ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ 22.65 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਨੂੰ ਪਾਕਿਸਤਾਨੀ ਲਿਫ਼ਾਫ਼ੇ ਵਿਚ ਪਾ ਕੇ ਭਾਰਤੀ ਸਰਹੱਦ ’ਤੇ ਖੇਤ ਵਿਚ ਸੁੱਟਿਆ ਹੋਇਆ ਸੀ।

Four packets of suspected heroin recovered from field


ਅਬੋਹਰ: ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅਬੋਹਰ ਸੈਕਟਰ ਵਿਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਦੇ ਜਵਾਨਾਂ ਨੇ ਅਬੋਹਰ ਸੈਕਟਰ ਅਧੀਨ ਪੈਂਦੇ ਫਾਜ਼ਿਲਕਾ ਕਸਬੇ 'ਚ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ ਖੇਤਾਂ ਵਿਚੋਂ 22.65 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ।

ਇਸ ਨੂੰ ਪਾਕਿਸਤਾਨੀ ਲਿਫ਼ਾਫ਼ੇ ਵਿਚ ਪਾ ਕੇ ਭਾਰਤੀ ਸਰਹੱਦ ’ਤੇ ਖੇਤ ਵਿਚ ਸੁੱਟਿਆ ਹੋਇਆ ਸੀ। ਬੀਐਸਐਫ ਵੱਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਇਹ ਖੇਪ ਪਿੰਡ ਜੰਗੜ ਭੈਣੀ ਵਿਚ ਮਿਲੀ ਹੈ। ਹੈਰੋਇਨ ਦੇ ਤਿੰਨ ਪੈਕਟ ਖੇਤ ਵਿਚ ਸੁੱਟੇ ਹੋਏ ਸਨ ਅਤੇ ਇਕ ਪੈਕਟ ਅੱਧਾ ਭਰਿਆ ਹੋਇਆ ਸੀ।

ਬੀਐਸਐਫ ਨੇ ਖੇਤਾਂ ਵਿਚੋਂ ਹੈਰੋਇਨ ਦੇ ਕੁੱਲ 4 ਪੈਕਟ ਬਰਾਮਦ ਕੀਤੇ ਹਨ। ਜਾਂਚ ਤੋਂ ਬਾਅਦ ਜਦੋਂ ਇਹਨਾਂ ਦਾ ਵਜ਼ਨ ਕੀਤਾ ਗਿਆ ਤਾਂ ਚਾਰਾਂ ਦਾ ਕੁੱਲ ਵਜ਼ਨ 3.775 ਕਿਲੋ ਦੱਸਿਆ ਗਿਆ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 22.65 ਕਰੋੜ ਰੁਪਏ ਬਣਦੀ ਹੈ। ਬੀਐਸਐਫ ਨੇ ਖੇਪ ਜ਼ਬਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।