87 ਕਿਸਮ ਦੇ ਦਰਖ਼ਤਾਂ ਨਾਲ ਬਣਿਆ ਪੰਜਾਬ ਦਾ ਪਹਿਲਾ ਜੰਗਲ
ਇਕੋ ਥਾਂ 'ਤੇ ਲਗਾਏ ਕਈ ਰਵਾਇਤੀ ਰੁੱਖ ਬਣੇ ਲੋਕਾਂ ਲਈ ਖਿੱਚ ਦਾ ਕੇਂਦਰ
ਰੁੱਖ ਲਗਾਉਣ ਦੇ ਸ਼ੌਕੀਨ ਮੁਫ਼ਤ ਵਿਚ ਪ੍ਰਾਪਤ ਕਰ ਸਕਦੇ ਹਨ ਪੌਦੇ
ਬਠਿੰਡਾ/ਚੰਡੀਗੜ੍ਹ (ਕੋਮਲਜੀਤ ਕੌਰ, ਅਮਿਤ ਸ਼ਰਮਾ) : ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਲਈ ਬਠਿੰਡਾ ਦੀ ਟ੍ਰੀ ਲਵਰ ਸੁਸਾਇਟੀ ਵਲੋਂ ਇਕ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਪੰਜਾਬ ਅਤੇ ਖ਼ਾਸ ਕਰ ਮਾਲਵਾ ਇਲਾਕੇ ਵਿਚ ਪਾਏ ਜਾਣ ਵਾਲੇ ਰਵਾਇਤੀ ਅਤੇ ਪ੍ਰਾਚੀਨ ਰੁੱਖਾਂ ਨੂੰ ਮੁੜ ਤੋਂ ਜ਼ਿੰਦਗੀ ਦਾ ਹਿੱਸਾ ਬਣਾਉਣ ਦੇ ਮਕਸਦ ਤਹਿਤ ਇਕ ਜੰਗਲ ਲਗਾਇਆ ਗਿਆ ਹੈ। ਇਹ ਪੰਜਾਬ ਦਾ ਪਹਿਲਾ ਜੰਗਲ ਹੈ ਜਿਸ ਵਿਚ ਵੱਖ-ਵੱਖ ਤਰ੍ਹਾਂ ਦੇ 87 ਬੂਟੇ ਲਗਾਏ ਗਏ ਸਨ ਜੋ ਅੱਜ ਵੱਡੇ ਦਰਖ਼ਤ ਬਣ ਚੁੱਕੇ ਹਨ।
ਟ੍ਰੀ ਲਵਰ ਸੁਸਾਇਟੀ ਦੇ ਨੁਮਾਇੰਦਿਆਂ ਵਲੋਂ ਸ਼ਹਿਰ ਵਿਚ ਹਰਿਆਲੀ ਲਿਆਉਣ ਦਾ ਬੀੜਾ ਚੁਕਿਆ ਗਿਆ ਹੈ ਅਤੇ ਉਨ੍ਹਾਂ ਵਲੋਂ ਆਸ-ਪਾਸ ਦੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਇਨ੍ਹਾਂ ਰੁੱਖਾਂ ਦੀ ਖ਼ਾਸੀਅਤ ਤੋਂ ਵੀ ਜਾਣੂ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਪੰਜਾਬ ਵਿਚੋਂ ਖ਼ਤਮ ਹੋ ਰਹੀਆਂ ਰਵਾਇਤੀ ਰੁੱਖਾਂ ਦੀ ਪ੍ਰਜਾਤੀਆਂ ਲਗਾਉਣ ਬਾਰੇ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: 1947 ਦੀ ਵੰਡ ਵੇਲੇ ਵਿਛੜੇ ਭੈਣ-ਭਰਾ ਗੁਰਮੇਲ ਸਿੰਘ ਅਤੇ ਸਕੀਨਾ ਬੀਬੀ ਦਾ ਹੋਇਆ ਮਿਲਾਪ
ਦੱਸ ਦੇਈਏ ਕਿ ਇਸ ਜੰਗਲ ਵਿਚ ਹਰੜ, ਬਹੇੜਾ, ਫਾਲਸਾ, ਆਵਲਾਂ, ਅੰਜੀਰ, ਚਿੱਟੀ ਕਿੱਕਰ ਆਦਿ ਰੁੱਖ ਲਗਾਏ ਗਏ ਹਨ। ਦੂਰੋਂ-ਦੁਰਾਡਿਉਂ ਸਕੂਲਾਂ ਅਤੇ ਕਾਲਜਾਂ ਦੇ ਬੱਚੇ ਇਹ ਜੰਗਲ ਦੇਖਣ ਆਉਂਦੇ ਹਨ ਅਤੇ ਰਵਾਇਤੀ ਰੁੱਖਾਂ ਅਤੇ ਇਨ੍ਹਾਂ ਦੇ ਬੀਮਾਰੀਆਂ ਦੀ ਰੋਕਥਾਮ ਲਈ ਹੁੰਦੇ ਲਾਭਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਟ੍ਰੀ ਲਵਰ ਸੁਸਾਇਟੀ ਦੇ ਆਗੂ ਸਲਿਲ ਬਾਂਸਲ ਨੇ ਦਸਿਆ ਕਿ ਉਨ੍ਹਾਂ ਨੇ 2018 ਵਿਚ ਪੰਜਾਬ ਦੇ ਰਿਵਾਇਤੀ ਰੁੱਖਾਂ ਬਾਰੇ ਜਾਣਕਾਰੀ ਹਾਸਲ ਕਰਨੀ ਸ਼ੁਰੂ ਕੀਤੀ ਤਾਂ ਬਹੁਤ ਹੈਰਾਨ ਹੋਏ ਕਿ ਇਹ ਖ਼ਤਮ ਹੁੰਦੇ ਜਾ ਰਹੇ ਸਨ ਅਤੇ ਕਈਆਂ ਬਾਰੇ ਤਾਂ ਕੋਈ ਜਾਣਕਾਰੀ ਵੀ ਨਹੀਂ ਸੀ। ਜਿਸ ਤੋਂ ਬਾਅਦ 2019 ਵਿਚ ਉਨ੍ਹਾਂ ਇਹ ਮੁਹਿੰਮ ਸ਼ੁਰੂ ਕੀਤੀ ਅਤੇ ਰਵਾਇਤੀ ਰੁੱਖਾਂ ਦਾ ਜੰਗਲ ਲਗਾਇਆ ਜਿਸ ਵਿਚ ਪੰਜਾਬ ਦਾ ਹਰ ਰਿਵਾਇਤੀ ਰੁੱਖ ਮੌਜੂਦ ਹੈ। ਇਨ੍ਹਾਂ ਵਿਚ ਢੇਊ, ਪੀਲੂ, ਜੰਗਲ ਜਲੇਬੀ, ਕਟਹਲ, ਰੀਠਾ ਆਦਿ ਜੋ ਖ਼ਤਮ ਹੋਣ ਦੀ ਕਗਾਰ 'ਤੇ ਸਨ ਉਨ੍ਹਾਂ ਵਿਚੋਂ 87 ਤਰ੍ਹਾਂ ਦੇ ਰੁੱਖ ਇਸ ਜੰਗਲ ਵਿਚ ਲਗਾਏ ਗਏ ਹਨ।
ਇਹ ਵੀ ਪੜ੍ਹੋ: ਨਾਬਾਲਗ ਬਣੀ ਮਾਂ ਤਾਂ ਮਾਪਿਆਂ ਨੇ ਝਾੜੀਆਂ 'ਚ ਸੁੱਟੀ ਨਵਜਾਤ ਬੱਚੀ
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਜੰਗਲ ਵਿਚ ਲਗਾਏ ਗਏ ਇਹ ਰਿਵਾਇਤੀ ਰੁੱਖ ਵੱਖ-ਵੱਖ ਥਾਵਾਂ ਤੋਂ ਇਕੱਠੇ ਕੀਤੇ ਸਨ ਜਿਸ ਵਿਚ ਗਲਾਸ ਸੇਵਾ ਸੁਸਾਇਟੀ ਨੇ ਵੀ ਉਨ੍ਹਾਂ ਦੀ ਭਰਪੂਰ ਮਦਦ ਕੀਤੀ ਹੈ। ਉਨ੍ਹਾਂ ਦਸਿਆ ਕਿ ਵਣ ਵਿਭਾਗ ਤੋਂ ਵੀ ਪੌਦੇ ਲਿਆਂਦੇ ਸਨ। ਇਸ ਤੋਂ ਇਲਾਵਾ ਲਸੂੜਾ ਅਤੇ ਕਰੀਰ ਜੋ ਪੰਜਾਬ ਵਿਚ ਨਹੀਂ ਮਿਲੇ ਤਾਂ ਉਹ ਜੋਧਪੁਰ ਨਰਸਰੀ ਤੋਂ ਲੈ ਕੇ ਆਏ ਸਨ।
ਸਲਿਲ ਬਾਂਸਲ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਨੂੰ ਵੀ ਪੰਜਾਬ ਦੇ ਰਿਵਾਇਤੀ ਰੁੱਖਾਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਇਸ ਲਈ ਉਹ ਨਹੀਂ ਚਾਹੁੰਦੇ ਸਨ ਕਿ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਵੀ ਇਸ ਜਾਣਕਾਰੀ ਤੋਂ ਵਾਂਝੀ ਰਹੇ। ਉਨ੍ਹਾਂ ਦਸਿਆ ਕਿ ਅੱਜਕਲ ਸਜਾਵਟੀ ਦਰਖ਼ਤ ਲਗਾਉਣ ਦਾ ਰਿਵਾਜ ਵੱਧ ਗਿਆ ਹੈ ਜਿਨ੍ਹਾਂ ਦਾ ਰਵਾਇਤੀ ਰੁੱਖਾਂ ਦੇ ਮੁਕਾਬਲੇ ਬਹੁਤਾ ਫ਼ਾਇਦਾ ਨਹੀਂ ਹੁੰਦਾ। ਇਸ ਤੋਂ ਇਲਾਵਾ ਕੁਦਰਤੀ ਤੌਰ 'ਤੇ ਇਲਾਕੇ ਅਨੁਸਾਰ ਪੰਛੀ ਵੀ ਰਿਵਾਇਤੀ ਰੁੱਖਾਂ 'ਤੇ ਅਪਣੇ ਆਲ੍ਹਣੇ ਬਣਾਉਣ ਨੂੰ ਹੀ ਤਰਜੀਹ ਦਿੰਦੇ ਹਨ।
ਇਹ ਵੀ ਪੜ੍ਹੋ: ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
ਉਨ੍ਹਾਂ ਦਸਿਆ ਕਿ ਇਸ ਜੰਗਲ ਵਿਚ ਫਰਮਾਹ ਦੇ ਰੁੱਖ ਵੀ ਲਗਾਏ ਗਏ ਹਨ ਜੋ ਪੰਜਾਬ ਦੇ ਰਵਾਇਤੀ ਰੁੱਖ ਹਨ ਅਤੇ ਇਹ ਤੇਜ਼ ਹਵਾਵਾਂ ਨੂੰ ਰੋਕਣ ਦਾ ਕੰਮ ਕਰਦੇ ਹਨ। ਸੁਸਾਇਟੀ ਦੇ ਆਗੂਆਂ ਨੇ ਦਸਿਆ ਕਿ ਇਸ ਜੰਗਲ ਵਿਚ ਇਮਲੀ, ਜੰਡ, ਅਤੇ ਅਰਜੁਨ ਦਾ ਰੁੱਖ ਵੀ ਲਗਿਆ ਹੋਇਆ ਹੈ। ਦੱਸ ਦੇਈਏ ਕਿ ਅਰਜੁਨ ਦੀ ਛਾਲ ਦਿਲ ਦੇ ਰੋਗਾਂ ਸਮੇਤ ਹੋਰ ਕਈ ਬੀਮਾਰੀਆਂ ਨਾਲ ਲੜਨ ਦੇ ਸਮਰੱਥ ਹੁੰਦੀ ਹੈ।
ਉਨ੍ਹਾਂ ਦਸਿਆ ਕਿ ਮੌਜੂਦਾ ਸਮੇਂ ਵਿਚ ਵੱਖ-ਵੱਖ ਇਲਾਕਿਆਂ ਤੋਂ 242 ਵਿਅਕਤੀ ਟ੍ਰੀ ਲਵਰ ਸੁਸਾਇਟੀ ਨਾਲ ਜੁੜੇ ਹੋਏ ਹਨ। ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਇਹ ਬੂਟੇ ਨਰਸਰੀਆਂ ਤੋਂ ਵੀ ਨਹੀਂ ਮਿਲਦੇ ਸਨ ਪਰ ਹੁਣ ਜਾਗਰੂਕਤਾ ਵੱਧ ਰਹੀ ਹੈ ਤਾਂ ਇਨ੍ਹਾਂ ਦੀ ਮੰਗ ਵਿਚ ਵੀ ਇਜ਼ਾਫ਼ਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਬੂਟਾ ਲੈਣਾ ਚਾਹਵੇ ਤਾਂ ਉਨ੍ਹਾਂ ਨਾਲ 9814733932 'ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਇਹ ਰਿਵਾਇਤੀ ਬੂਟੇ ਮੁਫ਼ਤ ਵਿਚ ਦਿਤੇ ਜਾਣਗੇ ਪਰ ਬੂਟੇ ਲੈਣ ਵਾਲੇ ਨੂੰ ਯਕੀਨੀ ਬਣਾਉਣਾ ਪਵੇਗਾ ਕਿ ਉਹ ਤਿੰਨ ਸਾਲ ਤਕ ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਕਰੇਗਾ। ਬਾਂਸਲ ਨੇ ਦਸਿਆ ਕਿ ਹੁਣ ਤਕ ਅਜਿਹੇ ਤਿੰਨ ਜੰਗਲ ਲਗਾਏ ਜਾ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਬਠਿੰਡਾ ਸ਼ਹਿਰ ਵਿਚ 4600 ਪੌਦੇ ਲਗਾਏ ਗਏ ਹਨ।