ਇਤਿਹਾਸਕਾਰਾਂ ਨੇ ਵਿਦਿਆਰਥੀਆਂ ਨੂੰ ਪਾਈਆਂ ਫੁੱਲੀਆਂ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਤਿਹਾਸਕਾਰਾਂ 'ਤੇ ਅਧਾਰਤ ਨਜ਼ਰਸਾਨੀ ਕਮੇਟੀ ਵਲੋਂ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਨਵੀਂ ਤਿਆਰ ਕੀਤੀ ਜਾ ਰਹੀ..............
ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਤਿਹਾਸਕਾਰਾਂ 'ਤੇ ਅਧਾਰਤ ਨਜ਼ਰਸਾਨੀ ਕਮੇਟੀ ਵਲੋਂ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਨਵੀਂ ਤਿਆਰ ਕੀਤੀ ਜਾ ਰਹੀ ਪੁਸਤਕ ਦਾ ਪਹਿਲਾ ਚੈਪਟਰ ਹੀ ਵਿਵਾਦਾਂ 'ਚ ਘਿਰ ਗਿਆ ਹੈ। ਨਜ਼ਰਸਾਨੀ ਕਮੇਟੀ ਵਾਅਦੇ ਮੁਤਾਬਕ ਦੂਜਾ ਚੈਪਟਰ ਵੀ ਵਿਦਿਆਰਥੀਆਂ ਨੂੰ 15 ਅਗੱਸਤ ਨੂੰ ਭੇਜਣ ਤੋਂ ਉਕ ਗਈ ਹੈ। ਕਮੇਟੀ ਵਲੋਂ ਵਿਦਿਆਰਥੀਆਂ ਨੂੰ ਭੇਜਿਆ ਪਹਿਲਾ ਚੈਪਟਰ ਵਿਵਾਦਾਂ 'ਚ ਘਿਰਨ ਤੋਂ ਬਾਅਦ ਬਦਲਣਾ ਪੈ ਗਿਆ ਹੈ। ਕਮੇਟੀ ਨੇ ਬੀਤੇ ਕੱਲ੍ਹ ਇਕ ਮੀਟਿੰਗ ਸੱਦ ਕੇ ਪੁਸਤਕ ਤਿਆਰੀ ਦੇ ਕੰਮ 'ਚ ਤੇਜ਼ੀ ਲਿਆਉਣ ਦਾ ਫ਼ੈਸਲਾ ਲਿਆ ਹੈ।
ਪਤਾ ਲੱਗਾ ਹੈ ਕਿ ਕਮੇਟੀ ਨੂੰ ਅੰਗਰੇਜ਼ੀ ਤੋਂ ਉਲੱਥਾ ਕਰ ਕੇ ਪੰਜਾਬੀ ਵਿਚ ਟਾਈਪ ਕਰਨ ਲਈ ਸਟਾਫ਼ ਨਹੀਂ ਮਿਲ ਰਿਹਾ। ਕਮੇਟੀ ਵਲੋਂ ਵਿਦਿਆਰਥੀਆਂ ਨੂੰ ਭੇਜੇ ਪਹਿਲੇ ਚੈਪਟਰ ਵਿਚ ਉਲੱਥੇ ਦੀਆਂ ਗਲਤੀਆਂ ਨੇ ਇਕ ਧਰਮ ਦੇ ਪੈਰੋਕਾਰਾਂ ਦਾ ਵਿਰੋਧ ਸਹੇੜ ਲਿਆ ਸੀ ਜਿਸ ਤੋਂ ਬਾਅਦ ਇਸ ਵਿਚ ਸੋਧ ਕਰਨੀ ਪੈ ਗਈ ਹੈ। ਹੋਰ ਤਾਂ ਹੋਰ ਅੰਗਰੇਜ਼ੀ ਅਤੇ ਪੰਜਾਬੀ ਦੇ ਪਹਿਲੇ ਚੈਪਟਰ ਦੀ ਸਮੱਗਰੀ ਵਿਚ ਵੀ ਫ਼ਰਕ ਨਿਕਲਿਆ ਹੈ, ਜਿਸ ਦੇ ਸਿੱਟੇ ਵਜੋਂ ਅੰਗਰੇਜ਼ੀ ਦਾ ਪਹਿਲਾ ਚੈਪਟਰ ਵਾਪਸ ਲੈਣਾ ਪੈ ਗਿਆ ਹੈ।
ਸਿਖਿਆ ਮੰਤਰੀ ਦੀ ਅਗਵਾਈ ਹੇਠ ਕਮੇਟੀ ਨੇ ਇਕ ਮੀਟਿੰਗ ਕਰ ਕੇ ਪਹਿਲੀ ਅਗੱਸਤ ਤੋਂ ਹਰ ਪੰਦਰ੍ਹਾਂ ਦਿਨ ਬਾਅਦ ਸਕੂਲਾਂ ਨੂੰ ਇਕ ਇਕ ਚੈਪਟਰ ਭੇਜਣ ਦਾ ਫ਼ੈਸਲਾ ਲਿਆ ਸੀ। ਦੋ ਅਗੱਸਤ ਨੂੰ ਪਲੇਠਾ ਚੈਪਟਰ ਭੇਜਣ ਤੋਂ ਬਾਅਦ ਅਗਲਾ ਚੈਪਟਰ ਭੇਜਣ ਤੋਂ ਉਕੀ ਹੀ ਨਹੀਂ, ਸਗੋਂ ਪਹਿਲਾ ਚੈਪਟਰ ਵੀ ਦਰੁਸਤ ਕਰ ਕੇ ਪਾਉਣ 'ਚ ਦੋ ਹਫ਼ਤਿਆਂ ਦੀ ਦੇਰੀ ਹੋ ਗਈ ਹੈ। ਇਸ ਸੂਰਤ ਵਿਚ ਬਾਰ੍ਹਵੀਂ ਦੇ ਵਿਦਿਆਰਥੀ ਬੋਰਡ ਦੀਆਂ ਸਾਲਾਨਾ ਪ੍ਰੀਖਿਆ ਲਈ ਸਮੇਂ ਸਿਰ ਤਿਆਰੀ ਕਰ ਸਕਣਗੇ, ਇਸ 'ਤੇ ਵੀ ਸਵਾਲੀਆ ਚਿੰਨ੍ਹ ਲੱਗ ਗਿਆ ਹੈ।
ਸਰਕਾਰੀ ਤੌਰ 'ਤੇ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਇਤਿਹਾਸ ਦੀਆਂ ਅਸਾਮੀਆਂ ਘੱਟ ਹਨ ਅਤੇ ਸੋਸ਼ਲ ਸਟੱਡੀ ਦੇ ਅਧਿਆਪਕਾਂ ਨੂੰ ਇਤਿਹਾਸ ਦਾ ਵਿਸ਼ਾ ਪੜ੍ਹਾਉਣ ਲਈ ਕਿਹਾ ਜਾ ਰਿਹਾ ਹੈ। ਸੋਸ਼ਲ ਸਟੱਡੀ ਦੇ ਅਧਿਆਪਕ ਇਤਿਹਾਸ ਦੀ ਜਾਣਕਾਰੀ ਤੋਂ ਖੁਦ ਊਣੇ ਹਨ। ਸਕੂਲੀ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਦੀ ਗੱਲ ਜਿਹੜੀ ਸਾਹਮਣੇ ਆਈ ਹੈ, ਉਹ ਇਹ ਹੈ ਕਿ ਅੰਗਰੇਜ਼ੀ ਦਾ ਚੈਪਟਰ ਪਹਿਲਾਂ ਤਿਆਰ ਕੀਤਾ ਜਾ ਰਿਹਾ ਹੈ, ਜਦੋਂ ਕਿ ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਮਾਧਿਅਮ ਵਿਦਿਆਰਥੀਆਂ ਦੀ ਗਿਣਤੀ ਮਹਿਜ਼ ਦਸ ਫ਼ੀ ਸਦੀ ਹੈ।
ਪੰਜਾਬੀ ਮਾਧਿਅਮ ਦੇ 90 ਫ਼ੀ ਸਦੀ ਵਿਦਿਆਰਥੀਆਂ ਨੂੰ ਪੜ੍ਹਨ ਲਈ ਸਮੱਗਰੀ ਨਹੀਂ ਮਿਲ ਰਹੀ। ਕਮੇਟੀ ਦੀ ਮੈਂਬਰ ਅਤੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੀ ਸਾਬਕਾ ਅਧਿਆਪਕਾ ਪ੍ਰੋਫ਼ੈਸਰ ਇੰਦੂ ਬਾਂਗਾ ਨੇ ਦਸਿਆ ਕਿ ਕੰਮ ਤੇਜ਼ ਕਰਨ ਲਈ ਸਕੂਲ ਬੋਰਡ 'ਚ ਕੱਲ੍ਹ ਮੀਟਿੰਗ ਰੱਖੀ ਗਈ ਸੀ ਪਰ ਉਨ੍ਹਾਂ ਨੇ ਨਾਲ ਹੀ ਕਿਹਾ ਕਿ ਪਹਿਲੇ ਚੈਪਟਰ 'ਚ ਹੋਈਆਂ ਗ਼ਲਤੀਆਂ ਨਾਲੋ-ਨਾਲ ਸੁਧਾਰ ਲਈਆਂ ਗਈਆਂ ਹਨ।