ਇਮੀਗ੍ਰੇਸ਼ਨ ਸੈਂਟਰ ਦਾ ਮਾਲਕ ਵਿਦੇਸ਼ ਭੇਜਣ ਦੇ ਨਾਂ ’ਤੇ ਕਰੋੜ ਦੀ ਠੱਗੀ ਮਾਰ ਕੇ ਹੋਇਆ ਫਰਾਰ, ਮਾਮਲਾ ਦਰਜ
ਉਸਦੀ ਸੱਸ ਅਤੇ ਸਾਲੀ ਦੀ ਵੀ ਸ਼ਮੂਅੀਲਤ ਸਾਹਮਣੇ ਆਈ ਹੈ ਜਿਨ੍ਹਾਂ ’ਚੋਂ ਦੋਸ਼ੀ ਦੀ ਸਾਲ਼ੀ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ
ਫ਼ਰੀਦਕੋਟ : ਕੁੱਝ ਦਿਨ ਪਹਿਲਾਂ ਰੋਜ਼ਾਨਾ ਸਪੋਕਸਮੈਨ ਚੈਨਲ ਵਲੋਂ ਇੱਕ ਖ਼ਬਰ ਨਸ਼ਰ ਕੀਤੀ ਗਈ ਸੀ ਜਿਸ ਰਾਹੀਂ ਉਨ੍ਹਾਂ ਲੋਕਾਂ ਦੀ ਦਾਸਤਾਨ ਪੇਸ਼ ਕੀਤੀ ਗਈ ਸੀ ਜਿਹੜੇ ਫਰੀਦਕੋਟ ਦੇ ਇੱਕ ਇਮੀਗ੍ਰੇਸ਼ਨ ਸੈ਼ਂਟਰ ਮਾਲਕ ਦੀ ਠੱਗੀ ਦਾ ਸ਼ਿਕਾਰ ਹੋਏ ਸਨ।
ਜਿਸ ਵਲੋਂ ਵਿਦੇਸ਼ ਭੇਜਣ ਦੇ ਨਾਮ ’ਤੇ ਕਰੋੜਾਂ ਰੁਪਏ ਲੋਕਾਂ ਤੋਂ ਠੱਗ ਆਪਣਾ ਸੇਂਟਰ ਬੰਦ ਕਰ ਵਿਦੇਸ਼ ਭੱਜ ਗਿਆ ਸੀ।ਹੁਣ ਇਸ ਮਾਮਲੇ ’ਚ ਪੁਲਿਸ ਵਲੋਂ ਲੋਕਾਂ ਦੀਆਂ ਮਿਲੀਆ ਸ਼ਿਕਾਇਤਾਂ ਤੋਂ ਬਾਅਦ ਉਕਤ ਏਜੇਂਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਦੌਰਾਨ ਉਸ ਦੀ ਸਾਲੀ ਅਤੇ ਸੱਸ ਦੀ ਭੂਮਿਕਾ ਵੀ ਸਾਹਮਣੇ ਆਉਣ ’ਤੇ ਉਨ੍ਹਾਂ ਨੂੰ ਵੀ ਇਸ ਮਾਮਲੇ ’ਚ ਸ਼ਾਮਿਲ ਕੀਤਾ ਗਿਆ ਹੈ। ਪੁਲਿਸ ਨੇ ਉਹਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੂਜੇ ਪਾਸੇ ਇਮੀਗ੍ਰੇਸ਼ਨ ਸੈਂਟਰ ਮਾਲਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇੱਕ ਵੀਡੀਓ ਪਾ ਕੇ ਵਿਦੇਸ਼ ਭੱਜਣ ਦੀ ਵਜ੍ਹਾ ਦੱਸੀ।
ਇਮੀਗ੍ਰੇਸ਼ਨ ਮਾਲਕ ਵਲੋਂ ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਲਾਕੇ ਦੇ ਕੁਝ ਨਾਮਵਰ ਲੋਕਾਂ ਵਲੋਂ ਉਸ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਕਰ ਕੇ ਉਸ ਨੂੰ ਇਹ ਕਦਮ ਚੁੱਕਣਾ ਪਿਆ ਪ੍ਰੰਤੂ ਦੂਜੇ ਪਾਸੇ ਇਸ ਮਾਮਲੇ ਵਿਚ ਡੀ.ਐੱਸ.ਪੀ. ਰਮਨਪ੍ਰੀਤ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਮਿਲੀਆ ਸ਼ਿਕਾਇਤਾਂ ਤੋਂ ਬਾਅਦ ਦੀਪਕ ਸ਼ਰਮਾ ਜਿਸ’ਤੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਕਰੋੜਾਂ ਦੀ ਠੱਗੀ ਮਾਰਣ ਦਾ ਦੋਸ਼ ਹੈ ਅਤੇ ਇਸ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਵਿਚ ਉਸਦੀ ਸੱਸ ਅਤੇ ਸਾਲੀ ਦੀ ਵੀ ਸ਼ਮੂਅੀਲਤ ਸਾਹਮਣੇ ਆਈ ਹੈ ਜਿਨ੍ਹਾਂ ’ਚੋਂ ਦੋਸ਼ੀ ਦੀ ਸਾਲ਼ੀ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਦੋਸ਼ੀ ਖਿਲਾਫ਼ ਲੁੱਕ-ਆਊਟ ਨੋਟਿਸ ਵੀ ਜਾਰੀ ਕਰ ਦਿਤਾ ਗਿਆ ਹੈ।