ਸਿਰਫ਼ ਰਾਏ ਸਿੱਖ ਬਰਾਦਰੀ ਨਹੀਂ, ਸਾਰੇ ਲੋਕ ਨੇ ਮੇਰੇ ਨਾਲ, ਇਸ ਵਾਰ ਅਕਾਲੀ ਦਲ ਹੋਉਗਾ ਖ਼ਤਮ: ਘੁਬਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਨੇ ਮੇਰੇ ਨਾਲ ਰੰਜਸ਼ ਰੱਖ ਨਹੀਂ ਹੋਣ ਦਿਤੇ ਸੀ ਇਸ ਹਲਕੇ ਦੇ ਕੰਮ, ਪਰ ਹੁਣ ਮੈਂ ਇਕ-ਇਕ ਕੰਮ ਕਰਾਂਗਾ ਅਪਣੀ ਹੱਥੀਂ

Sher Singh Ghubaya

ਫਿਰੋਜ਼ਪੁਰ: ਲੋਕ ਸਭਾ ਸੀਟ ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ‘ਸਪੋਕਸਮੈਨ ਟੀਵੀ’ ਤੇ ਇਕ ਖ਼ਾਸ ਇੰਟਰਵਿਊ ਦੌਰਾਨ ਅਪਣੇ ਹਲਕੇ ਦੇ ਵੱਡੇ ਮੁੱਦਿਆਂ ਤੇ ਸਿਆਸਤ ਬਾਰੇ ਕੁਝ ਅਹਿਮ ਤੱਥ ‘ਸਪੋਕਸਮੈਨ’ ਜ਼ਰੀਏ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁੱਛੇ ਗਏ ਕੁਝ ਅਹਿਮ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।

ਸਵਾਲ: ਸੁਖਬੀਰ ਬਾਦਲ ਖ਼ੁਦ ਤੁਹਾਡੇ ਵਿਰੁਧ ਚੋਣ ਮੈਦਾਨ ’ਚ ਉਤਰ ਆਏ ਹਨ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ?

ਜਵਾਬ: ਦੇਖੋ ਜੀ, ਫਿਰੋਜ਼ਪੁਰ ਵਿਚ 15-16 ਲੱਖ ਲੋਕ ਵੋਟਰ ਹਨ ਪਰ ਮੈਨੂੰ ਇਹ ਸਮਝ ਨਹੀਂ ਆਈ ਕਿ ਅਕਾਲੀ ਦਲ ਨੂੰ ਕੋਈ ਲੀਡਰ ਹੀ ਨਹੀਂ ਮਿਲਿਆ ਤੇ ਹੁਣ ਪ੍ਰਧਾਨ ਨੂੰ ਖ਼ਦ ਚੋਣ ਲੜਨੀ ਪੈ ਗਈ। ਸ਼ਾਇਦ ਹੁਣ ਸੁਖਬੀਰ ਪਾਰਲੀਮੈਂਟ ਵਿਚ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲੋਕ ਉਨ੍ਹਾਂ ਨੂੰ ਜਾਣ ਨਹੀਂ ਦੇਣਗੇ।

ਸਵਾਲ: ਬੇਅਦਬੀ ਮਾਮਲਾ ਕਾਫ਼ੀ ਭਾਰਾ ਪੈਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਵਿਚ ਕਾਫ਼ੀ ਵੱਡੀ ਹਾਰ ਹੋਈ ਹੈ ਸੁਖਬੀਰ ਦੀ। ਲੋਕ ਸਭਾ ਚੋਣਾਂ ਵਿਚ ਇਸ ਨੂੰ ਕਿਵੇਂ ਵੇਖਦੇ ਹੋ?

ਜਵਾਬ: ਦੇਖੋ, ਅਕਾਲੀ ਦਲ ਬਾਰੇ ਮੈਂ ਨਹੀਂ ਜਾਣਦਾ ਪਰ ਸਾਡੇ ਜਿੰਨੇ ਇਕੱਠ ਹੋ ਰਹੇ ਹਨ, ਇਸ ਤੋਂ ਤਾਂ ਅੱਧਾ ਵੀ ਇਕੱਠ ਸੁਖਬੀਰ ਦੀ ਰੈਲੀ ਵਿਚ ਨਹੀਂ ਹੋ ਰਿਹਾ ਬਾਕੀ ਬਾਹਰੋ ਬੰਦੇ ਲਿਆ ਕੇ ਸੁਖਬੀਰ ਅਪਣਾ ਭਾਸ਼ਣ ਦੇ ਕੇ ਚਲਾ ਜਾਂਦਾ ਹੈ। ਬਾਕੀ ਅੱਗੇ ਜਨਤਾ ਹੀ ਦੱਸੇਗੀ ਕਿ ਕੀ ਸਹੀ ਹੈ ਪਰ ਮੈਨੂੰ ਲੱਗਦਾ ਹੈ ਬਹੁਤ ਵੱਡੇ ਫ਼ਰਕ ਨਾਲ ਕਾਂਗਰਸ ਪਾਰਟੀ ਇੱਥੋਂ ਜਿੱਤੇਗੀ।

ਸਵਾਲ: ਕਿਹੜੇ-2 ਮੁੱਦੇ ਲੈ ਕੇ ਲੋਕਾਂ ਵਿਚ ਵਿਚਰ ਰਹੇ ਹੋ? ਉਂਝ ਇਸ ਇਲਾਕੇ ਵਿਚ ਪਾਣੀ ਦਾ ਬਹੁਤ ਵੱਡਾ ਮਸਲਾ ਹੈ ਪਰ ਇਸ ਤੋਂ ਇਲਾਵਾ ਹੋਰ ਵੀ ਕਿਹੜੇ ਮਸਲੇ ਹਨ?

ਜਵਾਬ: ਦੇਖੋ ਜੀ, ਇਸ ਹਲਕੇ ਵਿਚ ਸਭ ਤੋਂ ਵੱਡੀ ਕੈਂਸਰ ਦੀ ਸਮੱਸਿਆ ਹੈ ਕਿਉਂਕ ਇੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ। ਮੈਂ ਪਾਰਲੀਮੈਂਟ ਵਿਚ ਇਹ ਮੁੱਦਾ ਬਹੁਤ ਵਾਰ ਚੁੱਕਿਆ ਹੈ ਕਿ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਕੈਂਸਰ ਦੇ ਰੋਗੀਆਂ ਵਾਸਤੇ ਇਲਾਜ ਦਾ ਪ੍ਰਬੰਧ ਕੇਂਦਰ ਦੀ ਸਰਕਾਰ ਕਰੇ ਪਰ ਕੇਂਦਰ ਦੀ ਸਰਕਾਰ ਕੋਲ ਵੈਸੇ ਹੀ ਕੋਈ ਸਕੀਮ ਨਹੀਂ ਸੀ। ਇਸ ਦੇ ਬਾਵਜੂਦ ਮੈਂ 450 ਦੇ ਲਗਭੱਗ ਫਾਈਲਾਂ ਪਾਸ ਕਰਵਾਈਆਂ ਸੀ ਜਿੰਨ੍ਹਾਂ ਵਿਚੋਂ 300 ਦੇ ਲਗਭੱਗ ਫ਼ਾਈਲਾਂ ਪਾਸ ਵੀ ਕਰਵਾ ਲਈਆਂ ਸੀ ਤੇ 5-6 ਕਰੋੜ ਰੁਪਇਆ ਮਰੀਜ਼ਾਂ ਨੂੰ ਦਿਵਾਇਆ ਸੀ। ਅਜੇ ਵੀ 150 ਦੇ ਲਗਭੱਗ ਫ਼ਾਈਲਾਂ ਪਈਆਂ ਹਨ। ਹੁਣ ਚੋਣਾਂ ਵਿਚ ਸਾਡੀ ਕਾਂਗਰਸ ਸਰਕਾਰ ਦੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ ਤਾਂ ਅਸੀਂ ਵੱਡੇ ਪੱਧਰ ’ਤੇ ਫੰਡ ਲਿਆ ਕੇ ਇਸ ਹਲਕੇ ਵਿਚ ਪਾਣੀ ਦਾ ਪ੍ਰਬੰਧ ਕਰਾਂਗੇ ਤੇ ਕੈਂਸਰ ਦੇ ਰੋਗੀਆਂ ਲਈ ਇਲਾਜ ਵਾਸਤੇ ਵੱਡੇ ਹਸਪਤਾਲ ਦੇ ਪ੍ਰਾਜੈਕਟ ਲਈ ਚੋਣਾਂ ਤੋਂ ਬਾਅਦ ਕੰਮ ਸ਼ੁਰੂ ਕਰ ਦਿਤਾ ਜਾਵੇਗਾ ਤੇ ਇਸ ਲਈ ਅਸੀਂ ਜ਼ਮੀਨ ਵੀ ਖ਼ਰੀਦ ਚੁੱਕੇ ਹਾਂ।

ਸਵਾਲ: ਸੁਖਬੀਰ ਕਹਿੰਦਾ ਹੈ ਕਿ ਇਸ ਹਲਕੇ ਦਾ ਪਿਛਲੇ 10 ਸਾਲ ਵਿਚ ਵਿਕਾਸ ਨਹੀਂ ਹੋਇਆ ਤੇ ਮੈਨੂੰ ਹੁਣ ਲੋਕ ਨੁਮਾਇੰਦਾ ਚੁਣਨ ਤੇ ਮੈਂ ਇਸ ਹਲਕੇ ਨੂੰ ਬਠਿੰਡੇ ਵਰਗਾ ਬਣਾ ਦੇਵਾਂ।

ਜਵਾਬ: ਦੇਖੋ, ਉਹ ਤਾਂ ਮੁੱਖ ਮੰਤਰੀ ਸੀ ਤੇ ਸਾਰੇ ਵੱਡੇ ਮਹਿਕਮੇ ਉਸ ਕੋਲ ਸੀ ਤੇ ਬਠਿੰਡਾ ਵਿਚ 10 ਸਾਲ ਹਰਸਿਮਰਤ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਸੀ। ਹਰਸਿਮਰਤ ਇਸ ਵਾਰ ਦੁਚਿੱਤੀ ਵਿਚ ਸੀ ਕਦੇ ਫਿਰੋਜ਼ਪੁਰ ਤੇ ਕਦੇ ਬਠਿੰਡਾ। ਪਰ ਮੈਂ ਕਦੇ ਨਹੀਂ ਕਿਹਾ ਕਿ ਮੈਂ ਕਿਤੇ ਹੋਰ ਜਾਣਾ ਹੈ ਤੇ ਮੈਂ ਚਾਰ ਵਾਰ ਇੱਥੋਂ ਜਿੱਤਿਆ ਹਾਂ। ਮੈਨੂੰ ਨਹੀਂ ਸਮਝ ਆਉਂਦੀ ਕਿ ਸੁਖਬੀਰ ਇੱਥੋਂ ਮੈਂਬਰ ਪਾਰਲੀਮੈਂਟ ਕਿਉਂ ਬਣਨਾ ਚਾਹੁੰਦਾ ਹੈ।

ਸਵਾਲ: ਤੁਹਾਡੀ ਵੀਡੀਓ ਤੇ ਤੁਹਾਡੇ ਬੇਟੇ ਦੀ ਆਡੀਓ ਵਾਇਰਲ ਦਾ ਲੋਕਾਂ ’ਤੇ ਕਿੰਨਾ ਕੁ ਅਸਰ ਰਹਿਣ ਵਾਲਾ ਹੈ?

ਜਵਾਬ: ਦੇਖੋ ਜੀ, ਲੋਕ ਸਭ ਕੁਝ ਜਾਣਦੇ ਹਨ। ਮੈਨੂੰ 25 ਸਾਲ ਹੋ ਗਏ ਹਨ ਮੈਂ ਲੋਕਾਂ ਦੀ ਸੇਵਾ ਕਰਦਾ ਹਾਂ, ਲੋਕਾਂ ਵਿਚ ਵਿਚਰਦਾ ਹਾਂ ਤੇ ਲੋਕ ਮੇਰੇ ਬਾਰੇ ਸਭ ਕੁਝ ਜਾਣਦੇ ਹਨ। ਮੇਰੀ ਵੀਡੀਓ ਵਾਇਰਲ ਕਰਨ ਦੇ ਬਾਵਜੂਦ ਮੇਰਾ ਬੇਟਾ ਫਿਰ ਉੱਥੋਂ ਐਮਐਲਏ ਬਣ ਗਿਆ ਤੇ ਇਸ ਵਾਰ ਬਹੁਤ ਵੱਡੇ ਫਰਕ ਨਾਲ ਕਾਂਗਰਸ ਦੀ ਇੱਥੋਂ ਜਿੱਤ ਹੋਵੇਗੀ।

ਸਵਾਲ: ਜਿਹੜੀ ਟਿਕਟ ਤੁਹਾਨੂੰ ਮਿਲੀ ਹੈ, ਇਸ ਦੇ ਦਾਅਵੇਦਾਰ ਹੋਰ ਵੀ ਸਨ ਤੇ ਉਨ੍ਹਾਂ ਵਲੋਂ ਵਿਰੋਧ ਅੰਦਰ ਖਾਤੇ ਹੋਵੇਗਾ ਜਿੰਨ੍ਹਾਂ ਦਾ ਨੁਕਸਾਨ ਤੁਹਾਨੂੰ ਚੋਣਾਂ ਦੌਰਾਨ ਹੋ ਸਕਦਾ ਹੈ, ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ?

ਜਵਾਬ: ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਦੇ ਵਫ਼ਾਦਾਰ ਇਸ ਤਰ੍ਹਾਂ ਕਰਨਗੇ ਪਰ ਜੇ ਕੁਝ ਲਾਲਚੀ ਲੋਕ ਇਸ ਤਰ੍ਹਾਂ ਕਰਦੇ ਵੀ ਨੇ ਤਾਂ ਕੋਈ ਫ਼ਰਕ ਨਹੀਂ ਪੈਂਦਾ।

ਸਵਾਲ: ਰਾਏ ਸਿੱਖ ਬਰਾਦਰੀ ਵੱਡੇ ਪੱਧਰ ’ਤੇ ਤੁਹਾਡੇ ਨਾਲ ਜੁੜੀ ਹੋਈ ਹੈ, ਜਿਸ ਕਰਕੇ ਤੁਸੀਂ ਜਿੱਤ ਦਾ ਦਾਅਵਾ ਕਰਦੇ ਹੋ ਤੇ ਜੋਰਾ ਸਿੰਘ ਦੀਆਂ ਸਿੱਖਿਆਵਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿੰਨ੍ਹਾਂ ਨੇ ਤੁਹਾਨੂੰ ਸਿਆਸਤ ਵਿਚ ਲਿਆਂਦਾ?

ਜਵਾਬ: ਦੇਖੋ ਜੀ, ਸਿਰਫ਼ ਰਾਏ ਸਿੱਖ ਬਰਾਦਰੀ ਨਹੀਂ ਮੈਨੂੰ ਸਾਰੀਆਂ ਬਰਾਦਰੀਆਂ ਦੇ ਲੋਕ ਪਿਆਰ ਕਰਦੇ ਹਨ। ਇਹ ਸਿਰਫ਼ ਪ੍ਰਚਾਰ ਝੂਠਾ ਹੈ ਕਿ ਮੈਨੂੰ ਸਿਰਫ਼ ਰਾਏ ਸਿੱਖ ਬਰਾਦਰੀ ਪਿਆਰ ਕਰਦੀ ਹੈ।

ਦੂਜੀ ਗੱਲ, ਮੰਨਦਾ ਹਾਂ ਕਿ ਜੋਰਾ ਸਿੰਘ ਮਾਨ ਕਰਕੇ ਸਿਆਸਤ ਵਿਚ ਆਇਆ ਹਾਂ ਪਰ ਹੁਣ ਮੈਨੂੰ 2019 ਵਿਚ ਕਾਂਗਰਸ ਤੋਂ ਟਿਕਟ ਮਿਲੀ ਹੈ ਪਰ ਮੇਰੇ ਤੋਂ ਪਹਿਲਾਂ ਇਸ ਇਲਾਕੇ ਵਿਚ ਅਕਾਲੀ ਦਲ ਦਾ ਨਾਂਅ ਵੀ ਨਹੀਂ ਸੀ। ਮੇਰੇ ਨਾਲ ਅਕਾਲੀ ਦਲ ਨੇ ਬਹੁਤ ਬੁਰਾ ਵਿਵਹਾਰ ਕੀਤਾ, ਮੈਨੂੰ ਜਲੀਲ ਕੀਤਾ, ਹੁਣ ਅਕਾਲੀ ਦਲ ਇੱਥੋਂ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ ਤੇ ਇੱਥੇ ਸਿਰਫ਼ ਕਾਂਗਰਸ ਦਾ ਨਾਮ ਹੋਵੇਗਾ।

ਸਵਾਲ: ਅਕਾਲੀ ਦਲ ਤਾਂ 13 ਸੀਟਾਂ ਦਾ ਦਾਅਵਾ ਕਰਦਾ ਹੈ। ਤੁਸੀਂ ਕਿੰਨੀਆਂ ਸੀਟਾਂ ਦਾ ਦਾਅਵਾ ਕਰਦੇ ਹੋ?

ਜਵਾਬ: ਦੇਖੋ ਜੀ, ਅਕਾਲੀ ਤਾਂ ਭਾਵੇਂ 26 ਦਾ ਦਾਅਵਾ ਵੀ ਕਰ ਲੈਣ ਪਰ 13 ਦੀਆਂ 13 ਸੀਟਾਂ ਤਾਂ ਕਾਂਗਰਸ ਪਾਰਟੀ ਹੀ ਜਿੱਤੇਗੀ।

ਸਵਾਲ: ਤੁਸੀਂ ਇਸ ਪਿੰਡ ਦੇ ਲੋਕਾਂ ਨਾਲ ਵਾਅਦਾ ਕੀ ਕਰ ਕੇ ਜਾ ਰਹੇ ਹੋ?

ਜਵਾਬ: ਦੇਖੋ, ਮੈਂ ਪਹਿਲਾਂ ਵੀ ਚਾਹੁੰਦਾ ਸੀ ਕਿ ਮੈਂ ਇੱਥੋਂ ਦੇ ਲੋਕਾਂ ਦੇ ਕੰਮ ਕਰਾਂ ਪਰ ਪਿਛਲੀ ਸਰਕਾਰ ਸਮੇਂ ਸੁਖਬੀਰ ਦੀ ਪਤਾ ਨਹੀਂ ਮੇਰੇ ਨਾਲ ਕੀ ਰੰਜਸ਼ ਸੀ, ਉਸ ਨੇ ਅਪਣੇ ਸਾਰੇ ਅਫ਼ਸਰਾਂ ਨੂੰ ਰੋਕ ਰੱਖਿਆ ਸੀ ਕਿ ਸ਼ੇਰ ਸਿੰਘ ਦਾ ਕੰਮ ਨਹੀਂ ਕਰਨਾ ਤੇ ਇਸ ਨੂੰ ਸਿਆਸੀ ਤੌਰ ’ਤੇ ਖ਼ਤਮ ਕਰਨਾ ਹੈ। ਪਰ ਲੋਕਾਂ ਦਾ ਪਿਆਰ ਹੈ ਕਿ ਲੋਕ ਮੇਰੇ ਨਾਲ ਹਨ। ਹੁਣ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣ ਜਾਵਾਂਗਾ ਤਾਂ ਮੈਂ ਇਸ ਇਲਾਕੇ ਦਾ ਇਕ-ਇਕ ਕੰਮ ਅਪਣੇ ਹੱਥੀਂ ਕਰਾਵਾਂਗਾ। ਇਕ ਵੀ ਕੰਮ ਇੱਥੇ ਬਕਾਇਆ ਨਹੀਂ ਰਹੇਗਾ।