ਮੁੱਖ ਮੰਤਰੀ ਵਲੋਂ ਕਲਾਕਾਰਾਂ ਨੂੰ ਸਰਕਾਰ ਦੀ ਨਸ਼ਾ ਵਿਰੋਧੀ ਲੜਾਈ 'ਚ ਸ਼ਾਮਲ ਹੋਣ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਗਾਇਕ, ਨਾਟਕਕਾਰਾਂ ਅਤੇ ਫ਼ਿਲਮ ਨਿਰਮਾਤਾਵਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਨਸ਼ੇ ਨਾਲ ਨਿਪਟਣ ਲਈ ਸੂਬਾ ਸਰਕਾਰ ਦ

cm

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਗਾਇਕ, ਨਾਟਕਕਾਰਾਂ ਅਤੇ ਫ਼ਿਲਮ ਨਿਰਮਾਤਾਵਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਨਸ਼ੇ ਨਾਲ ਨਿਪਟਣ ਲਈ ਸੂਬਾ ਸਰਕਾਰ ਦੇ ਯਤਨਾਂ ਨੂੰ ਪੂਰਾ ਕਰਨ ਵਿਚ ਸਰਗਰਮੀ ਨਾਲ ਭੂਮਿਕਾ ਨਿਭਾਉਣ। ਜ਼ਿਕਰਯੋਗ ਹੈ ਕਿ ਕਾਮੇਡੀ ਕਲਾਕਾਰ ਅਤੇ ਅਦਾਕਾਰ ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਅਤੇ ਬਾਲ ਮੁਕੰਦ ਸ਼ਰਮਾ ਦੇ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਲੋਕਾਂ ਦੇ ਨਾਲ ਅਪਣੀ ਲੋਕਪ੍ਰਿਯਤਾ ਦੀ ਵਰਤੋਂ ਜ਼ਰੀਏ ਬਦਲਾਅ ਲਿਆਉਣ ਲਈ ਕਿਹਾ।

ਮੁੱਖ ਮੰਤਰੀ ਦੀ ਇਸ ਅਪੀਲ 'ਤੇ ਉਕਤ ਕਲਾਕਾਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਹਰ ਤਰ੍ਹਾਂ ਦੇ ਯਤਨ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਕਲਾਕਾਰਾਂ ਬਾਰੇ ਇਹ ਜਾਣ ਕੇ ਬੇਹੱਦ ਖੁਸ਼ੀ ਮਿਲੀ ਕਿ ਕਲਾਕਾਰ ਵੀ ਨਸ਼ੇ ਵਿਰੁਧ ਲੜਾਈ ਵਿਚ ਅਪਣਾ ਯੋਗਦਾਨ ਦੇਣਾ ਚਾਹੁੰਦੇ ਹਨ। ਉਹ ਸਾਰੇ ਨਸ਼ੇ ਦੇ ਵਿਰੁਧ ਸਰਕਾਰ ਦੀ ਮੁਹਿੰਮ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਭਾਵਨਾ ਦਾ ਸਨਮਾਨ ਕਰਦੀ ਹੈ।

ਪੰਜਾਬੀ ਫ਼ਿਲਮਾਂ ਦੇ ਦਿੱਗਜ਼ ਕਲਾਕਾਰ ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਅਤੇ ਬਾਲ ਮੁਕੰਦ ਸ਼ਰਮਾ ਸ਼ੁਕਰਵਾਰ ਨੂੰ ਦੁਪਹਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੇ। ਉਨ੍ਹਾਂ ਨੇ ਮੁੱਖ ਮੰਤਰੀ ਕੋਲ ਨਸ਼ਾ ਵਿਰੋਧੀ ਮੁਹਿੰਮ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਸਰਗਰਮ ਸਹਿਯੋਗ ਦੀ ਇੱਛਾ ਜਤਾਈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਨਸ਼ਾ ਨਾਸੂਰ ਬਣ ਗਿਆ ਹੈ ਅਤੇ ਨੌਜਵਾਨਾਂ ਦੀਆਂ ਮੌਤਾਂ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿਤਾ ਹੈ। ਅਜਿਹੇ ਵਿਚ ਸਾਰੇ ਕਲਾਕਾਰ ਇਸ ਦੇ ਵਿਰੁਧ ਜੰਗ ਵਿਚ ਅਪਣਾ ਯੋਗਦਾਨ ਦੇਣ ਨੂੰ ਤਿਆਰ ਹਨ। 

ਉਪਰੋਕਤ ਤਿੰਨੋਂ ਕਲਾਕਾਰਾਂ ਨੇ ਕਿਹਾ ਕਿ ਇਸ ਸਮੱਸਿਆ ਵਿਰੁਧ ਅਲਖ ਜਗਾਉਣ ਵਿਚ ਸਾਰਿਆਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਨਸ਼ੇ ਦਾ ਖ਼ਾਤਮਾ ਕਰਨ ਵਿਚ ਯੋਗਦਾਨ ਦੇਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਵੱਖ-ਵੱਖ ਖੇਤਰਾਂ ਦੇ ਦੂਜੇ ਕਲਾਕਾਰ ਵੀ ਇਸ ਦੇ ਲਈ ਅੱਗੇ ਆਉਣ ਨੂੰ ਤਿਆਰ ਹਨ। ਨਸ਼ੇ ਵਿਰੁਧ ਸਾਰਿਆਂ ਨੂੰ ਇੱਕਜੁਟ ਹੋ ਕੇ ਬੋਲਣ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਲਾਕਾਰਾਂ ਦੀ ਇਸ ਪੇਸ਼ਕਸ਼ ਦਾ ਸਵਾਗਤ ਕੀਤਾ।

ਪੰਜਾਬੀ ਗੀਤਾਂ ਵਿਚ ਹਿੰਸਾ ਦੀ ਖ਼ਤਰਨਾਕ ਪ੍ਰਵਿਰਤੀ 'ਤੇ ਮੁੱਖ ਮੰਤਰੀ ਨੇ ਸੁਝਾਅ ਦਿਤਾ ਕਿ ਸੋਸ਼ਲ ਮੀਡੀਆ 'ਤੇ ਅਜਿਹੇ ਨਕਰਾਤਮਕ ਪ੍ਰਚਾਰ ਨੂੰ ਰੋਕਣ ਲਈ ਇਕ ਸਿਹਤਮੰਦ ਅਤੇ ਸਕਰਾਤਮਕ ਸਮੱਗਰੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਮੁੱਖ ਮੰਤਰੀ ਨੇ ਕਲਾਕਾਰਾਂ ਨੂੰ ਸਮਾਜ ਵਿਚ ਸਦਭਾਵਨਾ, ਪ੍ਰੇਮ, ਤਿਆਗ਼ ਅਤੇ ਭਾਈਚਾਰੇ ਦੀ ਭਾਵਨਾ ਨੂੰ ਵਧਾਉਣ ਲਈ ਪ੍ਰੋਮੋ, ਲਘੂ ਫਿਲਮਾਂ ਆਦਿ ਬਣਾਉਣ ਦੀ ਸਲਾਹ ਦਿਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਇਕ ਕਦਮ ਲੋਕਾਂ ਦੀ ਸਭਿਆਚਾਰਕ ਮਾਨਸਿਕਤਾ ਬਦਲਣ ਵਿਚ ਇਕ ਮੀਲ ਪੱਥਰ ਸਾਬਤ ਹੋਵੇਗਾ।