।

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਪੀਡੀ ਅਮਨਦੀਪ ਕੌਰ ਅਨੁਸਾਰ ਮੁਲਜ਼ਮਾਂ ਕੋਲੋਂ ਪੁਲਿਸ ਨੇ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਿਸ ਲੁਟੇਰਿਆਂ ਕੋਲੋਂ ਸਖ਼ਤੀ ਨਾਲ ਪੁਛਗਿਛ ਕਰ ਰਹੀ ਹੈ ਜਿਸ ਤੋਂ ਬਾਅਦ ਕਈ ਹੋਰ ਮਾਮਲੇ ਹੱਲ ਹੋਣ ਦੀ ਉਮੀਦ ਹੈ।