ਕੇਜਰੀਵਾਲ ਕਰਕੇ ਨਹੀਂ ਹਲਕੇ ‘ਚ ਮੇਰੇ ਵਲੋਂ ਕਰਵਾਏ ਕੰਮਾਂ ਕਰਕੇ ਮੈਨੂੰ ਪਈਆਂ ਵੋਟਾਂ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ‘ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਵਲੋਂ ਉਨ੍ਹਾਂ ‘ਤੇ ਲਗਾਏ ਦੋਸ਼ਾਂ

Sukhpal Khaira

ਚੰਡੀਗੜ੍ਹ : ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ‘ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਵਲੋਂ ਉਨ੍ਹਾਂ ‘ਤੇ ਲਗਾਏ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਲੋਕਾਂ ਵਲੋਂ ਵੋਟਾਂ ਉਨ੍ਹਾਂ ਦੇ ਹਲਕੇ ‘ਚ ਕਰਵਾਏ ਗਏ ਕੰਮਾਂ ਨੂੰ ਵੇਖਦੇ ਹੋਏ ਪਾਈਆਂ ਗਈਆਂ ਸਨ ਨਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਕਰਕੇ।

ਉਨ੍ਹਾਂ ਨੇ ਮਾਨ ਵਲੋਂ ਦਿਤੇ ਗਏ ਬਿਆਨ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਖਹਿਰਾ ਪਾਰਟੀ ਤੋਂ ਅਸਤੀਫ਼ਾ ਤਾਂ ਦੇ ਚੁੱਕੇ ਹਨ, ਹੁਣ ਐਮਐਲਏ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇਣ, ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੇਰੇ ਵਲੋਂ ਦਿਤੇ ਗਏ ਅਸਤੀਫ਼ੇ ‘ਤੇ ਭਗਵੰਤ ਮਾਨ ਗ਼ਲਤ ਬਿਆਨਬਾਜ਼ੀ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਰੇ ਨੇਤਾ ਮੇਰੇ ਖਿਲਾਫ਼ ਨਫ਼ਰਤ ਫੈਲਾ ਰਹੇ ਹਨ। ਗੱਲਬਾਤ ਦੌਰਾਨ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਮੇਰੇ ਵਿਰੁਧ ਤਾਂ ਗੱਲਾਂ ਕਰ ਰਹੇ ਹਨ

ਪਰ ਪਹਿਲਾਂ ਉਹ ਆਪ ਤਾਂ ਦੱਸਣ ਕਿ ਉਨ੍ਹਾਂ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਜੋ ਅਸਤੀਫ਼ਾ ਦਿਤਾ ਸੀ ਉਸ ਦਾ ਕੀ ਬਣਿਆ? ਖਹਿਰਾ ਨੇ ਅੱਗੇ ਦੱਸਿਆ ਕਿ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਸਪੱਸ਼ਟ ਕਰ ਦਿਤਾ ਸੀ ਕਿ ਇਸ ਮਾਮਲੇ ਵਿਚ ਉਨ੍ਹਾਂ ਦੀ ਭਗਵੰਤ ਮਾਨ ਨਾਲ ਕੋਈ ਗੱਲ ਨਹੀਂ ਹੋਈ ਹੈ। ਉੱਧਰ ਭਗਵੰਤ ਮਾਨ ਵੀ ਕਹਿ ਰਹੇ ਹਨ ਕਿ ਇਸ ਮੁੱਦੇ ‘ਤੇ ਪਾਰਟੀ ਪ੍ਰਧਾਨ ਨਾਲ ਉਨ੍ਹਾਂ ਦੇ ਅਜੇ ਕੋਈ ਗੱਲ ਨਹੀਂ ਹੋਈ ਹੈ।

ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਕੇਜਰੀਵਾਲ ਨਾਲ ਲੰਮੇ ਸਮੇਂ ਤੋਂ ਬੈਠਕਾਂ ਕਰਦੇ ਆ ਰਹੇ ਹਨ ਪਰ ਕੇਜਰੀਵਾਲ ਵਲੋਂ ਮਜੀਠੀਆ ਤੋਂ ਮਾਫ਼ੀ ਮੰਗਣ ਦੇ ਮੁੱਦੇ ‘ਤੇ ਕੇਜਰੀਵਾਲ ਤੋਂ ਮਾਫ਼ੀ ਦਾ ਕਾਰਨ ਨਹੀਂ ਪੁੱਛ ਸਕੇ ਅਤੇ ਨਾ ਹੀ ਅਪਣੇ ਵਲੋਂ ਦਿਤੇ ਗਏ ਅਸਤੀਫ਼ੇ ਬਾਰੇ ਗੱਲ ਕਰ ਸਕੇ ਹਨ। ਖਹਿਰਾ ਵਲੋਂ ਬਣਾਈ ਗਈ ਨਵੀਂ ਪਾਰਟੀ ‘ਪੰਜਾਬ ਏਕਤਾ ਪਾਰਟੀ’ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਲਈ ਇਕ ਉਪਰਾਲਾ ਕੀਤਾ ਜਾ ਰਿਹਾ ਹੈਅਤੇ ਉਹ ਇਸ ਪਾਰਟੀ ਬਾਰੇ ਬੁੱਧਵਾਰ ਨੂੰ ਸਵੇਰੇ ਕਰੀਬ 12.30 ਵਜੇ ਰਸਮੀ ਤੌਰ ‘ਤੇ ਐਲਾਨ ਕਰਨਗੇ।

ਖਹਿਰਾ ਨੇ ਗੱਲਬਾਤ ਦੌਰਾਨ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਅਸੀਂ ਵੱਖਰੀ ਰਾਜਨੀਤੀ ਕਰਨੀ ਹੈ ਅਤੇ ਦੂਜੇ ਪਾਸੇ ਹੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਦੇ ਬਣਾਏ ਕਾਨੂੰਨਾਂ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟ ਵਿਚੋਂ ਇਕ ਵੀ ਹੋਰ ਵਿਧਾਇਕ ਅਸਤੀਫ਼ਾ ਦਿੰਦਾ ਹੈ ਤਾਂ ਵਿਰੋਧੀ ਦਾ ਅਹੁਦਾ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਚਲਾ ਜਾਵੇਗਾ, ਜਿਸ ਦੇ ਲਈ ਪਾਰਟੀ ਖ਼ੁਦ ਜ਼ਿੰਮੇਵਾਰ ਹੋਵੇਗੀ।

ਇਸ ਦੌਰਾਨ ਸੁਖਬੀਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਬੇਅਦਬੀ ਕਰਨ ਵਾਲਿਆਂ ਦੇ ਕੋਲ ਵਿਰੋਧੀ ਧਿਰ ਦਾ ਅਹੁਦਾ ਜਾਵੇ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਸਰਕਾਰ ਦੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਕੈਪਟਨ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਕਿਸਾਨਾਂ ਦਾ ਕਰਜ਼ ਮਾਫ਼ ਕੀਤਾ ਜਾਵੇਗਾ ਪਰ ਉਸ ਦੇ ਉਲਟ ਪੁਲਿਸ ਕਰਜ਼ ਲੈਣ ਵਾਲੇ ਕਿਸਾਨਾਂ ਦੇ ਘਰ ਛਾਪੇ ਮਾਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਦਾ ਕਰਜ਼ ਮਾਫ਼ ਕਰਨਾ ਚਾਹੀਦਾ ਹੈ।