ਕੋਰੋਨਾ ਵਧਦਿਆਂ ਮਾਮਲਿਆਂ ਦਰਮਿਆਨ ਜਲੰਧਰ ਤੋਂ ਬਾਅਦ ਨਵਾਂ ਸ਼ਹਿਰ ਵਿਚ ਵੀ ਲੱਗਿਆ ਰਾਤ ਦਾ ਕਰਫਿਊ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਵੱਲੋਂ ਸੂਬੇ ਦੇ ਸਮੂਹ ਡੀਸੀਜ਼ ਨੂੰ ਦਿੱਤੀਆਂ ਹਦਾਇਤਾਂ ਮੁਤਾਬਕ ਲਿਆ ਫ਼ੈਸਲਾ

night curfew

ਨਵਾਂਸ਼ਹਿਰ : ਕੋਰੋਨਾ ਦੇ ਵਧਦਿਆਂ ਮਾਮਲਿਆਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਸੁਚੇਤ ਕਰਨ ਦੇ ਨਾਲ-ਨਾਲ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਜਲੰਧਰ ਤੋਂ ਬਾਅਦ ਗੁਆਢੀ ਜ਼ਿਲ੍ਹੇ ਨਵਾਂ ਸ਼ਹਿਰ ਵਿਚ ਵੀ ਪ੍ਰਸ਼ਾਸਨ ਨੇ ਰਾਤ ਦਾ ਕਰਫਿਊ ਲਾਗੂ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਸ਼ਹੀਦ ਭਗਤ ਸਿੰਘ ਦੀ ਹੱਦ ਅੰਦਰ ਰਾਤ 11 ਤੋਂ ਸਵੇਰੇ 5 ਵਜੇ ਤਕ ਕਰਫਿਊ ਲਗਾਉਣ ਦਾ ਐਲਾਨ ਕੀਤਾ ਗਿਆ ਹੈ।

ਇਹ ਕਰਫਿਊ ਅੱਜ ਰਾਤ ਤੋਂ ਹੀ ਲਾਗੂ ਹੋਵੇਗਾ ਅਤੇ ਅਗਲੇ ਹੁਕਮਾਂ ਤਕ ਜਾਰੀ ਰਹੇਗਾ। ਪੰਜਾਬ ਸਰਕਾਰ ਵਲੋਂ ਇਹ ਫ਼ੈਸਲਾ ਜ਼ਿਲ੍ਹੇ ਵਿਚ ਲਗਾਤਾਰ ਵੱਧ ਰਹੀ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਦੇ ਮੱਦੇਨਜ਼ਰ ਲਿਆ ਗਿਆ ਹੈ। ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਕੋਰੋਨਾ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਅਤੇ ਪੰਜਾਬ ਸਰਕਾਰ ਪਹਿਲਾਂ ਸੂਬੇ ਦੇ ਸਮੂਹ ਡੀਸੀਜ਼ ਨੂੰ ਹੁਕਮ ਦੇ ਦਿੱਤਾ ਸੀ ਕਿ ਸਾਰੇ ਡੀਸੀਜ਼ ਕੋਰੋਨਾ ਦੀ ਸਥਿਤੀ ਦੇ ਹਿਸਾਬ ਨਾਲ ਆਪੋ-ਆਪਣੇ ਜ਼ਿਲ੍ਹਿਆਂ ਵਿਚ ਕਰਫਿਊ ਲਗਾ ਸਕਦੇ ਹਨ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਜਨਤਾ ਨੇ ਕੋਰੋਨਾ ਵੈਕਸੀਨ ਲਗਾਉਣ ਦੇ ਨਾਲ-ਨਾਲ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਹੈ। ਕਾਬਲੇਗੌਰ ਹੈ ਕਿ ਪਿਛਲੇ ਸਾਲ ਵੀ ਸ਼ਹੀਦ ਭਗਤ ਸਿੰਘ ਨਗਰ ਵਿਚ ਕਰੋਨਾ ਦਾ ਵੱਡਾ ਧਮਾਕਾ ਹੋਇਆ ਸੀ। ਉਸ ਵਕਤ ਵੀ ਜ਼ਿਲ੍ਹੇ ਵਿਚ ਸਖਤ ਪਾਬੰਦੀਆਂ ਲਾਗੂ ਕੀਤੀਆਂ  ਗਈਆਂ ਸਨ। ਪ੍ਰਸ਼ਾਸਨ ਨੇ ਲੋਕਾਂ ਨੂੰ ਮਾਸਕ ਸਮੇਤ ਹੋਰ ਅਗਾਊ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।

ਇਸੇ ਦੌਰਾਨ ਦੇਸ਼ ਭਰ ਅੰਦਰ ਕੋਰੋਨਾ ਟੀਕਾ ਲਗਾਉਣ ਦੀ ਮੁਹਿੰਮ ਵੀ ਜ਼ੋਰ ਫੜਦੀ ਜਾ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਪ੍ਰਸਿੱਧ ਹਸਤੀਆਂ ਵੱਲੋਂ ਕੋਰੋਨਾ ਟੀਕਾ ਲਵਾਏ ਜਾਣ ਤੋਂ ਬਾਅਦ ਕੋਰੋਨਾ ਟੀਕੇ ਬਾਰੇ ਫੈਲ ਰਹੀਆਂ ਅਫਵਾਹਾਂ 'ਤੇ ਵਿਰਾਮ ਲੱਗਿਆ ਹੈ। ਬੀਤੇ ਦਿਨਾਂ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਬਹੁਤ ਸਾਰੇ ਆਗੂਆਂ ਨੇ ਕੋਰੋਨਾ ਟੀਕਾ ਲਗਵਾਇਆ ਹੈ।