ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ, ਕੋਵਿਡ-19 ਮੌਤ ਦਰ ਦੁਨੀਆਂ 'ਚ ਸਭ ਤੋਂ ਉੱਪਰ
60 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕ ਵਧੇਰੇ ਹੋ ਰਹੇ ਮੌਤ ਦਾ ਸ਼ਿਕਾਰ
ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਪੰਜਾਬ ਨੇ ਐਕਟਿਵ ਕੇਸ, ਰਿਕਵਰੀ ਦਰ ਆਦਿ ਕਈ ਮਾਪਦੰਡਾਂ ਵਿਚ ਸੁਧਾਰ ਕੀਤਾ ਹੈ ਪਰ ਸੂਬੇ ਵਿਚ ਮੌਤ ਦੀ ਦਰ 'ਤੇ ਕੰਟਰੋਲ ਨਹੀਂ ਹੋ ਰਿਹਾ ਹੈ, ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਮੌਤ ਦੀ ਦਰ ਵਿਸ਼ਵਵਿਆਪੀ ਦਰ ਨੂੰ ਪਾਰ ਕਰ ਗਈ ਹੈ।
ਪਿਛਲੇ ਦੋ ਮਹੀਨਿਆਂ ਦੌਰਾਨ ਭਾਰਤ ਅਤੇ ਦੁਨੀਆ ਵਿਚ ਮੌਤ ਦਰ ਦੇ ਹੇਠਾਂ ਜਾਣ ਵਾਲੇ ਰੁਝਾਨ ਦੇ ਉਲਟ, ਪੰਜਾਬ ਵਿਚ ਵਾਇਰਸ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਿਚ ਇਕ ਮਹੱਤਵਪੂਰਨ ਵਾਧਾ ਹੋਇਆ ਹੈ, ਜਿਸ ਵਿਚ ਹੁਣ ਤਕ 3,603 ਲੋਕਾਂ ਦੀ ਮੌਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹਨਾਂ ਵਿਚੋਂ 3217 ਮੌਤਾਂ 1 ਅਗਸਤ ਤੋਂ 4 ਅਕਤੂਬਰ ਤੱਕ ਸਿਰਫ਼ 65 ਦਿਨਾਂ ਵਿਚਕਾਰ ਦਰਜ ਕੀਤੀਆਂ ਗਈਆਂ ਹਨ।
ਰਾਸ਼ਟਰੀ ਪੱਧਰ 'ਤੇ 102,198 ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਵਿਸ਼ਵ ਪੱਧਰ 'ਤੇ ਮੌਤਾਂ ਦੀ ਗਿਣਤੀ 1,039,440 ਹੈ। ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਵਿਸ਼ਵ ਦੀ ਮੌਤ ਦਰ ਜੁਲਾਈ ਦੇ ਮੱਧ ਦੌਰਾਨ ਦਰਜ ਕੀਤੀ ਗਈ 4% ਤੋਂ ਹੇਠਾਂ ਆ ਕੇ 4 ਅਕਤੂਬਰ ਨੂੰ 2.94% ਰਹਿ ਗਈ,ਜਦਕਿ ਰਾਸ਼ਟਰੀ ਪੱਧਰ 'ਤੇ ਮੌਤ ਦੀ ਦਰ 3.36% ਤੋਂ ਘਟ ਕੇ 1.55% ਰਹਿ ਗਈ। ਹਾਲਾਂਕਿ ਇਸ ਦੌਰਾਨ ਪੰਜਾਬ ਦੀ ਮੌਤ ਦਰ 2.41% ਤੋਂ 3.04% ਹੋ ਗਈ।
ਪੰਜਾਬ ਦੇਸ਼ ਦੇ 20 ਸਭ ਤੋਂ ਵੱਧ ਪ੍ਰਭਾਵਤ ਸੂਬਿਆਂ ਵਿਚ ਇਕਲੌਤਾ ਸੂਬਾ ਹੈ, ਜਿਸ ਵਿਚ ਮੌਤ ਦੀ ਦਰ ਤਿੰਨ ਤੋਂ ਜ਼ਿਆਦਾ ਹੈ, ਜਦਕਿ ਦੋ ਸੂਬਿਆਂ ਵਿਚ ਮੌਤ ਦਰ ਤਿੰਨ ਤੋਂ ਹੇਠਾਂ ਹੈ। ਅੱਠ ਸੂਬਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਦੋ ਤੋਂ ਹੇਠਾਂ ਅਤੇ ਸੱਤ ਸੂਬਿਆਂ ਵਿਚ ਇਕ ਤੋਂ ਹੇਠਾਂ ਹੈ। ਸਿਹਤ ਵਿਭਾਗ ਵੱਲੋਂ ਕੀਤੇ ਗਏ 2,813 ਮੌਤਾਂ ਦੇ ਵਿਸ਼ਲੇਸ਼ਣ ਅਨੁਸਾਰ, 60 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਮੌਤ ਵਧੇਰੇ ਹੋਈ ਹੈ।