ਜਥੇਦਾਰ ਹਰਪ੍ਰੀਤ ਸਿੰਘ ਖ਼ੁਦ ਪ੍ਰਚਾਰ ਕਰ ਕੇ ਦਿਖਾਉਣ: ਭਾਈ ਢਡਰੀਆਂ ਵਾਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੈਂ ਕਿਸੇ ਕਮੇਟੀ ਅੱਗੇ ਪੇਸ਼ ਨਹੀਂ ਹੋਣਾ : ਭਾਈ ਢਡਰੀਆਂ ਵਾਲੇ

Bhai Ranjit Singh Ji Dhadrianwale and Giani Harpreet Singh

ਸੰਗਰੂਰ (ਗੁਰਦਰਸ਼ਨ ਸਿੰਘ ਸਿੱਧੂ) : ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਪੰਜ ਮੈਂਬਰੀ ਕਮੇਟੀ ਵਲੋਂ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੂੰ 22 ਦਸੰਬਰ ਨੂੰ ਕਮੇਟੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪ੍ਰੰਤੂ ਭਾਈ ਰਣਜੀਤ ਸਿੰਘ ਵਲੋਂ ਕਮੇਟੀ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿਤਾ ਗਿਆ ਹੈ। ਭਾਈ ਢਡਰੀਆਂ ਵਾਲਿਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੱਭ ਨੂੰ ਪਹਿਲਾਂ ਹੀ ਦਸ ਦਿਤਾ ਸੀ ਕਿ 22 ਦਸੰਬਰ ਨੂੰ ਉਨ੍ਹਾਂ ਦਾ ਸ਼ਿਕਾਗੋ ਵਿਖੇ ਪ੍ਰੋਗਰਾਮ ਹੈ।

ਇਸ ਲਈ ਉਹ ਕਮੇਟੀ ਅੱਗੇ ਪੇਸ਼ ਨਹੀਂ ਹੋ ਸਕਦੇ ਅਤੇ ਕਮੇਟੀ ਵਲੋਂ ਜਾਣ-ਬੁਝ ਕੇ ਇਸ ਤਰੀਕ ਨੂੰ ਚੁਣਿਆ ਗਿਆ ਹੈ। ਉਨ੍ਹਾਂ ਇਹ ਵੀ ਕਹਿ ਦਿਤਾ ਕਿ ਜੇਕਰ ਉਹ ਇਥੇ ਹੁੰਦੇ ਤਾਂ ਵੀ ਕਮੇਟੀ ਸਾਹਮਣੇ ਪੇਸ਼ ਨਾ ਹੁੰਦੇ। ਉਨ੍ਹਾਂ ਕਿਹਾ ਕਿ ਲਿਫ਼ਾਫ਼ਾ ਬੰਦ 'ਜਥੇਦਾਰੀ' ਵਲੋਂ ਬਣਾਈ ਕਮੇਟੀ ਅੱਗੇ ਉਹ ਕਿਸੇ ਵੀ ਕੀਮਤ 'ਤੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਕਿਹਾ,''ਮੈਂ ਕਦੇ ਵੀ ਕੋਈ ਵੀ ਝੂਠ ਦਾ ਪ੍ਰਚਾਰ ਨਹੀਂ ਕੀਤਾ, ਇਸ ਲਈ ਮੈਨੂੰ ਕਿਸੇ ਨੂੰ ਸਫ਼ਾਈ ਦੇਣ ਦੀ ਲੋੜ ਨਹੀਂ।''

ਉਨ੍ਹਾਂ ਕਿਹਾ ਕਿ ਇਹ ਗਰੁਪ ਸਿੱਖਾਂ ਨੂੰ ਮਾਨਸਿਕ ਤੌਰ 'ਤੇ ਕਮਜ਼ੋਰ ਰਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਪੰਜ ਮੈਂਬਰੀ ਕਮੇਟੀ ਵਿਚ ਸ਼ਾਮਲ ਇਕ ਵਿਅਕਤੀ ਤੋਂ ਟਕਸਾਲ ਨੇ ਮਾਫ਼ੀ ਵੀ ਮੰਗਵਾਈ ਹੈ ਕਿਉਂਕਿ ਉਕਤ ਪ੍ਰੋਫ਼ੈਸਰ ਨੇ ਖ਼ਾਲਸਾ ਕਾਲਜ ਵਿਚ ਟਕਸਾਲ ਦੇ ਵਿਦਿਆਰਥੀਆਂ ਬਾਰੇ ਕੁੱਝ ਬੋਲਿਆ ਸੀ। ਉਨ੍ਹਾਂ ਕਿਹਾ ਕਿ ਪ੍ਰੋਫ਼ੈਸਰ ਨੂੰ ਨੌਕਰੀ ਲਈ ਮਾਫ਼ੀ ਮੰਗਣੀ ਪੈ ਗਈ ਪ੍ਰੰਤੂ ਉਹ ਇਨ੍ਹਾਂ ਅੱਗੇ ਨਹੀਂ ਝੁਕਣਗੇ।

ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਪ੍ਰਚਾਰਕਾਂ ਨੂੰ ਨੱਥ ਪਾਉਣ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਤੁਸੀਂ ਹਰ ਰੋਜ਼ ਇਕ ਘੰਟਾ ਖ਼ੁਦ ਪ੍ਰਚਾਰ ਕਰ ਕੇ ਦੇਖੋ ਫਿਰ ਪਤਾ ਲੱਗੇਗਾ। ਜੇਕਰ ਅਸਲੀ ਪ੍ਰਚਾਰ ਕਰੋਗੇ ਤਾਂ ਦੁਨੀਆਂ ਤੁਹਾਡੇ ਨਾਲ ਜੁੜੇਗੀ ਪਰੰਤੂ ਬਾਬੇ ਨਰਾਜ਼ ਹੋ ਜਾਣਗੇ। ਜੇਕਰ ਬਾਬਿਆਂ ਵਾਲਾ ਇਤਿਹਾਸ ਸੁਣਾਉਗੇ ਤਾਂ ਆਉਣ ਵਾਲੀ ਪੀੜ੍ਹੀ ਦੇ ਸਵਾਲਾਂ ਦਾ ਜਵਾਬ ਦੇਣ ਲਈ ਵੀ ਤਿਆਰ ਰਹਿਣਾ ਪਵੇਗਾ।

ਉਨ੍ਹਾਂ ਕਿਹਾ ਕਿ ਸੂਰਜ ਪ੍ਰਕਾਸ਼ ਗ੍ਰੰਥ ਵਿਚ ਗੁਰੂ ਸਾਹਿਬ ਦੇ ਕਿੰਨੇ ਵਿਆਹ ਲਿਖੇ ਹਨ, ਭੰਗ ਪੀਣ ਬਾਰੇ ਕੀ ਲਿਖਿਆ ਅਤੇ ਅਫ਼ੀਮ ਵਾਲੀ ਦਾ 'ਜਥੇਦਾਰਾਂ' ਨੂੰ ਸੱਭ ਕੁੱਝ ਪਤਾ ਹੈ ਫਿਰ ਉਸ 'ਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੇ। ਭਾਈ ਡੱਲੇ ਨੂੰ ਗੁਰੂਆਂ ਨੇ ਮੀਂਹ ਪਵਾਉਣ ਅਤੇ ਹਟਾਉਣ ਲਈ ਰੱਬ ਵਲ ਮੂੰਹ ਕਰ ਕੇ ਜੁੱਤੀਆਂ ਮਾਰਨ ਅਤੇ ਗਾਲਾਂ ਕੱਢਣ ਦੀ ਵੀ ਨਿਖੇਧੀ ਕੀਤੀ।

ਉਨ੍ਹਾਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਸਵਾਲ ਕੀਤਾ ਕਿ ਜਿਨ੍ਹਾਂ ਬਾਬਿਆਂ ਨੇ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾਇਆ ਅਤੇ ਸੱਭ ਦੀਆਂ ਅਪਣੀਆਂ-ਅਪਣੀਆਂ ਮਰਿਆਦਾ ਬਣਾਈਆਂ ਹੋਈਆਂ ਹਨ, ਸਰਸੇ ਵਾਲੇ ਨੂੰ ਮਾਫ਼ ਕਿਉਂ ਕੀਤਾ? ਹਰ ਰੋਜ਼ ਮੰਜੀ ਸਾਹਿਬ ਆ ਕੇ ਕਥਾ ਕਰਦੇ ਹਨ। ਅਕਾਲ ਤਖ਼ਤ ਸਾਹਿਬ ਦੇ ਬਰਾਬਰ ਸੰਵਿਧਾਨ ਕਿਉਂ ਬਣਾਏ ਹਨ? ਇਕ ਪੰਥ ਦਾ ਇਕ ਹੀ ਸੰਵਿਧਾਨ ਅਤੇ ਇਕ ਮਰਿਆਦਾ ਹੋਣੀ ਚਾਹੀਦੀ ਹੈ।

ਉਨ੍ਹਾਂ ਦਸਿਆ ਕਿ ਪ੍ਰਮੇਸ਼ਰ ਦੁਆਰ ਸਾਹਿਬ ਵਿਖੇ ਆਨੰਦ ਕਾਰਜ ਮੌਕੇ ਲਾਵਾਂ ਵੀ ਖੜੇ ਹੋ ਕੇ ਹੁੰਦੀਆਂ ਹਨ। ਵਿਆਹੁਤਾ ਜੋੜੀ ਖੜੇ ਹੋ ਕੇ ਲਾਵਾਂ ਦਾ ਪਾਠ ਸੁਣਦੀ ਹੈ, ਰਹਿਤ ਮਰਿਆਦਾ ਦੀ ਹਰ ਗੱਲ 'ਤੇ ਗੌਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ 'ਜਥੇਦਾਰਾਂ' ਦੀ ਸੋਚ ਨਾਲ ਮੇਰੀ ਸੋਚ ਨਹੀਂ ਮਿਲਦੀ, ਬਾਬਿਆਂ ਨੂੰ ਖ਼ੁਸ਼ ਕਰਨ ਵਾਲਾ ਕੂੜ ਪ੍ਰਚਾਰ ਸਾਡੇ ਕੋਲੋਂ ਨਹੀਂ ਕੀਤਾ ਜਾਂਦਾ।

ਉਨ੍ਹਾਂ ਕਿਹਾ ਕਿ ਅਸੀ ਤਾਂ ਗੁਰਬਾਣੀ ਅਨੁਸਾਰ ਹੀ ਪ੍ਰਚਾਰ ਕਰਨਾ ਹੈ ਭਾਵੇਂ ਕਿਸੇ ਨੂੰ ਬਰਦਾਸ਼ਤ ਹੋਵੇ ਭਾਵੇਂ ਨਾ ਹੋਵੇ। ਉਨ੍ਹਾਂ ਕਿਹਾ ਕਿ ਮੇਰੇ ਉਪਰ ਇਨ੍ਹਾਂ ਅੱਗੇ ਪੇਸ਼ ਹੋਣ ਲਈ ਦਬਾਅ ਨਾ ਬਣਾਇਆ ਜਾਵੇ।