ਵੰਡ ਦੇ ਪਹਿਲੇ ਇਤਿਹਾਸਕਾਰ ਪ੍ਰੋਫੈਸਰ ਕਿਰਪਾਲ ਸਿੰਘ ਦਾ ਦਿਹਾਂਤ
ਭਾਰਤ-ਪਾਕਿਸਤਾਨ ਦੀ ਵੰਡ ਦੇ ਪਹਿਲੇ ਮੁੱਖ ਇਤਿਹਾਸਕਾਰ ਪ੍ਰੋਫੈਸਰ ਕਿਰਪਾਲ ਸਿੰਘ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ 95 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ।
ਚੰਡੀਗੜ੍ਹ: ਭਾਰਤ-ਪਾਕਿਸਤਾਨ ਦੀ ਵੰਡ ਦੇ ਪਹਿਲੇ ਮੁੱਖ ਇਤਿਹਾਸਕਾਰ ਪ੍ਰੋਫੈਸਰ ਕਿਰਪਾਲ ਸਿੰਘ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ 95 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਆਖਰੀ ਕੰਮ ਇਸ ਤ੍ਰਾਸਦੀ ਲਈ ਜ਼ਿੰਮੇਵਾਰੀ ਤੈਅ ਕਰਨਾ ਸੀ। ਉਹਨਾਂ ਨੇ ਇਕ ਵਾਰ ਕਿਹਾ ਸੀ ਉਹਨਾਂ ਵੱਲੋਂ ਦਿੱਤੇ ਕੀਤੇ ਗਏ ਇੰਟਰਵਿਊ ਵਿਚੋਂ ਇਕ ਵੀ ਅਜਿਹਾ ਨਹੀਂ ਸੀ ਜੋ ਸੱਤ ਦਹਾਕੇ ਪਹਿਲਾਂ ਹੋਈ ਇਸ ਤ੍ਰਾਸਦੀ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹੋਵੇ।
ਵੰਡ ਦੇ ਇਤਿਹਾਸਕਾਰ ਦਾ ਉਹਨਾਂ ਦਾ ਸਫਰ 1953 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਇਕ ਯੁਵਾ ਲੈਕਚਰਾਰ ਵਜੋਂ ਸ਼ੁਰੂ ਹੋਇਆ। ਭਾਈ ਵੀਰ ਸਿੰਘ ਜੀ ਜੋ ਕਿ ਖੁਦ ਇਸ ਤ੍ਰਾਸਦੀ ਦੇ ਪੀੜਤ ਸਨ ਨੇ ਉਹਨਾਂ ਨੂੰ ਬੁਲਾ ਕੇ ਕਿਹਾ ਸੀ ਕਿ 1947 ਵਿਚ ਜੋ ਹੋਇਆ ਉਹ ਬਿਲਕੁਲ ਵੱਖਰਾ ਸੀ, ਅਜਿਹਾ ਪਹਿਲਾਂ ਕਦੀ ਨਹੀਂ ਹੋਇਆ ਅਤੇ ਨਾ ਹੀ ਅਜਿਹਾ ਫਿਰ ਕਦੀ ਹੋਵੇਗਾ। ਉਹਨਾਂ ਕਿਹਾ ਸੀ ਕਿ ਉਹ ਦੇਸ਼ ਦੀ ਵੰਡ ‘ਤੇ ਕੁਝ ਕਰਨਾ ਚਾਹੁੰਦੇ ਹਨ ਪਰ ਉਹ ਬਹੁਤ ਬਜ਼ੁਰਗ ਹੋ ਗਏ ਹਨ। ਉਹਨਾਂ ਨੇ ਪ੍ਰੋਫੈਸਰ ਕਿਰਪਾਲ ਸਿੰਘ ਨੂੰ ਕਿਹਾ ਕਿ ਤੁਸੀਂ ਵੰਡ ਦਾ ਇਤਿਹਾਸ ਲਿਖੋ।
ਉਸ ਤੋਂ ਬਾਅਦ ਪ੍ਰੋਫੈਸਰ ਕਿਰਪਾਲ ਸਿੰਘ ਨੇ ਕਰੀਬ ਦੋ ਸਾਲ ਰੀਫਿਊਜੀ ਕੈਂਪਾਂ ਵਿਚ ਜਾ ਕੇ ਪੀੜਤਾਂ ਬਾਰੇ ਦਸਤਾਵੇਜ਼ ਇਕੱਠੇ ਕੀਤੇ ਅਤੇ ਰਿਕਾਰਡ ਇਕੱਠੇ ਕਰਨ ਲਈ ਉਹ ਸ਼ਿਮਲਾ ਅਤੇ ਦਿੱਲੀ ਵੀ ਗਏ। ਇਸ ਵਿਚ ਇਕ ਨਵਾਂ ਮੋੜ 1962 ਵਿਚ ਉਸ ਸਮੇਂ ਆਇਆ ਜਦੋਂ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਉਹਨਾਂ ਨੂੰ ਪੰਜਾਬ ਸਬੰਧੀ ਕਾਗਜ਼ ਇਕੱਠੇ ਕਰਨ ਲਈ ਯੂਕੇ ਜਾਣ ਦੀ ਪੇਸ਼ਕਸ਼ ਕੀਤੀ।
ਕਰੀਬ ਛੇ ਮਹੀਨਿਆਂ ਤੱਕ ਕਿਰਪਾਲ ਸਿੰਘ ਵੰਡ ਨਾਲ ਜੁੜੇ ਲੋਕਾਂ ਦੀ ਇੰਟਰਵਿਊ ਲੈਂਦੇ ਰਹੇ। ਕਿਰਪਾਲ ਸਿੰਘ ਇਸ ਕਾਰਜ ਦੌਰਾਨ ਵੰਡ ਦੇ ਲਗਭਗ ਹਰ ਆਰਕੀਟੈਕਟ ਨੂੰ ਮਿਲੇ, ਉਹਨਾਂ ਨੇ ਵੰਡ ਦੇ ਦਸਤਾਵੇਜ਼ ਇਕੱਠੇ ਕੀਤੇ। ਹਰੇਕ ਇੰਟਰਵਿਊ ਤੋਂ ਬਾਅਦ ਉਹਨਾਂ ਨੇ ਕਾਫੀ ਸਮਾਂ ਇਹਨਾਂ ਦਸਤਾਵੇਜ਼ਾਂ ‘ਤੇ ਬਿਤਾਇਆ। ਮੌਜੂਦਾ ਸਮੇਂ ਵਿਚ ਇਹ ਦਸਤਾਵੇਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬ੍ਰੇਰੀ ਦਾ ਹਿੱਸਾ ਹੈ।
ਉਹਨਾਂ ਨੂੰ ਅਖੀਰ ਤੱਕ ਇਹੀ ਮੰਨਿਆ ਕਿ ਦੇਸ਼ ਦੀ ਵੰਡ ਦੇ ਪਿੱਛੇ ਕਿਸੇ ਦੀ ਇੱਛਾ ਸੀ, ਜੋ ਕਿ ਦਸਤਾਵੇਜ਼ਾਂ ਵਿਚ ਦਰਜ ਨਹੀਂ ਹੈ ਪਰ ਯੂਕੇ ਵਿਚ ਕੀਤੇ ਗਏ ਇੰਟਰਵਿਊ ਦੌਰਾਨ ਉਹ ਦਿਖਾਈ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਨਿਰਾਸ਼ਾ ਵਿਚ ਆਸ਼ਾ ਦੀਆਂ ਕਹਾਣੀਆਂ ਨਹੀਂ ਦੱਸੀਆਂ ਗਈਆਂ। ਉਹ ਕਹਿੰਦੇ ਸਨ ਕਿ ਲੋਕਾਂ ਨੇ ਲੜਕੀਆਂ ਨੂੰ ਬਚਾਇਆ, ਦਹੇਜ ਇਕੱਠਾ ਕੀਤਾ ਅਤੇ ਉਹਨਾਂ ਦਾ ਵਿਆਹ ਕੀਤਾ। ਉਹਨਾਂ ਨੂੰ ਰਹਿਣ ਲਈ ਛੱਤ ਦਿੱਤੀ ਅਤੇ ਬਾਅਦ ਵਿਚ ਉਹਨਾਂ ਨੂੰ ਪਰਿਵਾਰਾਂ ਨਾਲ ਇਕਜੁੱਟ ਕੀਤਾ। ਉਹਨਾਂ ਕਿਹਾ ਕਿ ਦੋਵੇਂ ਪਾਸੇ ਅਜਿਹੀਆਂ ਕਹਾਣੀਆਂ ਦੇਖਣ ਨੂੰ ਮਿਲੀਆਂ।