Derabassi Firing News: ਡੇਰਾਬੱਸੀ 'ਚ ਪੰਜ ਵਿਅਕਤੀਆਂ 'ਤੇ ਹੋਈ ਫਾਇਰਿੰਗ; ਮੌਕੇ ਤੋਂ 2 ਖੋਲ ਬਰਾਮਦ
ਪੁਰਾਣੀ ਰੰਜਿਸ਼ ਦਾ ਦਸਿਆ ਜਾ ਰਿਹਾ ਮਾਮਲਾ, ਮੁਲਜ਼ਮ ਫਰਾਰ
Derabassi Firing News: ਡੇਰਾਬੱਸੀ ਦੇ ਬਾਲਮੀਕੀ ਇਲਾਕੇ 'ਚ ਬੁਧਵਾਰ ਰਾਤ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪੰਜ ਨੌਜਵਾਨਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਸਾਰੇ ਪੰਜ ਨੌਜਵਾਨ ਹਮਲੇ ਵਿਚ ਵਾਲ-ਵਾਲ ਬਚ ਗਏ। ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਦਸਿਆ ਜਾ ਰਿਹਾ ਹੈ ਕਿ ਜਿਨ੍ਹਾਂ 5 ਨੌਜਵਾਨਾਂ 'ਤੇ ਗੋਲੀਬਾਰੀ ਕੀਤੀ ਗਈ ਸੀ, ਉਨ੍ਹਾਂ 'ਚੋਂ ਦੋ ਨੌਜਵਾਨ ਹਾਲ ਹੀ 'ਚ ਜ਼ਮਾਨਤ 'ਤੇ ਬਾਹਰ ਆਏ ਹਨ ਅਤੇ ਉਨ੍ਹਾਂ ਦੀ ਕਿਸੇ ਨਾਲ ਰੰਜਿਸ਼ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡੇਰਾਬੱਸੀ ਦੇ ਇੰਚਾਰਜ ਮੌਕੇ 'ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ।
ਜਾਣਕਾਰੀ ਮੁਤਾਬਕ ਬੁਧਵਾਰ ਰਾਤ 10:45 ਵਜੇ ਵਾਲਮੀਕੀ ਮੁਹੱਲੇ 'ਚ ਇਕ ਵਿਆਹ ਸਮਾਗਮ ਦੀ ਪਾਰਕਿੰਗ 'ਚ ਖੜ੍ਹੇ 5 ਨੌਜਵਾਨਾਂ 'ਤੇ ਬਾਈਕ ਸਵਾਰ ਤਿੰਨ ਹਮਲਾਵਰਾਂ ਨੇ ਗੋਲੀਆਂ ਚਲਾ ਦਿਤੀਆਂ। ਗੋਲੀਆਂ ਚੱਲਣ ਦੀ ਅਵਾਜ਼ ਸੁਣ ਕੇ ਉੱਥੇ ਦਹਿਸ਼ਤ ਫੈਲ ਗਈ। ਨੌਜਵਾਨਾਂ ਨੇ ਕਿਸੇ ਤਰ੍ਹਾਂ ਭੱਜ ਕੇ ਅਪਣੀ ਜਾਨ ਬਚਾਈ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। ਹਮਲੇ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਬਾਈਕ 'ਤੇ ਸਵਾਰ ਤਿੰਨ ਹਮਲਾਵਰਾਂ ਨੇ ਦੋ ਰਾਉਂਡ ਫਾਇਰ ਕੀਤੇ ਅਤੇ ਫ਼ਰਾਰ ਹੋ ਗਏ। ਕਿਹਾ ਜਾ ਰਿਹਾ ਹੈ ਕਿ ਗੋਲੀਬਾਰੀ ਅਪਸੀ ਰੰਜਿਸ਼ ਕਾਰਨ ਕੀਤੀ ਗਈ ਹੈ। ਇਸ ਦੌਰਾਨ ਅਭੀ ਪਾਹਵਾ, ਮਨਦੀਪ ਉਰਫ਼ ਭਾਲੂ, ਸੋਹਨ, ਸਾਹਿਲ ਅਤੇ ਅੰਕੁਸ਼ ਵਾਲ-ਵਾਲ ਬਚ ਗਏ।
ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਬੈਨੀਪਾਲ ਨਾਂਅ ਦਾ ਵਿਅਕਤੀ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਧਮਕੀਆਂ ਦੇ ਰਿਹਾ ਸੀ। ਥਾਣਾ ਇੰਚਾਰਜ ਡੇਰਾਬੱਸੀ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।