ਖੇਤੀ ਕਾਨੂੰਨਾਂ ਖਿਲਾਫ ਜੇਲ੍ਹ ਭਰੋ ਅੰਦੋਲਨ ਦੀ ਤਿਆਰੀ, ਆਂਗਨਵਾੜੀ ਬੀਬੀਆਂ ਨੇ ਵਜਾਇਆ ਬਿਗੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਿ੍ਫਤਾਰੀ ਦੇਣ ਲਈ ਪੈਦਲ ਚੱਲ ਕੇ ਥਾਣੇ ਪਹੁੰਚੇ ਯੂਨੀਅਨ ਆਗੂ

Anganwadi Workers

ਚੰਡੀਗੜ੍ਹ : ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਦੀ ਸਰਕਾਰ ਨਾਲ ਮੀਟਿੰਗ ਦੌਰਾਨ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਪੇਚ ਫੱਸ ਜਾਣ ਦਰਮਿਆਨ ਕਿਸਾਨੀ ਸੰਘਰਸ਼ ਦੇ ਹੋਰ ਭਖਣ ਦੀਆਂ ਕਿਆਸ-ਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਕਿਸਾਨ ਆਗੂਆਂ ਦੇ ਨਾਅਰੇ ‘ਜਾਂ ਜਿੱਤਾਗੇ, ਜਾਂ ਮਰਾਂਗੇ’ ਤੋਂ ਬਾਅਦ ਸੰਘਰਸ਼ ਦੇ ਸਿਖਰਾਂ ਛੂਹਣ ਦੇ ਆਸਾਰ ਹਨ। ਇਸ ਦੀ ਸ਼ੁਰੂਆਤ ਭਾਵੇਂ ਬੀਤੇ ਕੱਲ੍ਹ ਦੀ ਵਿਸ਼ਾਲ ਟਰੈਕਟਰ ਰੈਲੀ ਤੋਂ ਹੋ ਗਈ ਹੈ, ਪਰ ਹੁਣ ਕੇਂਦਰ ਸਰਕਾਰ ਅਧੀਨ ਆਉਂਦੇ ਮੁਲਾਜ਼ਮ ਅਤੇ ਹੋਰ ਜਥੇਬੰਦੀਆਂ ਵੀ ਕਿਸਾਨੀ ਸੰਘਰਸ਼ ਵਿਚ ਕੁਦ ਪਈਆਂ ਹਨ।

ਇਸੇ ਤਹਿਤ ਪੰਜਾਬ ਦੇ ਜ਼ਿਲ੍ਹਾਂ ਫਤਹਿਗੜ੍ਹ ਵਿਖੇ ਸਾਹਮਣੇ ਆਇਆ ਹੈ, ਜਿੱਥੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ‘ਜੇਲ੍ਹ ਭਰੋ ਅੰਦੋਲਨ’ ਦਾ ਬਿਗੁਲ ਵਜਾ ਦਿਤਾ ਹੈ। ਆਂਗਨਵਾੜੀ ਮੁਲਾਜ਼ਮਾਂ ਨੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਡੀ. ਸੀ. ਕੰਪਲੈਕਸ ਦੇ ਸਾਹਮਣੇ ਕੇਂਦਰ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਦੌਰਾਨ ਆਂਗਨਵਾੜੀ ਬੀਬੀਆਂ ਨੇ 'ਜੇਲ੍ਹ ਭਰੋ ਅੰਦੋਲਨ' ਤਹਿਤ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਮੌਕੇ ਆਂਗਨਵਾੜੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਪ੍ਰਦਰਸ਼ਨ ਕਿਸਾਨਾਂ ਦੇ ਹੱਕ 'ਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਗੂੰਗੀਆਂ-ਬੋਲੀਆਂ ਸਰਕਾਰਾਂ ਦੇ ਕੰਨ ਖੋਲ੍ਹਣ ਲਈ ਅੱਜ ਸਾਡੀ ਆਂਗਨਵਾੜੀ ਯੂਨੀਅਨ ਦੀਆਂ ਬੀਬੀਆਂ ਵਲੋਂ 'ਜੇਲ੍ਹ ਭਰੋ ਅੰਦੋਲਨ' ਲਈ ਤਿਆਰੀ ਕੀਤੀ ਗਈ ਸੀ।

ਇਸ ਦੇ ਤਹਿਤ ਅੱਜ ਸੈਂਕੜੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਵਰਕਰਾਂ ਨੇ ਖੁਦ ਨੂੰ ਗਿ੍ਫਤਾਰੀ ਲਈ ਪੇਸ਼ ਕੀਤਾ ਗਿਆ ਪਰ ਪ੍ਰਸ਼ਾਸਨ ਵਲੋਂ ਸਿਰਫ 2 ਹੀ ਬੱਸਾਂ ਲਿਆ ਕੇ ਯੂਨੀਅਨ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਰੋਸ ਵਜੋਂ ਯੂਨੀਅਨ ਦੇ ਬਾਕੀ ਆਗੂ ਪੈਦਲ ਚੱਲ ਕੇ ਆਪਣੀ ਗ੍ਰਿਫ਼ਤਾਰੀ ਦੇਣ ਲਈ ਥਾਣਾ ਫਤਿਹਗੜ੍ਹ ਸਾਹਿਬ ਵੱਲ ਰਵਾਨਾ ਹੋਏ ਸਨ, ਜਿਨ੍ਹਾਂ ਨੂੰ ਰਾਹ 'ਚ ਹੀ ਪ੍ਰਸ਼ਾਸਨ ਵੱਲੋਂ ਬੱਸਾਂ 'ਚ ਬਿਠਾ ਕੇ ਲਿਜਾਇਆ ਗਿਆ।