ਰੇਤ ਮਾਫ਼ੀਆ 'ਤੇ ਮਾਨ ਸਰਕਾਰ ਦੀ ਵੱਡੀ ਕਾਰਵਾਈ, ਪੰਜਾਬ 'ਚ ਮਾਈਨਿੰਗ ਵਾਲੀ ਥਾਂ 'ਤੇ ਲਗਾਏ ਜਾਣਗੇ CCTV ਕੈਮਰੇ
ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਅਸੀਂ ਨਵੀਂ ਤਕਨੀਕ ਲਿਆ ਰਹੇ ਹਾਂ। ਇਸ 'ਚ ਰੇਤ ਦੀ ਮਾਈਨਿੰਗ 'ਤੇ ਡਰੋਨ ਰਾਹੀਂ ਨਜ਼ਰ ਰੱਖੀ ਜਾਵੇਗੀ।
ਚੰਡੀਗੜ੍ਹ: ਪੰਜਾਬ 'ਚੋਂ ਰੇਤ ਮਾਫੀਆ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ 'ਚ ਅਹਿਮ ਮੀਟਿੰਗ ਕੀਤੀ। ਮਾਈਨਿੰਗ ਵਿਭਾਗ ਦੀ ਇਸ ਮੀਟਿੰਗ ਵਿਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਵਿਭਾਗ ਦੇ ਅਧਿਕਾਰੀ ਅਤੇ ਪਿਛਲੀ ਸਰਕਾਰ ਵਲੋਂ ਜਿਹੜੇ ਠੇਕੇਦਾਰਾਂ ਨੂੰ ਪੰਜਾਬ ਦੀਆਂ ਖੱਡਾਂ ਦਾ ਠੇਕਾ ਦਿੱਤਾ ਗਿਆ ਸੀ, ਉਹਨਾਂ ਵੀ ਸੱਦਿਆ ਗਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਸਾਨੂੰ ਅਪਣੇ ਵਾਅਦੇ ਯਾਦ ਹੈ। ਅਸੀਂ ਪੰਜਾਬ ਵਿਚੋਂ ਰੇਤ ਮਾਫੀਆਂ ਨੂੰ ਜੜੋਂ ਖਤਮ ਕਰਨ ਦਾ ਵਾਅਦਾ ਕੀਤਾ ਸੀ। ਪੰਜਾਬ ਦਾ ਖਜ਼ਾਨਾ ਭਰਿਆ ਜਾਵੇਗਾ ਅਤੇ ਪੰਜਾਬ ਦੀ ਜਨਤਾ ਨੂੰ ਸਸਤੀ ਰੇਤ ਦਿੱਤੀ ਜਾਵੇਗੀ।
Punjab government's action on sand mafia
ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਰੇਤ ਮਾਫੀਆ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ। ਠੇਕੇਦਾਰਾਂ ਨੂੰ ਰੇਤ ਦੀ ਸਪਲਾਈ ਨਿਰਵਿਘਨ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਲੋਕਾਂ ਨੂੰ ਉਸਾਰੀ ਲਈ ਰੇਤ ਦੀ ਕੋਈ ਕਮੀ ਨਾ ਆਵੇ। ਇਸ ਤੋਂ ਇਲਾਵਾ ਮੰਤਰੀ ਹਰਜੋਤ ਬੈਂਸ ਨੂੰ ਹਰ ਰੇਤ ਮਾਈਨਿੰਗ ਵਾਲੀ ਥਾਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ।
Harjot Singh Bains
ਮੀਟਿੰਗ ਤੋਂ ਬਾਅਦ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਅਸੀਂ ਨਵੀਂ ਤਕਨੀਕ ਲਿਆ ਰਹੇ ਹਾਂ। ਇਸ 'ਚ ਰੇਤ ਦੀ ਮਾਈਨਿੰਗ 'ਤੇ ਡਰੋਨ ਰਾਹੀਂ ਨਜ਼ਰ ਰੱਖੀ ਜਾਵੇਗੀ। ਹਰ ਰੇਤ ਦੀ ਮਾਈਨਿੰਗ ਵਾਲੀ ਥਾਂ 'ਤੇ ਬੋਰਡ ਲਗਾਏ ਜਾਣਗੇ ਕਿ ਇਹ ਕਾਨੂੰਨੀ ਸਾਈਟ ਹੈ। ਹਰ ਰੇਤ ਦੀ ਖੁਦਾਈ ਵਾਲੀ ਥਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ, ਜਿਸ ਦੀ ਨਿਗਰਾਨੀ ਕੇਂਦਰੀ ਕੰਟਰੋਲ ਰੂਮ ਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਾਤਾਵਰਣ ਨੂੰ ਬਚਾਉਣ ਲਈ ਰੇਤ ਦੀਆਂ ਸਾਰੀਆਂ ਮਾਈਨਿੰਗ ਸਾਈਟਾਂ ਦੀ ਡਰੋਨ ਮੈਪਿੰਗ ਕੀਤੀ ਜਾਵੇਗੀ। ਜਿਸ ਰਾਹੀਂ ਸਾਲ ਵਿਚ 4 ਵਾਰ ਪਤਾ ਲੱਗ ਸਕੇਗਾ ਕਿ ਸਾਈਟ ਤੋਂ ਕਿੰਨੀ ਰੇਤ ਕੱਢੀ ਗਈ ਹੈ ਤਾਂ ਜੋ ਨਿਰਧਾਰਤ ਮਾਤਰਾ ਤੋਂ ਵੱਧ ਰੇਤ ਨਾ ਕੱਢੀ ਜਾਵੇ।
Punjab government's action on sand mafia
ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਮਾਨ ਸਰਕਾਰ ਅਗਲੇ ਛੇ ਮਹੀਨਿਆਂ ਵਿਚ ਮਾਈਨਿੰਗ ਨੀਤੀ ਲੈ ਕੇ ਆ ਰਹੀ ਹੈ। ਇਸ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ। ਉਹਨਾਂ ਨੂੰ ਲਿਖਤੀ ਤੌਰ 'ਤੇ ਕਿਹਾ ਗਿਆ ਹੈ ਕਿ ਕਿਤੇ ਵੀ ਰੇਤ ਦੀ ਨਾਜਾਇਜ਼ ਮਾਈਨਿੰਗ ਨਹੀਂ ਹੋਣੀ ਚਾਹੀਦੀ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਾਇਜ਼ ਥਾਵਾਂ ਦੀ ਨਿਸ਼ਾਨਦੇਹੀ ਕਰਨ ਅਤੇ ਝੰਡੇ ਲਗਾਉਣ ਤਾਂ ਜੋ ਉਹਨਾਂ ਦੀ ਪਛਾਣ ਸਪੱਸ਼ਟ ਹੋ ਸਕੇ।