ਪਰਾਲੀ ਸਾੜਦਾ ਫੜਿਆ ਗਿਆ ਬਾਦਲ ਦਾ ਜਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

15000 ਰੁਪਏ ਦਾ ਕੱਟਿਆ ਚਾਲਾਨ

Adesh Partap Singh Kairon challan issued for stubble burning

ਡੇਰਾਬਸੀ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿਰੁਧ ਪਰਾਲੀ ਸਾੜਨ ਦਾ ਦੋਸ਼ ਲੱਗਿਆ ਹੈ। ਉਨ੍ਹਾਂ ਨੂੰ 15 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਨਾਲ ਹੀ ਅਦਾਲਤ 'ਚ ਮੁਕਦਮਾ ਵੀ ਚੱਲ ਸਕਦਾ ਹੈ।

ਪਿੰਡ ਕਿਸ਼ਨਪੁਰਾ 'ਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ 15 ਤੋਂ 20 ਏਕੜ ਖੇਤੀਯੋਗ ਜ਼ਮੀਨ ਹੈ। ਇਥੇ ਝੋਨਾ ਬੀਜਿਆ ਗਿਆ ਸੀ ਅਤੇ ਕਟਾਈ ਤੋਂ ਬਾਅਦ ਕੁਝ ਦਿਨ ਪਹਿਲਾਂ ਪਰਾਲੀ ਨੂੰ ਸਾੜਿਆ ਗਿਆ ਸੀ। ਪੰਜਾਬ ਸੈਸਿੰਗ ਸੈਟੇਲਾਈਟ ਸੈਂਟਰ ਵਲੋਂ ਪਰਾਲੀ ਨੂੰ ਸਾੜਨ ਵਾਲੀ ਥਾਂ ਦੀ ਲੋਕੇਸ਼ਨ ਜਾਰੀ ਕੀਤੀ ਗਈ ਸੀ। ਤਸਵੀਰ ਅਤੇ ਲੋਕੇਸ਼ਨ ਦੀ ਪੜਤਾਲ ਕਰਨ ਤੋਂ ਬਾਅਦ ਹਲਕਾ ਪਟਵਾਰੀ ਦੀ ਰਿਪੋਰਟ 'ਚ ਇਸ ਦੀ ਪੁਸ਼ਟੀ ਕੀਤੀ ਗਈ। ਇਸ ਮਗਰੋਂ ਟਾਪ-3 ਡਿਫਾਲਟਰਾਂ 'ਚ ਸ਼ਾਮਲ ਹੋਣ ਕਾਰਨ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ 15 ਹਜ਼ਾਰ ਰੁਪਏ ਦਾ ਚਾਲਾਨ ਕੱਟਿਆ ਗਿਆ।

ਭਾਵੇਂ ਇਹ ਪਰਾਲੀ ਇਸ ਜ਼ਮੀਨ ਦੀ ਸਾਂਭ-ਸੰਭਾਲ ਕਰਨ ਵਾਲੇ ਮਜਦੂਰ ਕਿਸਾਨ ਵਲੋਂ ਸਾੜੀ ਗਈ ਹੈ ਪਰ ਨਿਯਮਾਂ ਅਨੁਸਾਰ ਪ੍ਰਸ਼ਾਸਨਿਕ ਕਾਰਵਾਈ ਜ਼ਮੀਨ ਦੇ ਮਾਲਕ 'ਤੇ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਪਰਾਲੀ ਸਾੜਨ ਦੇ ਗੰਭੀਰ ਦੋਸ਼ 'ਚ ਹਲਕਾ ਡੇਰਾਬੱਸੀ ਦਾ ਸਭ ਤੋਂ ਵੱਡਾ ਉਲੰਘਣਾਕਾਰ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਜ਼ਮੀਨ ਦੀ ਮਾਲ ਵਿਭਾਗ ਦੇ ਰਿਕਾਰਡ 'ਚ ਪਟਵਾਰੀ ਵਲੋਂ ਲਾਲ ਸਿਆਹੀ ਨਾਲ ਰਿਪੋਰਟ ਵੀ ਦਰਜ ਕੀਤੀ ਗਈ ਹੈ। 

ਜ਼ਿਕਰਯੋਗ ਹੈ ਕਿ 60 ਸਾਲਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਰਸੂਖਦਾਰ ਪਰਵਾਰ ਨਾਲ ਸਬੰਧ ਰੱਖਦੇ ਹਨ। ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਤਾਪ ਸਿੰਘ ਕੈਰੋਂ ਦੇ ਪੋਤੇ ਹਨ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਜਵਾਈ ਹਨ। ਉਹ ਚਾਰ ਵਾਰ ਪੱਟੀ ਵਿਧਾਨ ਸਭਾ ਤੋਂ ਵਿਧਾਇਕ ਚੁਣੇ ਜਾਣ ਮਗਰੋਂ ਬਾਦਲ ਸਰਕਾਰ 'ਚ ਤਿੰਨ ਵਾਰ ਮੰਤਰੀ ਵੀ ਰਹੇ ਸਨ।