ਸਿਖਿਆ ਮੰਤਰੀ ਓ. ਪੀ. ਸੋਨੀ ਤੇ ਕੌਂਸਲਰ ਵਿਕਾਸ ਸੋਨੀ ਨੇ ਕਰਵਾਇਆ ਡੋਪ ਟੈਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਉਣ ਦੇ ਐਲਾਨ ਨਾਲ ਸਹਿਮਤ ਹੁੰਦੇ..........

OP Soni and Vikas Soni With Health Officials

ਅੰਮ੍ਰਿਤਸਰ  : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਉਣ ਦੇ ਐਲਾਨ ਨਾਲ ਸਹਿਮਤ ਹੁੰਦੇ ਸਿਖਿਆ, ਵਾਤਾਵਰਣ ਤੇ ਅਜ਼ਾਦੀ ਘੁਲਾਟੀਏ ਮੰਤਰੀ ਓ. ਪੀ. ਸੋਨੀ ਨੇ ਅਪਣੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਕਹਿਣ ਤੋਂ ਪਹਿਲਾਂ ਅੱਜ ਖ਼ੁਦ ਸਿਵਲ ਹਸਪਤਾਲ ਪਹੁੰਚ ਕੇ ਅਪਣਾ ਡੋਪ ਟੈਸਟ ਕਰਵਾਇਆ। ਇਸ ਮੌਕੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਕੌਂਸਲਰ ਵਿਕਾਸ ਸੋਨੀ ਨੇ ਵੀ ਡੋਪ ਟੈਸਟ ਕਰਵਾਇਆ। ਦੋਵਾਂ ਟੈਸਟਾਂ ਦੀ ਰੀਪੋਰਟ ਟੈਸਟ ਕਰਨ ਮਗਰੋਂ ਸਿਹਤ ਅਮਲੇ ਨੇ ਦੇ ਦਿਤੀ, ਜੋ ਕਿ ਨੈਗੇਟਿਵ ਆਈ। 

ਸੋਨੀ ਨੇ ਇਸ ਮੌਕੇ ਮੀਡੀਆ ਗੱਲਬਾਤ ਕਰਦੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਇਹ ਮੁਹਿੰਮ ਸ਼ਲਾਘਾਯੋਗ ਹੈ ਕਿ ਕਿਉਂਕਿ ਕੋਈ ਵੀ ਵਿਅਕਤੀ ਜੋ ਆਪ ਨਸ਼ੇ ਕਰਦਾ ਹੋਵੇ, ਉਹ ਕਿਸੇ ਨੂੰ ਨਸ਼ੇ ਨਾ ਕਰਨ ਦੀ ਸਲਾਹ ਕਿਸ ਮੂੰਹ ਨਾਲ ਦੇਵੇਗਾ ਅਤੇ ਉਹ ਸਰਕਾਰੀ ਅਹੁਦੇ 'ਤੇ ਬੈਠਾ ਹੋਇਆ ਨਸ਼ੇ ਦੀ ਹਾਲਤ ਵਿਚ ਕੀ ਕੰਮ ਕਰੇਗਾ? ਮੁੱਖ ਮੰਤਰੀ  ਨੇ ਇਸ ਬਾਰੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿਤੇ ਹਨ ਅਤੇ ਉਹ ਸਾਰੇ ਪਹਿਲੂਆਂ ਨੂੰ ਵਿਚਾਰਦੇ ਹੋਏ ਇਸ ਬਾਰੇ ਨੋਟੀਫ਼ੀਕੇਸ਼ਨ ਜਾਰੀ ਕਰਨਗੇ, ਉਸ ਮਗਰੋਂ ਹੀ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਇਆ ਜਾ ਸਕੇਗਾ।