ਸ਼ਰਾਬ ਪੀਣ ਤੋਂ ਰੋਕਣਾ ਢਾਬਾ ਮਾਲਿਕ ਨੂੰ ਪਿਆ ਮਹਿੰਗਾ, ਕੀਤੀ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵਲੋਂ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ 'ਚ ਫ਼ੇਜ਼-5 ਦੇ ਦੁਕਾਨਦਾਰਾਂ ਨੇ ਧਰਨਾ ਲਗਾਇਆ

Pic-1

ਮੋਹਾਲੀ : ਮੋਹਾਲੀ ਦੇ ਫ਼ੇਜ਼-5 ਦੀ ਬੂਥ ਮਾਰਕੀਟ 'ਚ ਸਥਿਤ ਇਕ ਫ਼ਾਸਟ ਫ਼ੂਡ ਦੀ ਦੁਕਾਨ ਦੇ ਮਾਲਕ ਦੀ ਇਕ ਸਥਾਨਕ ਕਾਂਗਰਸੀ ਆਗੂ ਤੇ ਉਸ ਦੇ ਸਾਥੀਆਂ ਵਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨ ਮਾਲਕ ਮੁਤਾਬਕ ਉਸ ਨੇ ਕਾਂਘਰਸੀ ਆਗੂ ਨੂੰ ਦੁਕਾਨ ਅੰਦਰ ਸ਼ਰਾਬ ਪੀਣ ਤੋਂ ਰੋਕਿਆ ਸੀ। ਕਾਂਗਰਸੀ ਆਗੂ ਨੇ ਢਾਬਾ ਮਾਲਕ ਦਲੀਪ ਸਿੰਘ ਨੂੰ ਆਪਣਾ ਵਿਜ਼ਟਿੰਗ ਕਾਡਰ ਵਿਖਾਇਆ ਅਤੇ ਆਖ ਦਿੱਤਾ, "ਕਾਕਾ ਸਰਕਾਰ ਸਾਡੀ ਹੈ, ਮੰਤਰੀ ਵੀ ਸਾਡਾ, ਸ਼ਰਾਬ ਤਾਂ ਇਥੇ ਹੀ ਪੀਣੀ ਹੈ।" ਇਸ ਤੋਂ ਬਾਅਦ ਵੀ ਰੋਕਣ ਉਤੇ ਕਾਂਗਰਸੀ ਆਗੂ ਅਤੇ ਉਸ ਨਾਲ ਆਏ ਤਿੰਨ ਸਾਥੀਆਂ ਨੇ ਢਾਬਾ ਮਾਲਕਾ ਦੀ ਕੁੱਟਮਾਰ ਕਰ ਦਿੱਤੀ।

ਇਸ ਸਬੰਧੀ ਪੁਲਿਸ ਵਲੋਂ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ 'ਚ ਫ਼ੇਜ਼-5 ਦੀ ਫ਼ੂਡ ਮਾਰਕੀਟ ਦੇ ਦੁਕਾਨਦਾਰ ਅੱਜ ਵਪਾਰ ਮੰਡਲ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਦੀ ਅਗਵਾਈ 'ਚ ਇਕੱਠੇ ਹੋ ਗਏ।  ਪਾਰਸ ਵਲੋਂ ਇਸ ਸਬੰਧੀ ਥਾਣਾ ਫੇਜ਼-1 ਦੇ ਐਸ.ਐਚ.ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਅੱਗੋਂ ਕਥਿਤ ਤੌਰ 'ਤੇ ਕਹਿ ਦਿਤਾ ਕਿ ਇਸ ਮਾਮਲੇ ਵਿਚ ਦੋਵਾਂ ਧਿਰਾਂ ਵਿਚ ਸਮਝੌਤਾ ਹੋ ਗਿਆ ਹੈ। ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਐਸ.ਐਚ.ਓ. ਨੂੰ ਦਸਿਆ ਕਿ ਪੀੜਿਤ ਦੁਕਾਨਦਾਰ ਉਨ੍ਹਾਂ ਦੇ ਨਾਲ ਬੈਠਾ ਹੈ ਅਤੇ ਕਿਤੇ ਵੀ ਕੋਈ ਸਮਝੌਤਾ ਨਹੀਂ ਹੋਇਆ ਹੈ।

ਪੁਲਿਸ ਦੇ ਲਾਰਿਆਂ ਕਾਰਨ ਰੋਹ 'ਚ ਆਏ ਦੁਕਾਨਦਾਰਾਂ ਨੇ ਮੁੱਖ ਸੜਕ 'ਤੇ ਜਾਮ ਲਗਾਉਣ ਦਾ ਫ਼ੈਸਲਾ ਕਰ ਲਿਆ।  ਜਦੋਂ ਦੁਕਾਨਦਾਰਾਂ ਨੇ ਜਾਮ ਲਗਾਇਆ ਤਾਂ ਪੁਲਿਸ ਵੀ ਹਰਕਤ ਵਿੱਚ ਆ ਗਈ ਅਤੇ ਐਸ.ਐਚ.ਓ. ਫ਼ੇਜ਼-1 ਵੀ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਜਾਮ ਚੁੱਕਣ ਦੀ ਅਪੀਲ ਕਰਨ ਲੱਗ ਪਏ ਪਰ ਉਨ੍ਹਾਂ ਮੰਗ ਸੀ ਕੀਤੀ ਕਿ ਪਹਿਲਾਂ ਪੁਲਿਸ ਪੀੜਿਤ ਦੁਕਾਨਦਾਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰੇ । ਐਸਐਚਓ ਵਲੋਂ ਧਰਨਾਕਾਰੀਆਂ ਦੀ ਏ.ਐਸ.ਪੀ. ਅਸ਼ਮਿਤਾ ਨਾਲ ਗੱਲ ਕਰਵਾਈ ਜਿਨ੍ਹਾਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਵਲੋਂ ਇਸ ਮਾਮਲੇ ਵਿੱਚ ਤੁਰੰਤ ਐਫ.ਆਈ.ਆਰ. ਦਰਜ ਕੀਤੀ ਜਾਵੇਗੀ ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ।

ਬਾਅਦ ਵਿੱਚ ਪੁਲਿਸ ਨੇ ਇਸ ਮਾਮਲੇ ਵਿੱਚ ਕਾਂਗਰਸੀ ਆਗੂ ਅਤੇ ਉਸਦੇ ਸਾਥੀਆਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ।  ਥਾਣਾ ਫ਼ੇਜ਼-1 ਦੇ ਐਸ.ਐਚ.ਓ. ਸੁਲੇਖ ਚੰਦ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿੱਚ ਆਈ.ਪੀ.ਸੀ. ਦੀ ਧਾਰਾ 323, 341, 506,148, 149 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।