ਸਿੱਧੂ ਮੂਸੇਵਾਲਾ ਘਟਨਾ ਤੋਂ ਪਹਿਲਾਂ ਪੁਲਿਸ ਨੇ ਗੋਲਡੀ ਬਰਾੜ ਵਿਰੁੱਧ ਰੈੱਡ ਕਾਰਨਰ ਨੋਟਿਸ ਦੀ ਕੀਤੀ ਸੀ ਮੰਗ
ਜੇਕਰ CBI ਨੇ ਇੰਟਰਪੋਲ ਨਾਲ ਤਾਲਮੇਲ ਕੀਤਾ ਹੁੰਦਾ ਤਾਂ ਰੋਕੀ ਜਾ ਸਕਦੀ ਸੀ ਘਟਨਾ
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਦਰਅਸਲ ਸਿੱਧੂ ਮੂਸੇਵਾਲਾ ਦੇ ਕਤਲ ਤੋਂ 10 ਦਿਨ ਪਹਿਲਾਂ ਹੀ ਪੰਜਾਬ ਪੁਲਿਸ ਨੇ ਗੋਲਡੀ ਬਰਾੜ ਨੂੰ ਫੜਨ ਲਈ ਸੀਬੀਆਈ ਨੂੰ ਅਪੀਲ ਕੀਤੀ ਸੀ। ਪੰਜਾਬ ਪੁਲਿਸ ਨੇ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਸੀਬੀਆਈ ਨੂੰ ਤਜਵੀਜ਼ ਭੇਜੀ ਸੀ। ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦਸ ਦਿਨ ਪਹਿਲਾਂ 19 ਮਈ 2022 ਨੂੰ ਗੋਲਡੀ ਬਰਾੜ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਸੀਬੀਆਈ ਨੂੰ ਤਜਵੀਜ਼ ਭੇਜੀ ਸੀ।
CBI
ਜੇਕਰ ਇੰਟਰਪੋਲ ਨਾਲ ਤਾਲਮੇਲ ਲਈ ਸੀਬੀਆਈ ਨੇ ਬੇਨਤੀ 'ਤੇ ਤੇਜ਼ੀ ਨਾਲ ਕਾਰਵਾਈ ਕੀਤੀ ਹੁੰਦੀ ਤਾਂ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੀ ਤਰਫੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ। ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ 2017 ਵਿਚ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਗਿਆ ਸੀ ਅਤੇ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਮੈਂਬਰ ਹੈ।
Goldy Brar
ਇਹ ਤਜਵੀਜ਼ ਐਫਆਈਆਰ ਨੰਬਰ 409 ਸਣੇ ਦੋ ਕੇਸਾਂ ਵਿਚ ਭੇਜੀ ਗਈ ਸੀ। ਐਫਆਈਆਰ ਨੰਬਰ 409 ਮਿਤੀ 12.11.2020 ਨੂੰ ਦਰਜ ਕੀਤੀ ਗਈ ਸੀ। ਇਸ ਵਿਚ ਥਾਣਾ ਸਿਟੀ ਫਰੀਦਕੋਟ ਵਿਚ 307/427/148/149/120-ਬੀਆਈਪੀਸੀ, 25/27/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਹੈ। ਦੂਜੀ ਐਫਆਈਆਰ ਨੰਬਰ 44 ਥਾਣਾ ਸਿਟੀ ਫਰੀਦਕੋਟ ਵਿਚ ਮਿਤੀ 18.02.2021 ਨੂੰ ਦਰਜ ਕੀਤੀ ਗਈ ਸੀ। ਇਸ ਤਹਿਤ 302/120-ਬੀ/34 ਆਈਪੀਸੀ, 25/54/59 ਅਸਲਾ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।