ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸਮਾਗਮ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਟੇਜ 'ਤੇ ਲਗੀਆਂ 7 ਕੁਰਸੀਆਂ, ਬਾਦਲ ਨੂੰ ਥਾਂ ਨਾ ਮਿਲੀ

Special assembly of Punjab Vidhan Sabha today

ਮੁੱਖ ਸਟੇਜ ਉਪਰ ਉਪ ਰਾਸ਼ਟਰਪਤੀ, ਰਾਜਪਾਲ, ਮੁੱਖ ਮੰਤਰੀ, ਡਾ. ਮਨਮੋਹਨ ਸਿੰਘ ਅਤੇ ਸਪੀਕਰ ਬੈਠਣਗੇ

ਪਰਮਿੰਦਰ ਢੀਂਡਸਾ ਵਲੋਂ ਮੁੱਖ ਸਟੇਜ 'ਤੇ ਬਾਦਲ ਦੀ ਕੁਰਸੀ ਲਗਾਉਣ ਦੀ ਮੰਗ

ਚੰਡੀਗੜ੍ਹ (ਐਸ.ਐਸ. ਬਰਾੜ): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਦੁਨੀਆਂ ਮਹਾਨ ਸ਼ਖ਼ਸੀਅਤ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ 6 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸਮਾਗਮ ਸਵੇਰੇ 11 ਵਜੇ ਆਰੰਭ ਹੋਵੇਗੀ ਅਤੇ ਦੁਪਹਿਰ ਇਕ ਵਜੇ ਖ਼ਤਮ ਹੋਵੇਗਾ। ਦੁਪਹਿਰ ਬਾਅਦ ਦੁਬਾਰਾ ਬੈਠਕ ਹੋਵੇਗੀ ਜਿਸ ਵਿਚ ਕੁੱਝ ਸਰਕਾਰੀ ਕੰਮਕਾਜ ਵੀ ਹੋਵੇਗਾ।

ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਇਸ ਸਮੇਂ ਵਿਸ਼ੇਸ਼ ਮਹਿਮਾਨ ਹੋਣਗੇ। ਨਾਇਡੂ ਤੋਂ ਇਲਾਵਾ 6 ਹੋਰ ਅਹਿਮ ਸ਼ਖ਼ਸੀਅਤਾਂ ਦੀਆਂ ਕੁਰਸੀਆਂ ਸਟੇਜ ਉਪਰ ਲਗਾਈਆਂ ਜਾਣਗੀਆਂ। ਇਨ੍ਹਾਂ ਵਿਚ ਦੋਵਾਂ ਰਾਜਾਂ, ਪੰਜਾਬ ਅਤੇ ਹਰਿਆਣਾ ਦੇ ਰਾਜਪਾਲ, ਦੋਵਾਂ ਰਾਜਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਨੋਹਰ ਲਾਲ ਖੱਟੜ ਵੀ ਸਟੇਜ ਉਪਰ ਬਿਰਾਜਮਾਨ ਹੋਣਗੇ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਵਿਧਾਨ ਸਭਾ ਦੇ ਸਪੀਕਰ ਦੀ ਕੁਰਸੀ ਵੀ ਸਟੇਜ ਉਪਰ ਲਗਾਈ ਜਾਵੇਗੀ।

ਜਿਥੋਂ ਤਕ ਬੁਲਾਰਿਆਂ ਦਾ ਸਬੰਧ ਹੈ, ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿਣਗੇ ਅਤੇ ਉਸ ਤੋਂ ਬਾਅਦ ਸ਼ਾਇਦ ਡਾ. ਮਨਮੋਹਨ ਸਿੰਘ ਬੋਲਣ। ਪ੍ਰੰਤੂ ਉਨ੍ਹਾਂ ਬਾਰੇ ਅਜੇ ਤਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ। ਅਖ਼ੀਰ ਵਿਚ ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਅਪਣੇ ਵਿਚਾਰ ਰੱਖਣਗੇ।

ਇਸ ਪਹਿਲੇ ਸਮਾਗਮ ਵਿਚ ਦੋਵਾਂ ਰਾਜਾਂ ਪੰਜਾਬ ਅਤੇ ਹਰਿਆਣਾ ਦੇ ਮੰਤਰੀ ਅਤੇ ਵਿਧਾਇਕ ਸ਼ਾਮਲ ਹੋਣਗੇ। ਪ੍ਰੰਤੂ ਦੁਪਹਿਰ ਤੋਂ ਬਾਅਦ ਵਾਲੀ ਦੂਜੀ ਬੈਠਕ ਵਿਚ ਸਿਰਫ਼ ਪੰਜਾਬ ਦੇ ਵਿਧਾਇਕ ਹੀ ਸ਼ਾਮਲ ਹੋਣਗੇ। ਮੁੱਖ ਮਹਿਮਾਨ ਅਤੇ ਹੋਰ ਮਹਿਮਾਨ 1 ਵਜੇ ਹਾਊਸ ਵਿਚੋਂ ਚਲੇ ਜਾਣਗੇ। ਪੰਜਾਬ ਵਿਧਾਨ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਸਪੀਕਰ ਨੂੰ ਇਕ ਪੱਤਰ ਦੇ ਕੇ ਮੰਗ ਕੀਤੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੁਰਸੀ ਵੀ ਮੁੱਖ ਸਟੇਜ ਉਪਰ ਲਗਾਈ ਜਾਵੇ।

ਉਨ੍ਹਾਂ ਨੇ ਅਪਣੇ ਪੱਤਰ ਵਿਚ ਤਰਕ ਦਿਤਾ ਹੈ ਕਿ ਸ. ਬਾਦਲ ਵਿਧਾਨ ਸਭਾ ਵਿਚ ਸੱਭ ਤੋਂ ਪੁਰਾਣੇ ਨੇਤਾ ਹਨ ਅਤੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁਕੇ ਹਨ। ਉਹ ਪੰਜਾਬ ਦੇ ਸਤਿਕਾਰਤ ਨੇਤਾ ਹਨ। ਇਸ ਪੱਤਰ ਬਾਰੇ ਜਦ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਇਸ ਪੱਤਰ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ। ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਦੀ ਕੁਰਸੀ ਸਟੇਜ ਉਪਰ ਲਗਦੀ ਹੈ ਜਾਂ ਨਹੀਂ ਇਹ ਤਾਂ ਸਮਾਗਮ ਸਮੇਂ ਹੀ ਪਤਾ ਲੱਗੇਗਾ ਪ੍ਰੰਤੂ ਸ.ਬਾਦਲ ਸਮਾਗਮ ਵਿਚ ਹਰ ਹਾਲਤ ਵਿਚ ਸ਼ਾਮਲ ਹੋਣਗੇ।

ਜਿਥੋਂ ਤਕ 6 ਨਵੰਬਰ ਨੂੰ ਸਮਾਗਮ ਦੇ ਪ੍ਰੋਗਰਾਮ ਦਾ ਸਬੰਧ ਹੈ, ਸਵੇਰੇ 11 ਵਜੇ ਪਹਿਲੀ ਬੈਠਕ ਆਰੰਭ ਹੋਵੇਗੀ ਅਤੇ ਦੁਪਹਿਰ ਇਕ ਵਜੇ ਖ਼ਤਮ ਹੋਵੇਗੀ। ਉਸ ਤੋਂ ਬਾਅਦ ਢਾਈ ਵਜੇ ਮੁੜ ਬੈਠਕ ਆਰੰਭ ਹੋਵੇਗੀ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ। ਕੁੱਝ ਸਮੇਂ ਲਈ ਹਾਊਸ ਉਠ ਜਾਵੇਗਾ ਅਤੇ ਮੁੜ ਤਿੰਨ ਵਜੇ ਹਾਊਸ ਦੀ ਕਾਰਵਾਈ ਆਰੰਭ ਹੋਵੇਗੀ। ਹਾਊਸ ਦੀ ਇਸ ਬੈਠਕ ਵਿਚ ਕੁੱਝ ਸਰਕਾਰੀ ਕੰਮਕਾਜ ਹੋਣ ਦੀ ਵੀ ਸੰਭਾਵਨਾ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦਾ ਵੀ ਮੌਕਾ ਮਿਲੇਗਾ।