ਨਸ਼ੇ ਛੱਡ ਕੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਦੇ ਨੌਜਵਾਨ ਦੀ ਜ਼ਿੰਦਗੀ ਬਦਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

''ਮਜ਼ਬੂਤ ਇੱਛਾ ਸ਼ਕਤੀ ਨਾਲ ਨਸ਼ਿਆਂ ਤੋਂ ਪਾਇਆ ਜਾ ਸਕਦਾ ਹੈ ਛੁਟਕਾਰਾ''

Leaving drugs and studying engineering, the life of a boy changed

ਪਟਿਆਲਾ(ਦਲਜਿੰਦਰ ਸਿੰਘ ਪੱਪੀ) : ਮਾੜੀ ਸੰਗਤ ਕਰ ਕੇ ਚਿੱਟੇ ਦੀ ਲਤ ਦੇ ਸ਼ਿਕਾਰ ਹੋਏ ਇੰਜੀਨੀਅਰਿੰਗ ਦੀ ਪੜ੍ਹਾਈ ਕਰਦੇ ਨੌਜਵਾਨ ਦੀ ਜ਼ਿੰਦਗੀ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁਧ ਮੁਹਿੰਮ ਨੇ ਬਦਲ ਦਿਤੀ ਹੈ। ਨਸ਼ਿਆਂ ਤੋਂ ਛੁਟਕਾਰਾ ਪਾ ਕੇ ਆਪਣੇ ਪਿਤਾ ਨਾਲ ਮਸ਼ਰੂਮ ਦੇ ਫ਼ਾਰਮ 'ਤੇ ਕੰਮ 'ਚ ਹੱਥ ਵਟਾ ਰਹੇ ਪਟਿਆਲਾ ਦੇ ਇਕ 22 ਸਾਲਾਂ ਦੇ ਨੌਜਵਾਨ ਨੇ ਕਮਜ਼ੋਰ ਹੋਏ ਸਰੀਰ ਦੀ ਸੰਭਾਲ ਕਰ ਕੇ ਹੁਣ ਪਹਿਲਵਾਨੀ ਕਰਨੀ ਸ਼ੁਰੂ ਕਰ ਦਿਤੀ ਹੈ।

ਨਸ਼ਿਆਂ ਤੋਂ ਖਹਿੜਾ ਛੁਡਾ ਕੇ ਇਹੋ ਨੌਜਵਾਨ ਹੁਣ ਨਸ਼ਿਆਂ ਵਿਰੁਧ ਸਾਥੀ ਵਿਦਿਆਰਥੀ ਨੌਜਵਾਨਾਂ ਨੂੰ ਵੀ ਜਾਗਰੂਕ ਕਰਨ ਲੱਗਾ ਹੈ। ''ਨਸ਼ਿਆਂ ਨੇ ਮੇਰੀ ਜਿੰਦਗੀ ਨਰਕ ਬਣਾ ਦਿਤੀ ਸੀ, ਪਰੰਤੂ ਸਾਕੇਤ ਨਸ਼ਾ ਮੁਕਤੀ ਕੇਂਦਰ ਪਟਿਆਲਾ ਤੋਂ ਕਰਵਾਏ ਇਲਾਜ ਨਾਲ ਮੈਂ ਹੁਣ ਮੁੜ ਤੋਂ ਤੰਦਰੁਸਤ ਹੋ ਗਿਆ ਹਾਂ ਅਤੇ ਮੁੜ ਨਵੀਂ ਜ਼ਿੰਦਗੀ ਜਿਊਂ ਰਿਹਾ ਹਾਂ।'' ਇਹ ਪ੍ਰਗਟਾਵਾ ਪੰਜਾਬ ਸਰਕਾਰ ਦੀ ਨਸ਼ਿਆਂ ਛੇੜੀ ਮੁਹਿੰਮ ਅਧੀਨ ਨਸ਼ਾ ਮੁਕਤ ਹੋਏ ਇਕ ਉਸ ਨੌਜਵਾਨ ਨੇ ਕੀਤਾ ਹੈ,..

..ਜਿਹੜਾ ਕਿ ਮਾੜੀ ਸੰਗਤ ਕਰ ਕੇ ਚਿੱਟੇ ਸਮੇਤ ਸੁਲਫ਼ੇ ਅਤੇ ਹੋਰ ਕਈ ਨਸ਼ਿਆਂ ਦੀ ਲਤ ਲਗਾ ਬੈਠਾ ਸੀ ਪਰੰਤੂ ਪਟਿਆਲਾ ਸਥਿਤ ਇੰਡੀਅਨ ਰੈਡ ਕਰਾਸ ਸੁਸਾਇਟੀ ਦੇ ਨਸ਼ਾ ਮੁਕਤੀ ਤੇ ਜ਼ਿਲ੍ਹਾ ਪੁਨਰਵਾਸ ਕੇਂਦਰ, ਸਾਕੇਤ ਹਸਪਤਾਲ 'ਚੋਂ ਇਲਾਜ ਕਰਵਾ ਕੇ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਚੁੱਕਾ ਹੈ। ਆਪਣਾ ਨਾਮ ਪਤਾ ਗੁਪਤ ਰੱਖਦਿਆਂ ਇਸ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਦੇਰ ਹੋ ਚੁੱਕੀ ਸੀ।

 ਪਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੀ ਨਸ਼ਿਆਂ ਵਿਰੋਧੀ ਜੰਗ ਤਹਿਤ ਉਹ ਆਪਣੇ ਪੁੱਤਰ ਨੂੰ ਨਸ਼ਾ ਮੁਕਤੀ ਲਈ ਸਾਕੇਤ ਹਸਪਤਾਲ ਲੈ ਕੇ ਗਏ, ਜਿਥੋਂ ਕਰਵਾਏ ਇਲਾਜ ਦਾ ਕੁਝ ਦਿਨਾਂ 'ਚ ਹੀ ਅਸਰ ਸਾਹਮਣੇ ਆਇਆ ਤੇ ਉਨ੍ਹਾਂ ਦਾ ਪੁੱਤਰ ਅੱਜ ਹੋਰਨਾਂ ਨੂੰ ਨਸ਼ਿਆਂ ਨੂੰ ਛੱਡਣ ਲਈ ਆਖ ਰਿਹਾ ਹੈ।
ਨੌਜਵਾਨ ਨੇ ਦੱਸਿਆ ਕਿ 'ਨਸ਼ਾ ਕੋਈ ਵੀ ਚੰਗਾ ਨਹੀਂ ਪਰ ਕੈਮੀਕਲ ਨਸ਼ੇ, ਚਿੱਟਾ, ਸਰੀਰ 'ਚ ਜਾਨ ਨਹੀਂ ਛੱਡਦੇ ਇਸ ਲਈ ਇਨ੍ਹਾਂ ਨੂੰ ਛੱਡਣ 'ਚ ਹੀ ਭਲਾ ਹੈ ਤੇ..

..ਜਿਵੇਂ ਨਸ਼ਿਆਂ ਨੂੰ ਨਾਂਹ ਕਹਿਣ 'ਚ ਉਸ ਨੇ ਕਾਮਯਾਬੀ ਹਾਸਲ ਕੀਤੀ ਹੈ, ਉਸ ਤਰ੍ਹਾਂ ਹੋਰ ਵੀ ਇਨ੍ਹਾਂ ਤੋਂ ਛੁਟਕਾਰਾ ਪਾ ਸਕਦੇ ਹਨ ਪਰ ਲੋੜ ਹੈ ਮਜ਼ਬੂਤ ਇੱਛਾ ਸ਼ਕਤੀ ਦੀ।' ਇਸੇ ਦੌਰਾਨ ਡੀਸੀ ਪਟਿਆਲਾ ਕੁਮਾਰ ਅਮਿਤ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦਾ ਨਸ਼ਿਆਂ ਵਿਰੋਧੀ ਜੰਗ ਵਿਚ ਸਾਥ ਦਿੰਦੇ ਹੋਏ ਨਸ਼ੇ 'ਤੇ ਲੱਗ ਚੁੱਕੇ ਵਿਅਕਤੀਆਂ ਦੇ ਮੁਫ਼ਤ ਇਲਾਜ ਲਈ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਅਤੇ ਓਟ ਕਲਿਨਿਕ (ਓ.ਓ.ਏ.ਟੀ.) ਦਾ ਲਾਭ ਉਠਾਉਣ।