ਬੱਚਿਆਂ ਨੂੰ ਛੱਡਣ ਜਾ ਰਹੀ ਸਕੂਲ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋਣ ਕਾਰਨ ਕਈ ਵਾਹਨ ਹੋਏ ਹਾਦਸਾਗ੍ਰਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਬੱਸ ਸਵਾਰ ਸਾਰੇ ਬੱਚੇ ਸੁਰੱਖਿਅਤ

School Bus Accident

ਸ੍ਰੀ ਅਨੰਦਪੁਰ ਸਾਹਿਬ: ਸ਼ਨਿਚਰਵਾਰ ਦੁਪਹਿਰ ਵੇਲੇ ਅਚਾਨਕ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਦਸ਼ਮੇਸ਼ ਅਕੈਡਮੀ ਦੀ ਬੱਸ ਦਾ ਚਾਲਕ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਸਕੂਲੋਂ ਨਿਕਲਿਆ। ਸਕੂਲ ਬੱਸ ਜਦੋਂ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਉਤਰਾਈ 'ਤੋਂ ਉਤਰ ਰਹੀ ਸੀ, ਅਚਾਨਕ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ ਅਤੇ ਬੱਸ ਨੇ ਕਈ ਵਾਹਨਾਂ ਨੂੰ ਲਪੇਟ 'ਚ ਲੈ ਲਿਆ।

ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਦਸੇ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਬੱਸ ਸਵਾਰ ਸਾਰੇ ਬੱਚੇ ਸੁਰੱਖਿਅਤ ਹਨ। ਰਾਹਗੀਰਾਂ ਨੇ ਬੱਚਿਆਂ ਨੂੰ ਬੱਸ 'ਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿਤਾ। ਬੱਸ ਦੀ ਲਪੇਟ ਵਿਚ ਆਏ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਉਨ੍ਹਾਂ 'ਚ ਸਵਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿਤੀ।

ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ, ਬਹੁਤਾ ਕਸੂਰ ਜ਼ਿਲ੍ਹਾ ਪ੍ਰਸ਼ਾਸਨ ਦਾ ਕੱਢਿਆ ਜਾ ਰਿਹਾ ਹੈ। ਜਿਸ ਵੇਲੇ ਹਾਦਸਾ ਵਾਪਰਿਆ ਗੱਡੀਆਂ ਦਾ ਜਾਮ ਲੱਗਾ ਹੋਇਆ ਸੀ। ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਉਤਰਾਈ ਬਿਲਕੁਲ ਵਿਰਾਸਤ-ਏ-ਖ਼ਾਲਸਾ ਦੇ ਨਾਲ ਹੈ ਜਿਸ ਕਰਕੇ ਅਕਸਰ ਉੱਥੇ ਗੱਡੀਆਂ ਦਾ ਜਾਮ ਲੱਗਿਆ ਰਹਿੰਦਾ ਹੈ। ਇਸ ਤੋਂ ਇਲਾਵਾ ਵਿਸਾਖੀ ਨੇੜੇ ਹੋਣ ਕਰਕੇ ਦੂਰੋਂ-ਨੇੜਿਓਂ ਸੰਗਤ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀ ਹੈ ਜਿਸ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ।

ਇਸ ਸਬੰਧੀ ਕਈ ਖ਼ਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਪ੍ਰਸ਼ਾਸਨ ਵਲੋਂ ਕੋਈ ਢੁਕਵਾਂ ਹੱਲ ਨਹੀਂ ਕੀਤਾ ਜਾ ਰਿਹਾ। ਜਦਕਿ ਪ੍ਰਸ਼ਾਸਨ ਨੂੰ ਵਿਸਾਖੀ ਨੇੜੇ ਹੋਣ ਕਰ ਕੇ ਪਹਿਲਾਂ ਹੀ ਟ੍ਰੈਫਿਕ ਪ੍ਰਬੰਧ ਸੁਚਾਰੂ ਕਰਨੇ ਚਾਹੀਦੇ ਸੀ।